ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਵਾਈ ਹਮਲੇ; 11 ਹਲਾਕ
ਯੇਰੂਸ਼ਲਮ, 3 ਦਸੰਬਰ
ਹਿਜ਼ਬੁੱਲ੍ਹਾ ਵੱਲੋਂ ਜੰਗਬੰਦੀ ਦੇ ਬਾਵਜੂਦ ਇਜ਼ਰਾਈਲ ਦੇ ਕਬਜ਼ੇ ਹੇਠਲੇ ਇਲਾਕੇ ’ਚ ਮਿਜ਼ਾਈਲਾਂ ਦਾਗੇ ਜਾਣ ਦੇ ਜਵਾਬ ਵਿੱਚ ਯੇਰੂਸ਼ਲਮ ਨੇ ਬੀਤੇ ਦਿਨ ਲਿਬਨਾਨ ’ਤੇ ਕਈ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਘੱਟ ਤੋਂ ਘੱਟ 11 ਜਣਿਆਂ ਦੀ ਮੌਤ ਹੋ ਗਈ।
ਲੰਘੇ ਬੁੱਧਵਾਰ ਨੂੰ 60 ਦਿਨ ਦਾ ਜੰਗਬੰਦੀ ਸਮਝੌਤਾ ਲਾਗੂ ਹੋਣ ਤੋਂ ਬਾਅਦ ਹਿਜ਼ਬੁੱਲ੍ਹਾ ਨੇ ਇਜ਼ਰਾਇਲੀ ਸੈਨਾ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲਾਂ ਦਾਗੀਆਂ। ਇਸ ਜੰਗਬੰਦੀ ਦਾ ਮਕਸਦ ਹਿਜ਼ਬੁੱਲ੍ਹਾ ਤੇ ਇਜ਼ਰਾਈਲ ਵਿਚਾਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਜੰਗ ਖ਼ਤਮ ਕਰਨਾ ਸੀ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੱਖਣੀ ਪਿੰਡ ਹੈਰਿਸ ’ਤੇ ਇਜ਼ਰਾਈਲ ਦੇ ਹਵਾਈ ਹਮਲੇ ’ਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ ਜਦਕਿ ਤਲੌਸਾ ਪਿੰਡ ’ਤੇ ਕੀਤੇ ਗਏ ਇੱਕ ਹੋਰ ਹਵਾਈ ਹਮਲੇ ’ਚ ਚਾਰ ਜਣਿਆਂ ਦੀ ਜਾਨ ਚਲੀ ਗਈ ਤੇ ਦੋ ਜ਼ਖ਼ਮੀ ਹੋ ਗਏ। ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ਦੇ ਕਬਜ਼ੇ ਹੇਠਲੇ ਖੇਤਰ ‘ਮਾਊਂਟ ਡੋਵ’ ਵੱਲ ਦੋ ਮਿਜ਼ਾਈਲਾਂ ਦਾਗੇ ਜਾਣ ਦੀ ਘਟਨਾ ਦੇ ਜਵਾਬ ’ਚ ਇਜ਼ਰਾਇਲੀ ਸੈਨਾ ਨੇ ਲੰਘੀ ਰਾਤ ਹਵਾਈ ਹਮਲੇ ਕੀਤੇ। ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਉਸ ਨੇ ਲਿਬਨਾਨ ਦੇ ਲੜਾਕਿਆਂ, ਢਾਂਚਿਆਂ ਤੇ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ। -ਏਪੀ
ਟਰੰਪ ਨੇ ਇਜ਼ਰਾਇਲੀ ਨਾਗਰਿਕਾਂ ਦੀ ਤੁਰੰਤ ਰਿਹਾਈ ਮੰਗੀ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗਾਜ਼ਾ ’ਚ ਕੱਟੜਪੰਥੀ ਸਮੂਹ ਹਮਾਸ ਵੱਲੋਂ ਬੰਦੀ ਬਣਾਏ ਗਏ ਇਜ਼ਰਾਈਲ ਦੇ ਨਾਗਰਿਕਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਜੇ ਜਨਵਰੀ ’ਚ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਇਜ਼ਰਾਈਲ ਦੇ ਨਾਗਰਿਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਹਮਾਸ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਦੀ ਇਸ ਪੋਸਟ ’ਚ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਗਾਜ਼ਾ ’ਚ ਹਮਾਸ ਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ’ਚ ਅਮਰੀਕਾ ਦੀ ਸੈਨਾ ਨੂੰ ਸਿੱਧੇ ਤੌਰ ’ਤੇ ਉਤਾਰਨ ਦੀ ਚਿਤਾਵਨੀ ਹੈ ਜਾਂ ਨਹੀਂ।