ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਬੰਬਾਰੀ ਜਾਰੀ
ਦੀਰ ਅਲ-ਬਲਾਹ, 17 ਦਸੰਬਰ
ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ਲਗਾਤਾਰ ਜਾਰੀ ਹਨ। ਇਸੇ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਕਈ ਘਟਨਾਵਾਂ, ਜਿਨ੍ਹਾਂ ਵਿਚ ਤਿੰਨ ਬੰਧਕਾਂ ਨੂੰ ਗੋਲੀ ਮਾਰਨਾ ਵੀ ਸ਼ਾਮਲ ਹੈ, ਨੇ ਇਜ਼ਰਾਈਲ ਦੇ ਵਿਹਾਰ ਉਤੇ ਸਵਾਲ ਵੀ ਖੜ੍ਹੇ ਕੀਤੇ ਹਨ। 10 ਹਫ਼ਤਿਆਂ ਤੋਂ ਚੱਲ ਰਹੀ ਜੰਗ ਦੌਰਾਨ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਤੇ ਵੱਡੇ ਪੱਧਰ ਉਤੇ ਤਬਾਹੀ ਹੋਈ ਹੈ। ਗਾਜ਼ਾ ਵਿਚ ਲਗਾਤਾਰ ਚੌਥੇ ਦਿਨ ਸੰਚਾਰ ਸੇਵਾਵਾਂ ਬੰਦ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਇਸ ਕਾਰਨ ਬਚਾਅ ਕਾਰਜਾਂ ਵਿਚ ਅੜਿੱਕਾ ਪੈ ਰਿਹਾ ਹੈ ਤੇ ਮਦਦ ਪਹੁੰਚਾਉਣ ਵਿਚ ਮੁਸ਼ਕਲ ਆ ਰਹੀ ਹੈ। ਹਾਲਾਂਕਿ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਦੇ ਇਸ ਹਫ਼ਤੇ ਇਜ਼ਰਾਈਲ ਦੇ ਦੌਰੇ ਦੌਰਾਨ ਇਜ਼ਰਾਈਲ ’ਤੇ ਹਮਲਿਆਂ ਨੂੰ ਘਟਾਉਣ ਦਾ ਦਬਾਅ ਵਧ ਸਕਦਾ ਹੈ। ਨਾਗਰਿਕਾਂ ਦੀਆਂ ਮੌਤਾਂ ਤੇ 19 ਲੱਖ ਫਲਸਤੀਨੀਆਂ ਦੇ ਉਜਾੜੇ ’ਤੇ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਇਹ ਇਜ਼ਰਾਈਲ ਦੀ ਫ਼ੌਜੀ ਤੇ ਕੂਟਨੀਤਕ ਪੱਧਰ ਉਤੇ ਮਦਦ ਵੀ ਕਰ ਰਿਹਾ ਹੈ। ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ’ਤੇ ਕੀਤੇ ਜ਼ੋਰਦਾਰ ਹਵਾਈ ਤੇ ਜ਼ਮੀਨੀ ਹਮਲਿਆਂ ਕਾਰਨ ਵੱਡੀ ਗਿਣਤੀ ਆਬਾਦੀ ਦੱਖਣੀ ਹਿੱਸੇ ਵੱਲ ਜਾਣ ਲਈ ਮਜਬੂਰ ਹੋ ਗਈ ਹੈ। ਇੱਥੇ ਬਹੁਤੇ ਲੋਕ ਮਾੜੀਆਂ ਹਾਲਤਾਂ ਵਿਚ ਟੈਂਟਾਂ ’ਚ ਰਹਿ ਰਹੇ ਹਨ। ਇਜ਼ਰਾਇਲੀ ਸੈਨਾ ਨੇ ਅਹਿਦ ਕੀਤਾ ਹੈ ਕਿ ਜਦ ਤੱਕ ਉਹ ਹਮਾਸ ਦਾ ਢਾਂਚਾ ਖ਼ਤਮ ਨਹੀਂ ਕਰ ਦਿੰਦੇ ਜੰਗ ਜਾਰੀ ਰੱਖਣਗੇ। -ਏਪੀ
ਗਾਜ਼ਾ ’ਚ ਗੋਲੀਬੰਦੀ ਲਈ ਯੂਰੋਪੀ ਮੁਲਕਾਂ ਨੇ ਯਤਨ ਤੇਜ਼ ਕੀਤੇ
ਯੇਰੂਸ਼ਲਮ: ਇਜ਼ਰਾਈਲ ਦੇ ਯੂਰੋਪ ਵਿਚਲੇ ਕੁਝ ਬੇਹੱਦ ਕਰੀਬੀ ਸਾਥੀਆਂ ਨੇ ਹਮਾਸ ਨਾਲ ਗੋਲੀਬੰਦੀ ਲਈ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਕਾਰਨ ਗਾਜ਼ਾ ਦੇ ਲੋਕਾਂ ਉਤੇ ਤਬਾਹੀ ਦਾ ਲਗਾਤਾਰ ਵਧਦਾ ਅਸਰ ਹੈ। ਜ਼ਿਕਰਯੋਗ ਹੈ ਕਿ ਭਲਕੇ ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਵੀ ਇਜ਼ਰਾਈਲ ਆ ਰਹੇ ਹਨ, ਤੇ ਉਨ੍ਹਾਂ ਵੱਲੋਂ ਵੀ ਇਜ਼ਰਾਇਲੀ ਆਗੂਆਂ ’ਤੇ ਦਬਾਅ ਪਾਉਣ ਦੀ ਸੰਭਾਵਨਾ ਹੈ। ‘ਸੰਡੇ ਟਾਈਮਜ਼’ ਵਿਚ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੌਨ ਤੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੀਨਾ ਬੇਅਰਬੌਕ ਨੇ ਇਕ ਸਾਂਝਾ ਲੇਖ ਪ੍ਰਕਾਸ਼ਿਤ ਕਰ ਕੇ ਗੋਲੀਬੰਦੀ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ‘ਬਹੁਤ ਸਾਰੇ ਨਾਗਰਿਕ ਮਾਰੇ ਗਏ ਹਨ।’ ਉਨ੍ਹਾਂ ਕਿਹਾ ਹੈ ਕਿ ਅਤਿਵਾਦੀਆਂ ਤੇ ਨਾਗਰਿਕਾਂ ’ਚ ਫ਼ਰਕ ਰੱਖਣ ਲਈ ਇਜ਼ਰਾਇਲੀ ਸਰਕਾਰ ਤੇ ਆਗੂਆਂ ਨੂੰ ਹੋਰ ਕੰਮ ਕਰਨ ਦੀ ਲੋੜ ਹੈ, ਤਾਂ ਕਿ ਜੰਗ ਹਮਾਸ ਵੱਲ ਸੇਧਿਤ ਹੋ ਸਕੇ। -ਏਪੀ