ਇਜ਼ਰਾਇਲੀ ਫ਼ੌਜ ਸੀਰੀਆ ਦੇ ਬਫਰ ਜ਼ੋਨ ’ਤੇ ਕਾਬਜ਼ ਰਹੇਗੀ
ਯੇਰੂਸ਼ਲਮ, 18 ਦਸੰਬਰ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲੀ ਸੈਨਾ ਸੀਰਿਆਈ ਸਰਹੱਦ ’ਤੇ ‘ਬਫਰ ਜ਼ੋਨ’ ਵਿੱਚ ਅਤੇ ਖਾਸ ਤੌਰ ’ਤੇ ਮਾਊਂਟ ਹਰਮੋਨ ਦੇ ਸਿਖਰ ’ਤੇ ਰਹੇਗੀ ਜਦੋਂ ਤੱਕ ਕੋਈ ਹੋਰ ਪ੍ਰਬੰਧ ਨਹੀਂ ਹੋ ਜਾਂਦਾ। ਨੇਤਨਯਾਹੂ ਨੇ ਕਿਹਾ ਕਿ ਉਹ 53 ਸਾਲ ਪਹਿਲਾਂ ਇੱਕ ਸੈਨਿਕ ਵਜੋਂ ਮਾਊਂਟ ਹਰਮੋਨ ਦੇ ਸਿਖਰ ’ਤੇ ਗਏ ਸਨ ਪਰ ਹਾਲ ਹੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਇਜ਼ਰਾਈਲ ਦੀ ਸੁਰੱਖਿਆ ਲਈ ਇਸ ਚੋਟੀ ਦਾ ਮਹੱਤਵ ਹੋਰ ਵੱਧ ਗਿਆ ਹੈ।
ਸੀਰੀਆ ’ਚ ਬਾਗੀਆਂ ਵੱਲੋਂ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਦਾ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਇਜ਼ਰਾਈਲ ਨੇ ਬਫਰ ਜ਼ੋਨ ਗੋਲਾਨ ਹਾਈਟਸ ਦੀ ਸਰਹੱਦ ਨਾਲ ਲੱਗੇ ਦੱਖਣੀ ਸੀਰੀਆ ਦੇ ਇੱਕ ਹਿੱਸੇ ’ਤੇ ਕਬਜ਼ਾ ਕਰ ਲਿਆ। ਇਸੇ ਦੌਰਾਨ ਹਮਾਸ ਨੇ ਕਿਹਾ ਕਿ ਗਾਜ਼ਾ ਜੰਗਬੰਦੀ ਸਮਝੌਤੇ ਤੇ ਬੰਦੀਆਂ ਦੇ ਤਬਾਦਲੇ ਸਬੰਧੀ ਸਬੰਧੀ ’ਤੇ ਪਹੁੰਚਣਾ ਅਜੇ ਵੀ ਸੰਭਵ ਹੈ ਜੋ 14 ਮਹੀਨੇ ਤੋਂ ਚੱਲ ਰਹੀ ਜੰਗ ਨੂੰ ਖਤਮ ਕਰ ਦੇਵੇਗਾ। ਹਮਾਸ ਨੇ ਇੱਕ ਬਿਆਨ ’ਚ ਕਿਹਾ ਕਿ ਇਹ ਸਮਝੌਤਾ ਅਜੇ ਵੀ ਸੰਭਵ ਹੈ ਜੇ ਇਜ਼ਰਾਈਲ ਜੰਗਬੰਦੀ ਦੀ ਤਜਵੀਜ਼ ’ਚ ਨਵੀਆਂ ਸ਼ਰਤਾਂ ਸ਼ਾਮਲ ਕਰਨੀਆਂ ਬੰਦ ਕਰ ਦੇਵੇ। ਹਮਾਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ ਕਥਿਤ ਨਵੀਆਂ ਸ਼ਰਤਾਂ ਬਾਰੇ ਕੋਈ ਵੇਰਵੇ ਨਹੀਂ ਹਨ। -ਏਪੀ