For the best experience, open
https://m.punjabitribuneonline.com
on your mobile browser.
Advertisement

ਚੈਂਪੀਅਨਜ਼ ਟਰਾਫੀ: ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ

06:40 AM Nov 09, 2024 IST
ਚੈਂਪੀਅਨਜ਼ ਟਰਾਫੀ  ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਨਵੰਬਰ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਰੀਆਂ ਕਿਆਸਅਰਾਈਆਂ ’ਤੇ ਠੱਲ ਪਾਉਂਦਿਆਂ ਅੱਜ ਇੱਥੇ ਅਧਿਕਾਰਤ ਤੌਰ ’ਤੇ ਸਪੱਸ਼ਟ ਕੀਤਾ ਕਿ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਪਾਕਿਸਤਾਨ ਨਹੀਂ ਜਾਵੇਗੀ। ਬੋਰਡ ਨੇ ਅੱਜ ਅਧਿਕਾਰਤ ਤੌਰ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਕੋਲ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। 2025 ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਤਿੰਨ ਸ਼ਹਿਰਾਂ ਕਰਾਚੀ, ਲਾਹੌਰ ਅਤੇ ਰਾਵਲਪਿੰਡੀ ਵਿੱਚ ਹੋਵੇਗੀ। ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਟੀਮ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਰੋਕਣ ਦਾ ਕਾਰਨ ਦੱਸਿਆ ਹੈ। ਹੁਣ ਭਾਰਤੀ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਟੀਮ ਦੇ ਮੈਚ ਦੁਬਈ ਵਿੱਚ ਹੋਣੇ ਚਾਹੀਦੇ ਹਨ। ਪਿਛਲੇ ਦੋ ਸਾਲਾਂ ਦੌਰਾਨ ਇਹ ਦੂਜੀ ਵਾਰ ਹੈ, ਜਦੋਂ ਟੀਮ ਨੇ ਅਜਿਹਾ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਜੈ ਸ਼ਾਹ ਦੀ ਅਗਵਾਈ ਵਿੱਚ ਭਾਰਤ ਨੇ ਸ੍ਰੀਲੰਕਾ ਵਿੱਚ ਮੈਚ ਖੇਡੇ ਸੀ।
ਬੀਸੀਸੀਆਈ ਨੇ ਅੱਜ ਅਧਿਕਾਰਤ ਤੌਰ ’ਤੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ ਕਿਉਂਕਿ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ 11 ਨਵੰਬਰ ਨੂੰ ਕੀਤਾ ਜਾਣਾ ਹੈ। ਬੀਸੀਸੀਆਈ ਸੂਤਰਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਦੇਰੀ ਕਾਰਨ ਮਾਮਲਾ ਪੇਚੀਦਾ ਹੋ ਸਕਦਾ ਹੈ। ਏਸ਼ੀਆ ਕੱਪ ਸਮੇਂ ਤੋਂ ਹੀ ਬੀਸੀਸੀਆਈ ਹਾਈਬ੍ਰਿਡ ਮਾਡਲ ਅਪਨਾਉਣ ’ਤੇ ਜ਼ੋਰ ਦੇ ਰਿਹਾ ਹੈ ਅਤੇ ਉਸ ਨੇ ਭਾਰਤੀ ਮੈਚਾਂ ਲਈ ਸ੍ਰੀਲੰਕਾ ਅਤੇ ਯੂਏਆਈ ਦੇ ਸਥਾਨਾਂ ਦਾ ਸੁਝਾਅ ਦਿੱਤਾ ਹੈ। ਸਮਝਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਦੀ ਅਗਵਾਈ ਵਾਲੇ ਗ੍ਰਹਿ ਮੰਤਰਾਲੇ ਨਾਲ ਸਲਾਹ-ਮਸ਼ਵਰੇ ਮਗਰੋਂ ਹੀ ਪਾਕਿਸਤਾਨ ਦੀ ਯਾਤਰਾ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਕੁੱਝ ਖ਼ਬਰ ਏਜੰਸੀਆਂ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ ਮਗਰੋਂ ਭਾਰਤੀ ਟੀਮ ਦੀ ਗੁਆਂਢੀ ਮੁਲਕ ਦੀ ਯਾਤਰਾ ਦੀ ਸੰਭਾਵਨਾ ਨੂੰ ਉਭਾਰਿਆ ਸੀ। ਹਾਲਾਂਕਿ ਬੀਸੀਸੀਆਈ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ ਕਿ ਸਰਹੱਦ ਪਾਰ ਅਤਿਵਾਦ ’ਤੇ ਠੱਲ ਪਾਉਣ ਮਗਰੋਂ ਹੀ ਕ੍ਰਿਕਟ ਸਬੰਧਾਂ ਨੂੰ ਬਹਾਲ ਕੀਤਾ ਜਾਵੇਗਾ।

Advertisement

ਭਾਰਤ ਵੱਲੋਂ ਕੋਈ ਰਸਮੀ ਸੂਚਨਾ ਨਹੀਂ ਮਿਲੀ: ਨਕਵੀ

ਲਾਹੌਰ/ਨਵੀਂ ਦਿੱਲੀ:

Advertisement

ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਰਤ ਤਰਫ਼ੋਂ ਕੋਈ ਰਸਮੀ ਸੂਚਨਾ ਨਹੀਂ ਮਿਲੀ ਹੈ ਕਿ ਭਾਰਤੀ ਟੀਮ ਆਗਾਮੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦੀ ਯਾਤਰਾ ਨਹੀਂ ਕਰੇਗੀ। ਮੋਹਸਿਨ ਨਕਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਤੱਕ ਸਾਡੇ ਨਾਲ ਕਿਸੇ ਨੇ ਵੀ ‘ਹਾਈਬ੍ਰਿਡ ਮਾਡਲ’ ਉੱਤੇ ਚਰਚਾ ਨਹੀਂ ਕੀਤੀ ਅਤੇ ਨਾ ਹੀ ਅਸੀਂ ਇਸ ਬਾਰੇ ਗੱਲ ਕਰਨ ਲਈ ਤਿਆਰ ਹਾਂ ਪਰ ਅਸੀਂ ਪਿਛਲੇ ਕੁੱਝ ਸਾਲਾਂ ਤੋਂ ਚੰਗਾ ਵਿਵਹਾਰ ਦਿਖਾ ਰਹੇ ਹਾਂ ਅਤੇ ਕਿਸੇ ਨੂੰ ਵੀ ਸਾਡੇ ਤੋਂ ਹਰ ਸਮੇਂ ਅਜਿਹਾ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।’’ ਨਕਵੀ ਨੇ ਕਿਹਾ ਕਿ ਜੇਕਰ ਪੀਸੀਬੀ ਨੂੰ ਅਜਿਹਾ ਕੋਈ ਲਿਖਤੀ ਪ੍ਰਸਤਾਵ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਇਸ ਨੂੰ ਸਰਕਾਰ ਕੋਲ ਲੈ ਕੇ ਜਾਣਗੇ ਅਤੇ ਅੱਗੇ ਸਰਕਾਰ ਜੋ ਵੀ ਫ਼ੈਸਲਾ ਲਵੇਗੀ ਉਹ ਉਸ ਦੀ ਪਾਲਣਾ ਕਰਨਗੇ। ਨਕਵੀ ਨੇ ਕਿਹਾ, ‘‘ਜਿੱਥੋਂ ਤੱਕ ਸਾਡਾ ਸਬੰਧ ਹੈ, ਟੂਰਨਾਮੈਂਟ ਪਾਕਿਸਤਾਨ ਵਿੱਚ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਇੱਥੇ ਖੇਡਣ ਲਈ ਉਤਸਕ ਹਨ।’’ -ਪੀਟੀਆਈ

Advertisement
Author Image

joginder kumar

View all posts

Advertisement