ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੀ ਸਮਾਜ ਨੂੰ ਅਪਾਹਜ ਬਣਾਇਆ ਜਾ ਰਿਹਾ ਹੈ?

06:14 AM Dec 01, 2024 IST

ਬਲਦੇਵ ਸਿੰਘ (ਸੜਕਨਾਮਾ)
Advertisement

ਚੋਣਾਂ ਦੇ ਦੌਰ ਵਿੱਚ ਸਿਆਸੀ ਪਾਰਟੀਆਂ ਆਪੋ ਆਪਣੇ ਭੰਡਾਰਿਆਂ ਅਤੇ ਤੋਸ਼ਾਖਾਨਿਆਂ ਦੇ ਮੂੰਹ ਖੋਲ੍ਹ ਦਿੰਦੀਆਂ ਹਨ। ਸਾਡਾ ਦੇਸ਼ ਹਰ ਸਮੇਂ ਚੁਣਾਵੀ ਰੌਂਅ ਵਿੱਚ ਹੁੰਦਾ ਹੈ। ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੋਣਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਤੇ ਵਿੱਚ ਵਿੱਚ ਜ਼ਿਮਨੀ ਚੋਣਾਂ ਦਾ ਵਾਧਾ ਵੀ ਹੁੰਦਾ ਰਹਿੰਦਾ ਹੈ। ਇਨ੍ਹਾਂ ਦਿਨਾਂ ਵਿੱਚ ਸਿਆਸੀ ਪਾਰਟੀਆਂ ਦਾ ਮੁਫ਼ਤ ਸਹੂਲਤਾਂ ਦੇਣ ਦਾ ਮੁਕਾਬਲਾ ਹੁੰਦਾ ਹੈ। ਇੱਕ ਦੂਸਰੀ ਪਾਰਟੀ ਤੋਂ ਲੰਮੀ ਅਤੇ ਉੱਚੀ ਛਾਲ ਮਾਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਹਰ ਪ੍ਰਯੋਗ ਨੂੰ ਸੰਜੋਗ ਕਹਿ ਕੇ ਪ੍ਰਚਾਰਿਆ ਜਾਂਦਾ ਹੈ।
ਚੋਣ ਵਾਲੇ ਸੂਬੇ ਵਿੱਚ ਇੱਕ ਪਾਰਟੀ ਐਲਾਨ ਕਰਦੀ ਹੈ, ਜੇ ਅਸੀਂ ਸੱਤਾ ਵਿੱਚ ਆ ਗਏ ਤਾਂ ਰਸੋਈ ਗੈਸ ਪੰਜ ਸੌ ਰੁਪਏ ਸਿਲੰਡਰ ਦੇਵਾਂਗੇ। ਦੂਸਰੀ ਪਾਰਟੀ ਐਲਾਨ ਕਰਦੀ ਹੈ, ਅਸੀਂ ਗੈਸ ਸਿਲੰਡਰ ਸਾਢੇ ਚਾਰ ਸੌ ਰੁਪਏ ਵਿੱਚ ਦਿਆਂਗੇ। ਕੋਈ ਮੁਫ਼ਤ ਤੀਰਥ ਯਾਤਰਾਵਾਂ ਕਰਾਉਣ ਦਾ ਦਾਅਵਾ ਕਰਦਾ ਹੈ। ਕੋਈ ਪਾਰਟੀ ਹਵਾਈ ਚੱਪਲ ਵਾਲਿਆਂ ਨੂੰ ਹਵਾਈ ਯਾਤਰਾ ਕਰਵਾਉਣ ਦੇ ਲਾਰੇ ਲਾਉਂਦੀ ਹੈ। ਫਿਰ ਇਸਤਰੀ ਵੋਟਰਾਂ ਨੂੰ ਭਰਮਾਇਆ ਜਾਂਦਾ ਹੈ। ਦਿਲ ਲੁਭਾਵਣੀਆਂ ਯੋਜਨਾਵਾਂ ਪੈਦਾ ਕੀਤੀਆਂ ਜਾਂਦੀਆਂ ਹਨ। ਹਰ ਮਹੀਨੇ ਔਰਤਾਂ ਨੂੰ 1500 ਰੁਪਏ ਦੇਣ ਦੇ ਸੰਕਲਪ ਪੱਤਰ ਜਾਰੀ ਹੁੰਦੇ ਹਨ। ਦੂਸਰੀ ਪਾਰਟੀ 2000 ਰੁਪਏ ਮਹੀਨਾ ਦੇਣ ਦੀ ਛਾਲ ਮਾਰਦੀ ਹੈ। ਤੀਸਰੀ ਪਾਰਟੀ ਬੋਲੀ ਲਗਾਉਣ ਵਾਲਿਆਂ ਵਾਂਗ ਐਲਾਨ ਕਰਦੀ ਹੈ, ਬੀਬੀਆਂ ਭੈਣਾਂ ਨੂੰ ਹਰ ਮਹੀਨੇ 2500 ਰੁਪਏ ਦਿਆਂਗੇ। ਆਖ਼ਰ ਬੋਲੀ ਤਿੰਨ ਹਜ਼ਾਰ ਤੱਕ ਚਲੀ ਜਾਂਦੀ ਹੈ। ਇਹ ਸਿਲਸਿਲਾ ਚਲਦਾ ਰਹਿੰਦਾ ਹੈ।
ਮੁਫ਼ਤ ਬਿਜਲੀ, ਮੁਫ਼ਤ ਬੱਸ ਸਫ਼ਰ, ਮੁਫ਼ਤ ਅਨਾਜ, ਅਜਿਹਾ ਹੀ ਹੋਰ ਬੜਾ ਕੁਝ। ਬਦਲੇ ਵਿੱਚ ਸਿਰਫ਼ ਇੱਕ ਵੋਟ। ਬਿਨਾਂ ਵਿਆਜ ਤੋਂ ਕਰਜ਼ਾ ਦੇਣ ਦਾ ਐਲਾਨ ਹੁੰਦਾ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਭਰਮਾਇਆ ਜਾਂਦਾ ਹੈ। ਕਿਵੇਂ ਨਾ ਕਿਵੇਂ ਸੱਤਾ ਹਾਸਿਲ ਹੋ ਜਾਵੇ। ਕਿਵੇਂ ਨਾ ਕਿਵੇਂ ਕੁਰਸੀ ਨੂੰ ਹੱਥ ਪੈ ਜਾਵੇ। ਫਿਰ ਦੇਖਾਂਗੇ ਵਾਅਦਿਆਂ ਉੱਪਰ ਕਿੰਨਾ ਕੁ ਖ਼ਰਾ ਉੱਤਰਨਾ ਹੈ, ਨਹੀਂ ਤਾਂ ਚੁਣਾਵੀ ਜੁਮਲਾ ਕਹਿ ਕੇ ਵਾਅਦੇ ਆਏ-ਗਏ ਵੀ ਕੀਤੇ ਜਾ ਸਕਦੇ ਹਨ।
ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਨਹੀਂ ਹੁੰਦੀਆਂ, ਉਨ੍ਹਾਂ ਸੂਬਿਆਂ ਦੇ ਲੋਕ ਇਤਰਾਜ਼ ਕਰਦੇ ਹਨ। ਸਾਡਾ ਕੀ ਕਸੂਰ ਹੈ, ਅਸੀਂ ਗੈਸ ਸਿਲੰਡਰ 1100 ਰੁਪਏ ’ਚ ਖਰੀਦ ਰਹੇ ਹਾਂ ਤੇ ਇਹ ਸਾਢੇ ਚਾਰ ਸੌ ’ਚ ਦੇਣ ਦੇ ਵਾਅਦੇ ਕਰਦੇ ਹਨ। ਪਰ ਚੋਣਾਂ ਦੇ ਮੇਲੇ ਵਿੱਚ ਚੱਕੀਰਾਹੇ ਦੀ ਕੌਣ ਸੁਣਦਾ ਹੈ?
ਮੁਫ਼ਤ ਸਹੂਲਤਾਂ ਅਤੇ ਰਿਆਇਤਾਂ ਦੀ ਸੂਚੀ ਹੋਰ ਵੀ ਲੰਮੀ ਹੁੰਦੀ ਜਾਂਦੀ ਹੈ। 70 ਸਾਲ ਦੀ ਉਮਰ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ, ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ, ਐੱਮਐੱਸਪੀ ਦੀ ਗਾਰੰਟੀ, ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਾਰੇ...। ਇਹ ਸਭ ਕੁਝ ਇਸ ਤਰ੍ਹਾਂ ਸ਼ਰੇਆਮ ਹੋ ਰਿਹਾ ਹੈ ਜਿਵੇਂ ਮੇਲੇ ਵਿੱਚ ਖੜ੍ਹਾ ਕੋਈ ਆਪਣਾ ਉਤਪਾਦ ਜਾਂ ਖਰੀਦਿਆ ਮਾਲ ਵੇਚ ਰਿਹਾ ਹੋਵੇ।
ਲੈ ਲਓ ਲੈ ਲਓ, ਦੋ ਨਾਲ ਇੱਕ ਮੁਫ਼ਤ, ਇੱਕ ਨਾਲ ਇੱਕ ਮੁਫ਼ਤ।
ਇਹ ਮੌਕਾ ਫੇਰ ਨੀ ਮਿਲਣਾ।
ਸਿਆਸੀ ਪਾਰਟੀਆਂ ਦਾ ਇੱਕ ਦੂਸਰੇ ਨੂੰ ਨਿੰਦਣਾ, ਨੀਵੀਂ ਪੱਧਰ ਤਕ ਦੂਸ਼ਣਬਾਜ਼ੀ, ਆਮ ਵਰਤਾਰਾ ਹੋ ਗਿਆ ਹੈ। ਅਸੀਂ ਆਹ ਕਰ ਦਿੱਤਾ, ਅਸੀਂ ਔਹ ਕਰ ਦਿੱਤਾ। ਵਿਰੋਧੀ ਸੱਤਾ ਵਿੱਚ ਆ ਗਏ ਤਾਂ ਤੁਹਾਡਾ ਸਭ ਕੁਝ ਖੋਹ ਲੈਣਗੇ। ਤੁਹਾਡਾ ਸੁਖ-ਚੈਨ ਚਲਾ ਜਾਏਗਾ। ਸਾਨੂੰ ਵੋਟ ਦਿਓ, ਅਸੀਂ ਦੇਸ਼ ਨੂੰ ਸਵਰਗ ਬਣਾ ਦਿਆਂਗੇ।
ਕੁਝ ਲੋਕ ਸੋਚਦੇ ਹਨ ਜੇ ਇਨ੍ਹਾਂ ਚੋਣਾਂ ਦੇ ਦਿਨਾਂ ਵਿੱਚ ਕੁਝ ਮੁਫ਼ਤ ਮਿਲਦਾ ਹੈ ਤਾਂ ਲੈ ਲਓ। ਚੋਣਾਂ ਤੋਂ ਬਾਅਦ ਤਾਂ ਇਹ ਦਿਸਣਗੇ ਨਹੀਂ। ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
ਫਿਰ ਇੱਕ ਦੂਸਰੇ ਨੂੰ ਭੰਡਿਆ ਜਾਂਦਾ ਹੈ, ਤੇਰੀਆਂ ਰੇਵੜੀਆਂ, ਮੇਰੀਆਂ ਰੇਵੜੀਆਂ, ਤੇਰੀ ਗਾਰੰਟੀ, ਮੇਰੀ ਗਾਰੰਟੀ। ਤੂੰ ਡਾਲ ਡਾਲ, ਮੈਂ ਪਾਤ ਪਾਤ। ਮੈਂ ਮਹਾਨ, ਬਾਕੀ ਸਭ ਸ਼ੈਤਾਨ, ਵਾਲੀ ਧਾਰਨਾ ਹਰ ਸਿਆਸੀ ਪਾਰਟੀ ਵਿੱਚ ਹੈ। ਤੂੰ ਚਾਰ ਰਿਆਇਤਾਂ ਦੇਵੇਂਗਾ, ਮੈਂ ਛੇ ਰਿਆਇਤਾਂ ਦੇਵਾਂਗਾ। ਇਹੀ ਸੋਚ ਲੈ ਕੇ ਹਰ ਪਾਰਟੀ, ਦੂਸਰੀ ਨੂੰ ਠਿੱਬੀ ਲਾਉਣ ਦੀ ਰਾਹ ਅਤੇ ਮੌਕਾ ਤਲਾਸ਼ਦੀ ਰਹਿੰਦੀ ਹੈ।
ਕੁਝ ਦਿਨ ਪਹਿਲਾਂ ਮੈਂ ਇੱਕ ਛੋਟੀ ਵੀਡੀਓ ਦੇਖੀ। ਉਸ ਵਿੱਚ ਇੱਕ ਭਾਰਤੀ ਔਰਤ ਵਿਦੇਸ਼ ਵਿੱਚ ਰਹਿੰਦੀ ਹੈ। ਉਹ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਨੂੰ ਚੋਗਾ (ਦਾਣੇ) ਪਾ ਰਹੀ ਦਿਸਦੀ ਹੈ। ਕੁਝ ਪੰਛੀ ਛੱਤ ਉੱਪਰ ਉੱਤਰੇ ਹੋਏ ਦਿਖਾਈ ਦਿੰਦੇ ਹਨ। ਘਰ ਦੇ ਗੁਆਂਢ ਵਿੱਚ ਇੱਕ ਮੂਲਵਾਸੀ ਇਹ ਸਭ ਦੇਖਦਾ ਹੈ। ਇੱਕ ਦਿਨ, ਦੋ ਦਿਨ, ਤਿੰਨ ਦਿਨ। ਜਦ ਉਸ ਕੋਲੋਂ ਇਹ ਸਭ ਸਹਿਣ ਨਹੀਂ ਹੋਇਆ ਤਾਂ ਵਿਦੇਸ਼ੀ ਨੇ ਉਸ ਔਰਤ ਨੂੰ ਪੁੱਛਿਆ:
‘‘ਹਰ ਰੋਜ਼ ਇਹ ਕੀ ਕੰਮ ਫੜਿਆ ਤੂੰ?’’
ਔਰਤ ਹੈਰਾਨ ਹੋਈ, ਕਿਹਾ, ‘‘ਦਿਸਦਾ ਨਹੀਂ, ਮੈਂ ਪੰਛੀਆਂ ਨੂੰ ਭੋਜਨ ਦੇ ਰਹੀ ਹਾਂ।’’ ‘‘ਭੋਜਨ ਨਹੀਂ ਦੇ ਰਹੀ, ਤੂੰ ਇਨ੍ਹਾਂ ਪੰਛੀਆਂ ਨੂੰ ਅਪਾਹਜ ਬਣਾ ਰਹੀ ਹੈਂ। ਇਨ੍ਹਾਂ ਅੰਦਰ ਖ਼ੁਦ ਭੋਜਨ ਲੱਭਣ ਦੀ ਊਰਜਾ ਨੂੰ ਮਾਰ ਰਹੀ ਹੈਂ।’’ ਔਰਤ ਹੈਰਾਨ ਸੀ, ਇਹ ਕਿਸ ਤਰ੍ਹਾਂ ਦਾ ਨਿਰਦਈ ਮਨੁੱਖ ਹੈ, ਇਸ ਅੰਦਰ ਪੰਛੀਆਂ ਲਈ ਵੀ ਦਇਆ ਨਹੀਂ ਹੈ।
ਇਹ ਉਸ ਔਰਤ ਦੀ ਸੋਚ ਸੀ। ਵਿਦੇਸ਼ੀ ਬੰਦੇ ਦਾ ਆਪਣਾ ਤਰਕ ਸੀ। ਜਦੋਂ ਪੰਛੀਆਂ ਨੂੰ ਛੱਤ ਉੱਪਰ ਬਿਨਾਂ ਲੰਮੀ ਉਡਾਰੀ ਦੇ ਭੋਜਨ ਹਾਸਿਲ ਹੁੰਦਾ ਹੈ ਤਾਂ ਉਹ ਕਿਉਂ ਇੱਧਰ ਉੱਧਰ ਭਟਕਣ। ਕੁਝ ਸਮੇਂ ਬਾਅਦ ਉਹ ਲੰਮੀ ਉਡਾਰੀ ਮਾਰਨਾ ਹੀ ਭੁੱਲ ਗਏ। ਉਨ੍ਹਾਂ ਅੰਦਰ ਜੂਝਣ ਦੀ, ਸੰਘਰਸ਼ ਕਰਨ ਦੀ ਤਾਕਤ ਹੀ ਨਾ ਰਹੀ। ਉਹ ਮੁਫ਼ਤ ਦੇ ਖਿਲਾਰੇ ਭੋਜਨ ਦੀ ਉਡੀਕ ਵਿੱਚ ਹੀ ਛੱਤ ਉੱਪਰ ਆ ਕੇ ਬੈਠੇ ਰਹਿੰਦੇ।
ਮੁਫ਼ਤ ਦੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਰਨ ਸਾਡੇ ਲੋਕਾਂ ਵਿੱਚ ਅਜਿਹਾ ਹੀ ਵਾਪਰਨ ਜਾ ਰਿਹਾ ਹੈ। ਮੁਫ਼ਤ ਦੀ ਬਿਜਲੀ, ਮੁਫ਼ਤ ਦਾ ਰਾਸ਼ਨ, ਮੁਫ਼ਤ ਵਿੱਚ ਬੱਸਾਂ ਦਾ ਸਫ਼ਰ, ਹਰ ਮਹੀਨੇ ਖਾਤਿਆਂ ਵਿੱਚ ਪੈਸਾ ਆਉਣ ਦੇ ਲਾਲਚ। 80-85 ਕਰੋੜ ਲੋਕ ਮੁਫ਼ਤ ਦੇ ਰਾਸ਼ਨ ਡਿਪੂਆਂ ਅੱਗੇ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਦਿਸਦੇ ਹਨ। ਕਦੇ ਕਿਸੇ ਫ਼ਿਕਰਮੰਦੀ ਨੇ ਸੋਚਿਆ ਹੈ, ਮੁਫ਼ਤ ਦੀਆਂ ਇਹ ਸਭ ਵਸਤਾਂ ਪ੍ਰਾਪਤ ਕਰਨ ਵਾਲਿਆਂ ਦਾ ਭਵਿੱਖ ਕੀ ਹੋਵੇਗਾ? ਕੀ ਇਹ ਕਦੇ ਮਿਹਨਤ ਕਰ ਕੇ ਕਮਾਉਣ ਬਾਰੇ ਵੀ ਸੋਚਣਗੇ ਜਾਂ ਇਹ ਸਭ ਝੋਲੀ ਫੈਲਾ ਕੇ ਮੰਗਣ ਜੋਗੇ ਰਹਿ ਜਾਣਗੇ।
ਕਿਹੋ ਜਿਹਾ ਭਵਿੱਖ ਸਿਰਜ ਰਹੇ ਹਾਂ ਅਸੀਂ? ਇਹ ਕਿਸ ਤਰ੍ਹਾਂ ਦਾ ਵਿਕਾਸ ਹੈ? ਕੀ ਇਹ ਵੱਡੀ ਚਿੰਤਾ ਦੀ ਗੱਲ ਨਹੀਂ ਹੈ? ਮੈਂ ਬੰਗਾਲ ਵਿੱਚ ਵੀਹ ਸਾਲ ਰਿਹਾ ਹਾਂ, ਉੱਥੋਂ ਦਾ ਇੱਕ ਅਖਾਣ ਹੈ, ‘ਬੰਗਾਲੀ ਨੂੰ ਮੁਫ਼ਤ ਮੱਛੀਆਂ ਦੇਣ ਦੀ ਥਾਂ ਉਸ ਨੂੰ ਮੱਛੀਆਂ ਫੜਨ ਦੀ ਜਾਚ ਸਿਖਾਓ।’ ਸਰਕਾਰਾਂ ਲੋਕਾਂ ਨੂੰ ਏਨਾ ਸਮਰੱਥ ਕਿਉਂ ਨਹੀਂ ਬਣਾਉਂਦੀਆਂ ਕਿ ਉਨ੍ਹਾਂ ਨੂੰ ਮੁਫ਼ਤ ਕੁਝ ਵੀ ਦੇਣ ਦੀ ਲੋੜ ਹੀ ਨਾ ਪਵੇ। ਉਹ ਅਣਖ ਅਤੇ ਸ਼ਾਨ ਨਾਲ ਆਪਣੀ ਮਿਹਨਤ ਦੇ ਸਿਰ ’ਤੇ ਜੀਅ ਸਕਣ। ਪਰ ਇਹ ਕਰੇਗਾ ਕੌਣ? ਸੱਤਾ ਨੂੰ ਅਪਾਹਜ ਸਮਾਜ ਹੀ ਰਾਸ ਆਉਂਦਾ ਹੈ।
ਸੰਪਰਕ: 98147-83069

Advertisement
Advertisement