ਗਾਜ਼ਾ ਜੰਗ ਵਿੱਚ ਇਜ਼ਰਾਈਲ ਦੇ ਹਰਬੇ
ਮਨੋਜ ਜੋਸ਼ੀ*
ਵਰਲਡ ਸੈਂਟਰਲ ਕਿਚਨ (ਡਬਲਯੂਸੀਕੇ) ਦੇ ਬਾਨੀ ਓਜ਼ੇ ਐਂਡਰੀਸ ਨੇ ਦੋਸ਼ ਲਾਇਆ ਹੈ ਕਿ ਇਜ਼ਰਾਇਲੀ ਫ਼ੌਜ (ਆਈਡੀਐਫ) ਨੇ ਲੰਘੇ ਸੋਮਵਾਰ ਉਨ੍ਹਾਂ ਦੇ ਕਰਮੀਆਂ ਦੇ ਤਿੰਨ ਕਾਰ ਕਾਫ਼ਲਿਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਿਸ ਵਿੱਚ ਸੱਤ ਸਵੈ-ਸੇਵੀ ਮਾਰੇ ਗਏ ਹਨ। ਉਨ੍ਹਾਂ ਧਿਆਨ ਦਿਵਾਇਆ ਕਿ ਇਨ੍ਹਾਂ ਤਿੰਨਾਂ ਗੱਡੀਆਂ ਉਪਰ ਸਾਫ਼ ਤੌਰ ’ਤੇ ਡਬਲਯੂਸੀਕੇ ਦੇ ਚਿੰਨ੍ਹ ਬਣੇ ਹੋਏ ਸਨ ਅਤੇ ਇਜ਼ਰਾਇਲੀ ਫ਼ੌਜ ਨੂੰ ਉਨ੍ਹਾਂ ਦੇ ਪ੍ਰੋਗਰਾਮ, ਰੂਟ ਅਤੇ ਮਾਨਵੀ ਰਾਹਤ ਦੇ ਮਿਸ਼ਨ ਬਾਰੇ ਬਾਖ਼ੂਬੀ ਪਤਾ ਸੀ। ਡਬਲਯੂਸੀਕੇ ਇਜ਼ਰਾਇਲੀ ਫ਼ੌਜ ਦੀ ਬੰਬਾਰੀ ਨਾਲ ਪੂਰੀ ਤਰ੍ਹਾਂ ਤਬਾਹ ਹੋਈ ਗਾਜ਼ਾ ਪੱਟੀ ਵਿੱਚ ਲੋਕਾਂ ਨੂੰ ਖਾਧ ਖੁਰਾਕ ਪਹੁੰਚਾ ਰਹੀਆਂ ਮੋਹਰੀ ਸੰਸਥਾਵਾਂ ਵਿੱਚ ਸ਼ਾਮਲ ਹੈ। ਇਸ ਘਟਨਾ ਨੂੰ ਲੈ ਕੇ ਦੁਨੀਆ ਭਰ ਵਿੱਚ ਗੁੱਸਾ ਪੈਦਾ ਹੋ ਗਿਆ ਜਿਸ ਕਰ ਕੇ ਇਜ਼ਰਾਇਲੀਆਂ ਨੇ ਤੱਟਫ਼ੱਟ ਅੰਦਰੂਨੀ ਜਾਂਚ ਪੂਰੀ ਕਰਵਾ ਕੇ ਇਹ ਕਬੂਲ ਕਰ ਲਿਆ ਹੈ ਕਿ ਇਹ ਹਮਲਾ ਆਈਡੀਐਫ ਦੇ ਨੇਮਾਂ ਅਤੇ ਤੌਰ ਤਰੀਕਿਆਂ ਦੀ ਗੰਭੀਰ ਖਿਲਾਫ਼ਵਰਜ਼ੀ ਹੈ। ਇਜ਼ਰਾਈਲ ਨੇ ਇਹ ਵੀ ਦੱਸਿਆ ਕਿ ਦੋ ਸੀਨੀਅਰ ਅਫਸਰਾਂ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ ਅਤੇ ਤਿੰਨ ਹੋਰਨਾਂ ਨੂੰ ਤਾੜਨਾ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਇਜ਼ਰਾਇਲੀ ਫ਼ੌਜ ਦੇ ਮੁਖੀ ਲੈਫਟੀਨੈਂਟ ਜਨਰਲ ਹਰਜ਼ੀ ਹਾਲੇਵੀ ਨੇ ਹਮਲੇ ਲਈ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਇਹ ਗ਼ਲਤ ਪਛਾਣ ਦੀ ਇੱਕ ਅਜਿਹੀ ਉਕਾਈ ਸੀ ਜੋ ਹੋਣੀ ਨਹੀਂ ਚਾਹੀਦੀ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਜ਼ਰਾਇਲ ਨੂੰ ਇਹ ਗੱਲ ਉਦੋਂ ਪਤਾ ਲੱਗੀ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣਾ ਰੁਖ਼ ਨਾ ਬਦਲਿਆ ਤਾਂ ‘‘ਅਸੀਂ ਤੁਹਾਡੀ ਮਦਦ ਨਹੀਂ ਕਰ ਸਕਾਂਗੇ।’’
ਕੀ ਇਹ ਦਾਅਵਾ ਮੰਨਿਆ ਜਾ ਸਕਦਾ ਹੈ ਕਿ ਇਹ ਤ੍ਰਾਸਦਿਕ ਘਟਨਾ ਆਈਡੀਐਫ ਦੇ ਅਪਰੇਸ਼ਨਲ ਤੌਰ ਤਰੀਕਿਆਂ ਦੀ ਉਲੰਘਣਾ ਸੀ? ਇਜ਼ਰਾਇਲੀਆਂ ਦੀ ਮੁਆਫ਼ੀ ਦੀ ਕੋਈ ਬਹੁਤੀ ਤੁਕ ਨਹੀਂ ਬਣਦੀ ਕਿਉਂਕਿ ਪ੍ਰਤੱਖ ਨਜ਼ਰ ਆਉਂਦੇ ਹਸਪਤਾਲਾਂ, ਐਂਬੂਲੈਂਸਾਂ ਅਤੇ ਪੱਤਰਕਾਰਾਂ ਉੱਪਰ ਹਮਲਿਆਂ ਦਾ ਇਜ਼ਰਾਇਲੀ ਫ਼ੌਜ ਦਾ ਇੱਕ ਪੂਰਾ ਇਤਿਹਾਸ ਹੈ। ਹਾਲੇ ਵੀ ਉਹ ਇਹ ਨਹੀਂ ਕਹਿ ਰਹੇ ਕਿ ਇਹ ਹਮਲਾ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਸੀ। ਗਾਜ਼ਾ ਵਿੱਚ ਚੱਲ ਰਹੀ ਘਿਣੌਣੀ ਫ਼ੌਜੀ ਮੁਹਿੰਮ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਜ਼ਰਾਇਲੀ ਫ਼ੌਜ ਦੇ ਮਨ ਵਿੱਚ ਜੰਗ ਨੂੰ ਲੈ ਕੇ ਕੋਈ ਮਾਨਵੀ ਸਰੋਕਾਰ ਨਹੀਂ ਹੈ। ਆਮ ਲੋਕਾਂ ਨੂੰ ਖਾਣੇ ਅਤੇ ਪਾਣੀ ਤੋਂ ਵਿਰਵਾ ਕਰਨ ਤੋਂ ਇਲਾਵਾ ਉਨ੍ਹਾਂ ਹਮਾਸ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਅਨਗਾਈਡਡ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੈ ਅਤੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਤਬਾਹ ਹੋਣ ਵਾਲੀਆਂ ਇਮਾਰਤਾਂ ਨਾਲ ਆਸ-ਪਾਸ ਕਿੰਨਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ (ਇਜ਼ਰਾਇਲੀ ਫ਼ੌਜ) ਦੇ ਅਪਰੇਸ਼ਨਲ ਤੌਰ ਤਰੀਕਿਆਂ ਤੋਂ ਸੰਕੇਤ ਮਿਲਦਾ ਹੈ ਕਿ ਹਮਾਸ ਦੇ ਕਿਸੇ ਆਗੂ ਨੂੰ ਮਾਰਨ ਲਈ ਆਸ-ਪਾਸ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਜਾਇਜ਼ ਸਮਝਿਆ ਜਾਂਦਾ ਹੈ। ਅਸੀਂ ਕਿਆਸ ਹੀ ਲਾ ਸਕਦੇ ਹਾਂ ਕਿ ਉਨ੍ਹਾਂ ਸ਼ਾਇਦ ਗ਼ਲਤੀ ਨਾਲ ਇਹ ਅੰਦਾਜ਼ਾ ਲਾਇਆ ਹੋਵੇਗਾ ਕਿ ਕਿਵੇਂ ਨਾ ਕਿਵੇਂ ਡਬਲਯੂਸੀਕੇ ਦੇ ਕਾਫ਼ਲੇ ਵਿੱਚ ਹਮਾਸ ਦੇ ਚੋਟੀ ਦੇ ਆਗੂ ਹੋਣਗੇ।
ਹਮਾਸ ਵੱਲੋਂ ਸਿਵਿਲੀਅਨ ਕਵਰ ਦੀ ਵਰਤੋਂ ਕੀਤੀ ਹੋ ਸਕਦੀ ਹੈ ਅਤੇ ਇਹ ਵੀ ਸੰਭਵ ਹੈ ਕਿ ਉਹ ਹਸਪਤਾਲਾਂ ਵਿੱਚ ਲੁਕੇ ਹੋਣ ਜਾਂ ਫਿਰ ਆਪਣੀ ਨਕਲੋ ਹਰਕਤ ਨੂੰ ਛੁਪਾਉਣ ਲਈ ਐਂਬੂਲੈਂਸਾਂ ਦੀ ਵਰਤੋਂ ਕਰਦੇ ਹੋਣ ਪਰ ਆਈਡੀਐਫ ਨੂੰ ਆਪਣੇ ਮਿਆਰ ਯਕੀਨਨ ਹਮਾਸ ਨਾਲੋਂ ਬਿਹਤਰ ਬਣਾਉਣ ਦੀ ਲੋੜ ਹੈ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਹ ਕੋਲੈਟਰਲ (ਆਲੇ-ਦੁਆਲੇ) ਨੁਕਸਾਨ ਤੋਂ ਬਚਣ ਲਈ ਕੌਮਾਂਤਰੀ ਨੇਮਾਂ ਦੇ ਦਾਇਰੇ ਵਿੱਚ ਰਹਿੰਦੀ ਹੈ। ਇਸ ਦੇ ਨਾਲ ਹੀ ਜੁੜਿਆ ਇੱਕ ਸਵਾਲ ਇਹ ਹੈ ਕਿ ਬਗ਼ਾਵਤੀ ਸਥਿਤੀ ਵਿੱਚ ਟਾਕਰੇ ਲਈ ਕਿੰਨੀ ਕੁ ਮਾਤਰਾ ਵਿੱਚ ਸ਼ਕਤੀ ਦਾ ਇਸਤੇਮਾਲ ਕੀਤਾ ਜਾਵੇ। ਹਮਾਸ ਦੇ ਕਿਸੇ ਆਗੂ ਨੂੰ ਨਿਸ਼ਾਨਾ ਬਣਾਉਣ ਲਈ ਫਲੈਟਾਂ ਦੇ ਸਮੁੱਚੇ ਬਲਾਕ ਨੂੰ ਤਬਾਹ ਕਰਕੇ ਅਤੇ ਬੇਦੋਸ਼ੇ ਬੰਦਿਆਂ, ਔਰਤਾਂ ਤੇ ਬੱਚਿਆਂ ਨੂੰ ਮਾਰ ਦੇਣ ਨੂੰ ਕਿਸੇ ਵੀ ਪੈਮਾਨੇ ਤੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉੱਘੇ ਇਜ਼ਰਾਇਲੀ ਜੰਗੀ ਇਤਿਹਾਸਕਾਰ ਮਾਰਟਿਨ ਵਾਨ ਕ੍ਰਿਵੈਲਡ ਦੇ ਬਿਰਤਾਂਤ ਤੋਂ ਇਜ਼ਰਾਈਲ ਦੇ ਬਗ਼ਾਵਤ ਖਿਲਾਫ਼ ਪੈਂਤੜਿਆਂ ਦਾ ਪ੍ਰਸੰਗ ਸਮਝਿਆ ਜਾ ਸਕਦਾ ਹੈ। ਸਾਲ 2005 ਵਿੱਚ ਲਿਖੇ ਇੱਕ ਲੇਖ ਵਿੱਚ ਉਨ੍ਹਾਂ ਕਿਸੇ ਬਗ਼ਾਵਤ ਨੂੰ ਹਰਾਉਣ ਦੇ ਦੋ ਤਰੀਕਿਆਂ ਦੀ ਪੜਚੋਲ ਕੀਤੀ ਸੀ। ਇੱਕ ਤਰੀਕਾ ਉਹ ਸੀ ਜੋ ਸੀਰੀਆ ਦੇ ਰਾਸ਼ਟਰਪਤੀ ਹਾਫ਼ਿਜ਼ ਅਲ ਅਸਦ ਨੇ 1980ਵਿਆਂ ਦੇ ਸ਼ੁਰੂ ਵਿੱਚ ਆਪਣੇ ਸ਼ਾਸਨ ਖਿਲਾਫ਼ ਉੱਭਰੀ ਮੁਸਲਿਮ ਬ੍ਰਦਰਹੁੱਡ ਦੀ ਤਹਿਰੀਕ ਨੂੰ ਹਰਾਉਣ ਲਈ ਅਖਤਿਆਰ ਕੀਤਾ ਸੀ। ਜਦੋਂ ਗ੍ਰਿਫ਼ਤਾਰੀਆਂ, ਤਸ਼ੱਦਦ ਅਤੇ ਮੌਤ ਦੀ ਸਜ਼ਾ ਦੇ ਰਵਾਇਤੀ ਤਰੀਕਿਆਂ ਦਾ ਕੋਈ ਫ਼ਾਇਦਾ ਨਾ ਹੋਇਆ ਤਾਂ ਅਸਦ ਨੇ ‘ਸੱਪ ਦੇ ਫਨ’ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕੀਤਾ। ਸੀਰੀਆਈ ਫ਼ੌਜ ਨੇ ਹਮਾ ਸ਼ਹਿਰ ਨੂੰ ਘੇਰਾ ਪਾ ਲਿਆ ਅਤੇ ਭਾਰੇ ਤੋਪਖਾਨੇ ਦੀ ਵਰਤੋਂ ਕਰਕੇ ਸ਼ਹਿਰ ਨੂੰ ਬਰਬਾਦ ਕਰ ਦਿੱਤਾ ਜਿਸ ਵਿੱਚ ਵੀਹ ਹਜ਼ਾਰ ਨਾਗਰਿਕ ਮਾਰੇ ਗਏ ਅਤੇ ਇਸ ਤੋਂ ਬਾਅਦ 15 ਹਜ਼ਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ 1 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਸ਼ਹਿਰ ਦਾ ਦੋ ਤਿਹਾਈ ਹਿੱਸਾ ਨੇਸਤੋ-ਨਾਬੂਦ ਕਰ ਦਿੱਤਾ ਗਿਆ ਸੀ ਅਤੇ ਮੁਸਲਿਮ ਬ੍ਰਦਰਹੁੱਡ ਲਹਿਰ ਨੂੰ ਕੁਚਲ ਦਿੱਤਾ ਗਿਆ। ਇਸ ਵਹਿਸ਼ਤ ਨੇ ਅਸਦ ਪਰਿਵਾਰ ਦਾ ਵਿਰੋਧ ਕਰ ਰਹੀ ਇਸਲਾਮੀ ਲਹਿਰ ਅੰਦਰ ਸਹਿਮ ਪੈਦਾ ਕਰ ਦਿੱਤਾ ਹਾਲਾਂਕਿ 2011-12 ਵਿੱਚ ਇੱਕ ਜਮਹੂਰੀ ਤਹਿਰੀਕ ਉੱਠਣ ਤੋਂ ਬਾਅਦ ਪੈਦਾ ਹੋਈ ਬਗ਼ਾਵਤ ਕਰਕੇ ਸੀਰੀਆ ਦੋਫਾੜ ਹੋ ਗਿਆ ਸੀ।
ਵਾਨ ਕ੍ਰਿਵੈਲਡ ਅਸਦ ਦੇ ਮੁਕਾਬਲੇ ’ਤੇ ਉੱਤਰੀ ਆਇਰਲੈਂਡ ਵਿੱਚ ਆਇਰਿਸ਼ ਰਿਪਬਲਿਕਨ ਆਰਮੀ (ਆਈਆਰਏ) ਦੇ ਵਿਦਰੋਹ ’ਤੇ ਸਫ਼ਲਤਾਪੂਰਬਕ ਕਾਬੂ ਪਾਉਣ ਲਈ ਬਰਤਾਨੀਆ ਵੱਲੋਂ ਅਪਣਾਏ ਗਏ ਤੌਰ ਤਰੀਕੇ ਨੂੰ ਰੱਖਦਾ ਹੈ। 1970ਵਿਆਂ ਦੇ ਸ਼ੁਰੂ ਵਿੱਚ ਆਈਆਰਏ ਵੱਲੋਂ ਸਿਲਸਿਲੇਵਾਰ ਬੰਬ ਧਮਾਕੇ ਕੀਤੇ ਜਾਣ ਤੋਂ ਬਾਅਦ ਬਗ਼ਾਵਤ ਤੇਜ਼ ਹੋ ਗਈ ਸੀ। ਇਸ ਦੇ ਨਾਲ ਹੀ ਦੰਗੇ ਅਤੇ ਹੱਤਿਆਵਾਂ ਹੋਣ ਕਰ ਕੇ ਦਰਜਨਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। 30 ਜਨਵਰੀ 1972 ਨੂੰ ਐਤਵਾਰ ਦੇ ਦਿਨ ਹੋਏ ਖ਼ੂਨ ਖਰਾਬੇ ਤੋਂ ਬਾਅਦ ਬਰਤਾਨੀਆ ਨੇ ਆਪਣਾ ਪੈਂਤੜਾ ਬਦਲਿਆ। ਉਸ ਤੋਂ ਬਾਅਦ ਉਨ੍ਹਾਂ ਜਲਸੇ ਜਲੂਸ ਕਰ ਰਹੇ ਲੋਕਾਂ ਜਾਂ ਭੀੜ ਉੱਪਰ ਕਦੇ ਵੀ ਗੋਲੀਬਾਰੀ ਨਹੀਂ ਕੀਤੀ, ਹਵਾਈ ਤਾਕਤ ਦੀ ਤਾਂ ਗੱਲ ਹੀ ਛੱਡੋ ਸਗੋਂ ਆਪਣੇ ਅਪਰੇਸ਼ਨਾਂ ਦੌਰਾਨ ਕਦੇ ਵੀ ਭਾਰੇ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਰਫਿਊ, ਫ਼ੌਜੀ ਮਾਅਰਕੇਬਾਜ਼ੀ ਲਈ ਆਂਢ-ਗੁਆਂਢ ਦੇ ਘਰ ਤਬਾਹ ਕਰਨ ਜਿਹੇ ਸਮੂਹਿਕ ਦੰਡ ਵਰਗੇ ਹਰਬੇ ਵਰਤਣ ਤੋਂ ਗੁਰੇਜ਼ ਕੀਤਾ।
ਹਾਲਾਂਕਿ ਉਨ੍ਹਾਂ ਇਹ ਨਹੀਂ ਕਿਹਾ ਪਰ ਪਹਿਲੇ ਤਰੀਕੇ ਵਿੱਚ ਇੱਕ ਅਹਿਮ ਕਾਰਕ ਇਹ ਰਿਹਾ ਹੈ ਕਿ ਸੀਰੀਆਈ ਫ਼ੌਜ ‘ਗ਼ੈਰਾਂ’ ਨਾਲ ਸਿੱਝ ਰਹੀ ਸੀ - ਅਸਦ ਹਕੂਮਤ ਅਤੇ ਇਸ ਦੀ ਫ਼ੌਜ ਵਿੱਚ ਜ਼ਿਆਦਾਤਰ ਸੀਰੀਆ ਦੇ ਘੱਟਗਿਣਤੀ ਅਲਾਵੀ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ ਜੋ ਇਨ੍ਹਾਂ ਦੇ ਸੁੰਨੀ ਵਿਰੋਧੀਆਂ ਦੀ ਨਜ਼ਰ ਵਿੱਚ ‘ਮੁਸਲਿਮ’ ਨਹੀਂ ਗਿਣੇ ਜਾਂਦੇ ਸਨ। ਦੂਜੇ ਬੰਨੇ, ਬਰਤਾਨੀਆ ਉੱਤਰੀ ਆਇਰਲੈਂਡ ਨੂੰ ਬਰਤਾਨੀਆ ਦਾ ਹਿੱਸਾ ਤਸਲੀਮ ਕਰਦਾ ਸੀ ਹਾਲਾਂਕਿ ਆਈਆਰਏ ਦੇ ਜ਼ਿਆਦਾਤਰ ਹਿੱਸੇ ਰੋਮਨ ਕੈਥੋਲਿਕ ਸਨ।
ਗਾਜ਼ਾ ਵਿੱਚ ਇਹੀ ਸਮੱਸਿਆ ਹੈ ਜਿੱਥੇ ਬਹੁਤ ਸਾਰੇ ਇਜ਼ਰਾਇਲੀ ਇਸ ਤੋਂ ਇਨਕਾਰ ਕਰਦੇ ਹਨ ਕਿ ਫ਼ਲਸਤੀਨੀਆਂ ਨਾਲ ਵੀ ਉਨ੍ਹਾਂ ਦੇ ਹਮਵਤਨਾਂ ਜਿਹਾ ਹੀ ਸਲੂਕ ਹੋਣਾ ਚਾਹੀਦਾ ਹੈ। ਕਈ ਸਾਲਾਂ ਤੋਂ ਉਨ੍ਹਾਂ (ਇਜ਼ਰਾਇਲੀਆਂ) ਨੇ ਫ਼ਲਸਤੀਨੀਆਂ ਦੀਆਂ ਜ਼ਮੀਨਾਂ ’ਤੇ ਜਬਰੀ ਕਬਜ਼ਾ ਕਰ ਲਿਆ ਹੈ ਅਤੇ ਬਹੁਤ ਜ਼ਿਆਦਾ ਸੰਖਿਆ ਵਿੱਚ ਲੋਕਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਹੋਇਆ ਹੈ। ਹੁਣ ਬੱਝਵੇਂ ਢੰਗ ਨਾਲ ਉਨ੍ਹਾਂ ਦੇ ਸਭ ਤੋਂ ਵੱਡੇ ਸ਼ਹਿਰੀ ਖੇਤਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸੱਤ ਅਕਤੂਬਰ ਦੇ ਹਮਾਸ ਹਮਲੇ ਤੋਂ ਬਾਅਦ ਜੰਗ ਹੁਣ ਖੜੋਤ ਦੀ ਸਥਿਤੀ ਵਿੱਚ ਆ ਗਈ ਹੈ। ਨੇਤਨਯਾਹੂ ਇਸ ’ਤੇ ਵਾਰ-ਵਾਰ ਜ਼ੋਰ ਦੇ ਰਹੇ ਹਨ ਕਿ ਉਹ ਹਮਾਸ ਦੇ ਬਚੇ ਖੁਚੇ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਰਫ਼ਾਹ ’ਤੇ ਹਮਲਾ ਕਰਨਗੇ ਪਰ ਅਮਰੀਕਾ ਦਾ ਖ਼ਿਆਲ ਹੈ ਕਿ ਉੱਥੇ ਲੱਖਾਂ ਦੀ ਤਾਦਾਦ ਵਿੱਚ ਸ਼ਰਨਾਰਥੀ ਰਹਿ ਰਹੇ ਹਨ ਜਿਸ ਕਰ ਕੇ ਉਹ ਇਸ ਨੂੰ ‘ਲਾਲ ਰੇਖਾ’ ਮੰਨਦਾ ਹੈ।
ਜਦੋਂ ਚਲੰਤ ਜੰਗ ਦਾ ਸਵਾਲ ਆਉਂਦਾ ਹੈ ਤਾਂ ਵਾਨ ਕ੍ਰਿਵੈਲਡ ਦੀ ਪੁਜ਼ੀਸ਼ਨ ਆਈਡੀਐਫ ਦੇ ਹੱਕ ਵਿੱਚ ਭੁਗਤਦੀ ਹੈ ਹਾਲਾਂਕਿ ਉਹ ਮੰਨਦੇ ਹਨ ਕਿ ਅੰਤ ਨੂੰ ਹਮਾਸ ਜੇਤੂ ਹੋ ਕੇ ਨਿਕਲੇਗਾ ਕਿਉਂਕਿ ਆਈਡੀਐਫ ਦੇ ਹਮਲੇ ’ਚੋਂ ਬਚੇ ਰਹਿਣਾ ਹੀ ਉਸ ਦਾ ਮੁੱਖ ਕਾਰਜ ਹੈ। ਗਾਜ਼ਾ ਦੇ ਵਸਨੀਕਾਂ ਉੱਪਰ ਇਸ ਜੰਗ ਦਾ ਅਸਰ ਲੰਮੇ ਅਰਸੇ ਤੱਕ ਰਹੇਗਾ ਅਤੇ ਉਹ ਬਹੁਤ ਲੰਮੇ ਸਮੇਂ ਤੱਕ ਆਪਣੀ ਇਸ ਹੋਣੀ ਨੂੰ ਪ੍ਰਵਾਨ ਨਹੀਂ ਕਰ ਸਕਣਗੇ। ਹਮਾਸ ਨੂੰ ਫ਼ੌਜੀ ਢੰਗ ਨਾਲ ਕੁਚਲ ਦੇਣ ਦਾ ਇਹ ਹਰਗਿਜ਼ ਮਤਲਬ ਨਹੀਂ ਹੋਵੇਗਾ ਕਿ ਉਸ ਦਾ ਸਿਆਸੀ ਅੰਤ ਵੀ ਹੋ ਗਿਆ ਹੈ। ਸਬੱਬੀਂ, ਭਾਰਤੀ ਫ਼ੌਜ ਨੇ ਕਸ਼ਮੀਰ ਵਿੱਚ ਗੜਬੜ ਦੀ ਸਿਖਰ ਵੇਲੇ ਵੀ ਭਾਰੇ ਹਥਿਆਰਾਂ ਅਤੇ ਹੈਲੀਕਾਪਟਰਾਂ ਨਾਲ ਹਮਲੇ ਕਰਨ ਤੋਂ ਜਾਣ ਬੁੱਝ ਕੇ ਗੁਰੇਜ਼ ਕੀਤਾ ਸੀ।
* ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦਾ ਵਿਸ਼ੇਸ ਫੈਲੋ ਹੈ।