ਕੀ ਇਹ ਚੀਨ ਦੀ ਕਹਾਣੀ ਦਾ ਅੰਤ ਹੈ?
ਟੀਐੱਨ ਨੈਨਾਨ
ਚੀਨ ਦੇ ਅਰਥਚਾਰੇ ਤੋਂ ਪਿਲੱਤਣੀ ਸੁਸਤੀ ਦੇ ਅਜੀਬੋ ਗ਼ਰੀਬ ਲੱਛਣ ਦਿਖਾਈ ਦੇ ਰਹੇ ਹਨ। ਦੁਨੀਆ ਦੇ ਜਿ਼ਆਦਾਤਰ ਦੇਸ਼ਾਂ ਨੂੰ ਹਾਲਾਂਕਿ ਛੜੱਪੇ ਮਾਰ ਵਧ ਰਹੀ ਮਹਿੰਗਾਈ ਦਰ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉੱਥੇ ਪੇਈਚਿੰਗ ਦੇ ਹਾਲਾਤ ਵੱਖਰੇ ਹਨ: ਉਤਪਾਦਕ ਕੀਮਤਾਂ ਦੀ ਦਰ ਵਿਚ ਗਿਰਾਵਟ ਆ ਰਹੀ ਹੈ ਅਤੇ ਖਪਤਕਾਰ ਕੀਮਤ ਦਰ ਵੀ ਡਿੱਗ ਰਹੀ ਹੈ। ਹੋਰਨਾਂ ਕੇਂਦਰੀ ਬੈਂਕਾਂ ਵਲੋਂ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਜਦਕਿ ਚੀਨ ਦੀ ਕੇਂਦਰੀ ਬੈਂਕ ਆਪਣੀ ਮੁਦਰਾ ਨੀਤੀ ਵਿਚ ਹੋਰ ਜਿ਼ਆਦਾ ਢਿੱਲ ਵਰਤ ਰਹੀ ਹੈ। ਭਾਰਤ ਜਿਹੇ ਕੁਝ ਮੁਲਕਾਂ ਅੰਦਰ ਸ਼ੇਅਰ ਬਾਜ਼ਾਰ ਅਸਮਾਨੀ ਚੜ੍ਹ ਰਹੇ ਹਨ ਪਰ ਸ਼ੰਘਾਈ ਕੰਪੋਜਿ਼ਟ ਇੰਡੈਕਸ-2009 ਦੇ ਪੱਧਰ ਤੋਂ ਵੀ ਹੇਠਾਂ ਚੱਲ ਰਿਹਾ ਹੈ। ਚੀਨ ਦਾ ਸਨਅਤੀ ਉਤਪਾਦਨ ਚਾਰ ਸਾਲ ਪਹਿਲਾਂ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਚੱਲ ਰਿਹਾ ਹੈ। ਕਰਜ਼ ਵਾਧੇ ਦੀ ਗਤੀ ਵਿਚ ਕਮੀ ਹੋ ਰਹੀ ਹੈ ਤੇ ਇਸੇ ਤਰ੍ਹਾਂ ਡਾਲਰ ਦੇ ਮੁਕਾਬਲੇ ਯੁਆਨ ਦੀ ਹਾਲਤ ਵੀ ਅੱਛੀ ਨਹੀਂ ਹੈ। ਇਸ ਸਭ ਕਾਸੇ ਨੇ 2022 ਵਿਚ ਆਰਥਿਕ ਮੁੜ ਸੰਭਾਲੇ ਦੇ ਬਿਰਤਾਂਤ ਦਾ ਆਸ਼ਾਵਾਦ ਨੂੰ ਸੋਖ ਲਿਆ ਹੈ।
ਪਿਛਲੇ ਕੈਲੰਡਰ ਸਾਲ ਦੌਰਾਨ ਆਰਥਿਕ ਵਿਕਾਸ ਦਰ 5.5 ਫ਼ੀਸਦ ਰਹਿਣ ਦੇ ਆਸਾਰ ਸਨ ਪਰ ਇਹ 3 ਫ਼ੀਸਦ ਹੀ ਰਹੀ ਹੈ ਜੋ ਜੇਕਰ ਕੋਵਿਡ-19 ਦੀ ਮਾਰ ਵਾਲੇ 2020 ਦੇ ਸਾਲ ਨੂੰ ਛੱਡ ਦਿੱਤਾ ਜਾਵੇ ਤਾਂ ਹਾਲੀਆ ਸਾਲਾਂ ਦੌਰਾਨ ਨਿਮਨਤਮ ਪੱਧਰ ਰਿਹਾ ਹੈ। ਇਸ ਸਾਲ ਦਾ ਵਿਕਾਸ ਦਰ ਦਾ ਅਧਿਕਾਰਕ ਟੀਚਾ 5 ਫ਼ੀਸਦ ਹੈ ਪਰ ਹਰ ਮਹੀਨਾ ਬੀਤਣ ਤੋਂ ਬਾਅਦ ਨੀਵੇਂ ਆਧਾਰ ਦੇ ਬਾਵਜੂਦ ਇਹ ਅਨੁਮਾਨ ਬੇਯਕੀਨੀ ਭਰਿਆ ਜਾਪ ਰਿਹਾ ਹੈ। ਟਿੱਪਣੀਕਾਰਾਂ ਨੇ ਧਿਆਨ ਦਿਵਾਇਆ ਕਿ ਇਹ ਘਰੇਲੂ ਮੰਗ ਅਤੇ ਪ੍ਰਾਈਵੇਟ ਨਿਵੇਸ਼ ਵਿਚ ਕਮੀ ਦਾ ਅਸਰ ਹੈ। ਪ੍ਰਾਈਵੇਟ ਨਿਵੇਸ਼ ਵਿਚ ਇਕ ਦਹਾਕੇ ਦੌਰਾਨ (ਕੋਵਿਡ ਮਹਾਮਾਰੀ ਦੀ ਦਸਤਕ ਦੇ ਅਰਸੇ ਨੂੰ ਛੱਡ ਕੇ) ਪਹਿਲੀ ਵਾਰ ਕਮੀ ਆਈ ਹੈ। ਜਨਵਰੀ ਤੋਂ ਅਪਰੈਲ ਤੱਕ ਨਵੇਂ ਮਕਾਨਾਂ ਦੀ ਉਸਾਰੀ ਵਿਚ ਇਕ ਸਾਲ ਪਹਿਲਾਂ ਨਾਲੋਂ 20 ਫ਼ੀਸਦ ਕਮੀ ਆਈ ਹੈ। ਵਪਾਰ ਦੇ ਮੋਰਚੇ ’ਤੇ, ਪਿਛਲੇ ਅੱਠਾਂ ਚੋਂ ਛੇ ਮਹੀਨਿਆਂ ਦੌਰਾਨ ਬਰਾਮਦਾਂ ਵਿਚ ਕਮੀ ਆਈ ਹੈ। ਦਰਾਮਦਾਂ ਵੀ ਘਟੀਆਂ ਹਨ। ਪ੍ਰਾਪਰਟੀ ਬਾਜ਼ਾਰ ਅਤੇ ਬਰਾਮਦਾਂ ਦੇ ਦਮ ’ਤੇ ਦੌੜਨ ਵਾਲੇ ਕਿਸੇ ਅਰਥਚਾਰੇ ਦੇ ਇਹ ਦੋਵੇਂ ਇੰਜਣ ਠੰਢੇ ਚੱਲ ਪਏ ਹਨ। ਆਮ ਤੌਰ ’ਤੇ ਗਤੀ ਦੀ ਅਣਹੋਂਦ ਦਾ ਅਰਥ ਹੈ ਕਿ 3 ਫ਼ੀਸਦ ਮਹਿੰਗਾਈ ਦਰ ਦਾ ਟੀਚਾ ਵੀ ਪ੍ਰਾਪਤ ਕਰਨਾ ਮੁਸ਼ਕਿਲ ਬਣ ਸਕਦਾ ਹੈ।
ਸਾਰੇ ਤਾਂ ਨਹੀਂ ਪਰ ਇਨ੍ਹਾਂ ’ਚੋਂ ਕੁਝ ਮੁੱਦੇ ਚੱਕਰਵਰਤੀ ਹੋ ਸਕਦੇ ਹਨ। ਇਸ ਦਾ ਮਤਲਬ ਦੀਰਘਕਾਲੀ, ਢਾਂਚਾਗਤ ਬੰਦਸ਼ਾਂ ਦੀ ਅਣਹੋਂਦ ਹੋਣਾ ਨਹੀਂ ਹੈ: ਕੰਮਕਾਜੀ ਉਮਰ ਵਰਗ ਵਿਚ ਚੀਨ ਦੀ ਸੁੰਗੜ ਰਹੀ ਆਬਾਦੀ, ਬਹੁਤ ਜਿ਼ਆਦਾ ਸਰਕਾਰੀ ਅਤੇ ਅਰਧ ਸਰਕਾਰੀ ਕਰਜ਼ਾ ਅਤੇ ਬੇਹਿਸਾਬ ਮਕਾਨ ਉਸਾਰੀ - ਪਿਛਲੇ ਕੁਝ ਅਰਸੇ ਤੋਂ ਵੱਡੇ ਪੱਧਰ ’ਤੇ ਕਿਆਸ ਲਾਏ ਜਾ ਰਹੇ ਸਨ ਕਿ ਇਹ ਸਭ ਅਰਥਚਾਰੇ ਦੇ ਪਹੀਏ ਨੂੰ ਬੰਨ੍ਹ ਮਾਰਨਗੇ। ਇਨ੍ਹਾਂ ਤੋਂ ਇਲਾਵਾ ਘੱਟ ਮੁਨਾਫ਼ੇ ਵਾਲੇ ਵਾਲੇ ਮਾੜੇ ਪ੍ਰਾਜੈਕਟਾਂ ਦੀ ਚੋਣ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਖਿਲਾਫ਼ ਸਖ਼ਤ ਕਾਰਵਾਈ ਨਾਲ ਲੋੜੀਂਦੀਆਂ ਢਾਂਚਾਗਤ ਤਬਦੀਲੀਆਂ ਦੇ ਸੁਆਲ ਵੀ ਜੁੜ ਗਏ। ਇਸ ਦੇ ਨਾਲ ਹੀ ਪੂੰਜੀ ਨਿਵੇਸ਼ ਤੋਂ ਪ੍ਰਾਈਵੇਟ ਖਪਤ ਨੂੰ ਆਰਥਿਕ ਵਿਕਾਸ ਦਾ ਮੂਲ ਚਾਲਕ ਬਣਾਉਣ ਦੀਆਂ ਗੱਲਾਂ ਵੀ ਸਾਕਾਰ ਨਾ ਹੋ ਸਕੀਆਂ। ਇਸ ਨਾਕਾਮੀ ਦਾ ਫੌਰੀ ਕਾਰਕ ਖਪਤਕਾਰ ਮੰਗ ਦੀ ਘਾਟ ਹੈ।
ਮਜਬੂਰੀ ਇਹ ਹੈ ਕਿ ਪੱਛਮੀ ਜਗਤ ਚੀਨ ਦੇ ਨਿਰਮਾਣ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਤਾਕ ਵਿਚ ਹੈ। ਹਾਲਾਂਕਿ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਵਜੋਂ ਚੀਨੀ ਦੀ ਹੈਸੀਅਤ, ਇਸ ਦੇ ਨਿਰਮਾਣ ਦੀ ਜ਼ਬਰਦਸਤ ਤਾਕਤ ਅਤੇ ਸਭ ਤੋਂ ਵੱਡੇ ਬਰਾਮਦਕਾਰ ਹੋਣ ਦੇ ਮੱਦੇਨਜ਼ਰ ਇਸ ਤਰ੍ਹਾਂ ਦਾ ਮੁਕੰਮਲ ਤੋੜ ਵਿਛੋੜਾ ਹੋਣਾ ਤਾਂ ਸੰਭਵ ਨਹੀਂ ਹੋ ਸਕੇਗਾ ਪਰ ਪੱਛਮ ਦੀਆਂ ਜੋਖ਼ਮ ਘਟਾਉਣ ਦੀਆਂ ਚਾਰਾਜੋਈਆਂ ਦਾ ਇਹ ਅਰਥ ਹੋ ਸਕਦਾ ਹੈ ਕਿ ਜਿ਼ਆਦਾ ਤੋਂ ਜਿ਼ਆਦਾ ਵਿਦੇਸ਼ੀ ਨਿਵੇਸ਼ ਹੋਰਨਾਂ ਦੇਸ਼ਾਂ ਦਾ ਰੁਖ਼ ਕਰ ਰਿਹਾ ਹੈ। ਪੱਛਮੀ ਤਕਨਾਲੋਜੀ ਲਈ ਦਰ ਬੰਦ ਕਰਨ ਦੀ ਰਣਨੀਤੀ ਇਸ ਕਹਾਣੀ ਦੀ ਬੇਯਕੀਨੀ ਵਿਚ ਇਕ ਹੋਰ ਪਹਿਲੂ ਜੋੜਦੀ ਹੈ।
ਇਹਤਿਆਤ ਦੇ ਤੌਰ ’ਤੇ ਇਹ ਕਹਿਣਾ ਜ਼ਰੂਰੀ ਹੈ ਕਿ ਚੀਨ ਦੀ ਕਹਾਣੀ ਦੇ ਅੰਤ ਦੀ ਪੇਸ਼ੀਨਗੋਈ ਪਿਛਲੇ ਕੁਝ ਦਹਾਕਿਆਂ ਵਿਚ ਕਈ ਵਾਰ ਕੀਤੀ ਗਈ ਹੈ ਜੋ ਮਾਰਕ ਟਵੇਨ ਦੇ ਸ਼ਬਦਾਂ ਵਿਚ ਜਲਦਬਾਜ਼ੀ ਵਾਲੀ ਗੱਲ ਸਾਬਿਤ ਹੋਈ ਹੈ। ਇਸ ਵਾਰ ਚੀਨੀ ਅਰਥਚਾਰੇ ਵਿਚ ਛੋਟੇ ਮੋਟੇ ਉਭਾਰ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੇ ਵਿਦੇਸ਼ੀ ਸਮੀਖਿਅਕਾਂ ਦਾ ਅਜੇ ਵੀ ਖਿਆਲ ਹੈ ਕਿ ਸਾਲ 2023 ਲਈ ਪੰਜ ਫੀਸਦ ਆਰਥਿਕ ਵਿਕਾਸ ਦਾ ਸਰਕਾਰੀ ਟੀਚਾ ਆਖ਼ਰ ਸਰ ਹੋ ਜਾਵੇਗਾ। ਇਸ ਦਾ ਅਰਥ ਇਹ ਹੋਵੇਗਾ ਕਿ ਇਸ ਸਾਲ ਆਲਮੀ ਵਿਕਾਸ ਦਰ ਦੁੱਗਣੀ ਹੋ ਜਾਵੇਗੀ ਕਿਉਂਕਿ ਕੋਈ ਵੀ ਹੋਰ ਵੱਡਾ ਅਰਥਚਾਰਾ ਪ੍ਰਤੀ ਜੀਅ ਆਮਦਨ ਦੇ ਹਿਸਾਬ ਨਾਲ ਚੀਨ ਦੇ ਪੱਧਰ ਤੋਂ ਬਿਹਤਰ ਕਾਰਗੁਜ਼ਾਰੀ ਨਹੀਂ ਦਿਖਾ ਰਿਹਾ। ਇਸ ਦੇ ਬਾਵਜੂਦ ਪਹਿਲਾਂ ਤੋਂ ਚਲੀਆਂ ਆ ਰਹੀਆਂ ਇਨ੍ਹਾਂ ਧਾਰਨਾਵਾਂ ਵਿਚ ਸੋਧ ਕਰਨ ਦੀ ਲੋੜ ਪਵੇਗੀ ਕਿ ਚੀਨ ਅਮਰੀਕਾ ਨੂੰ ਪਛਾੜ ਕੇ ਅੱਵਲਤਰੀਨ ਅਰਥਚਾਰਾ ਬਣ ਜਾਵੇਗਾ ਅਤੇ ਆਖਰਕਾਰ ਇਹ ਪੱਛਮੀ ਰਣਨੀਤਕ ਦਬਦਬੇ ਨੂੰ ਚੁਣੌਤੀ ਦੇ ਸਕੇਗਾ। ਸ਼ਕਤੀ ਸਮਤੋਲ ਵਿਚ ਕੋਈ ਠੋਸ ਬਦਲਾਓ ਦੀ ਬਜਾਏ ਦੀ ਜਿਹੜੀ ਗੱਲ ਘਟਨਾ ਵਾਪਰਨ ਦੇ ਆਸਾਰ ਬਣ ਰਹੇ ਹਨ, ਉਹ ਹੈ ਆਲਮੀ ਸ਼ਕਤੀ ਦਾ ਮੁੜ ਸਮਤੋਲ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।