For the best experience, open
https://m.punjabitribuneonline.com
on your mobile browser.
Advertisement

ਕੀ ਸਮਾਜਵਾਦੀ ਪ੍ਰਭਾਵ ਘਟ ਰਿਹਾ ਹੈ?

06:16 AM May 14, 2024 IST
ਕੀ ਸਮਾਜਵਾਦੀ ਪ੍ਰਭਾਵ ਘਟ ਰਿਹਾ ਹੈ
Advertisement

ਡਾ. ਸ. ਸ. ਛੀਨਾ

Advertisement

ਸਾਰੇ ਹੀ ਧਾਰਮਿਕ ਆਗੂਆਂ ਵੱਲੋਂ ਸਮਾਜਿਕ ਬਰਾਬਰੀ ’ਤੇ ਖਾਸ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਅਤੇ ਸਮਾਜਿਕ ਬਰਾਬਰੀ ਸਥਾਪਿਤ ਹੀ ਤਾਂ ਹੋ ਸਕਦੀ ਹੈ ਜੇ ਆਰਥਿਕ ਬਰਾਬਰੀ ਹੈ, ਨਹੀਂ ਤਾਂ ਸਮਾਜਿਕ ਬਰਾਬਰੀ ਨੂੰ ਪਰਿਭਾਸ਼ਤ ਵੀ ਨਹੀਂ ਕੀਤਾ ਜਾ ਸਕਦਾ। 1991 ਵਿਚ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਨਾਲ ਸਮਾਜਵਾਦ ਨੂੰ ਭਾਵੇਂ ਵੱਡੀ ਸੱਟ ਵੱਜੀ, ਇੱਥੋਂ ਤੱਕ ਕਿ ਉਹ 16 ਵੱਖ-ਵੱਖ ਦੇਸ਼ ਜਿਹੜੇ ਸੋਵੀਅਤ ਯੂਨੀਅਨ ਦਾ ਹਿੱਸਾ ਬਣੇ ਸਨ ਅਤੇ ਜਿਨ੍ਹਾਂ ਨੇ ਸਮਾਜਵਾਦ ਅਪਣਾਇਆ ਸੀ, ਉਨ੍ਹਾਂ ਵੀ ਸੋਵੀਅਤ ਯੂਨੀਅਨ ਤੋਂ ਵੱਖ ਹੋ ਕੇ ਆਪੋ-ਆਪਣੇ ਸੁਤੰਤਰ ਰਾਜ ਸਥਾਪਤ ਕਰ ਲਏ। ਇਨ੍ਹਾਂ ਵਿਚ ਯੂਕਰੇਨ, ਜਾਰਜੀਆ, ਉਜ਼ਬੇਕਿਸਤਾਨ, ਤਜ਼ਾਕਿਸਤਾਨ, ਕਜ਼ਾਖਸਤਾਨ ਆਦਿ ਆਉਂਦੇ ਹਨ ਪਰ ਉਨ੍ਹਾਂ ਸਾਰੇ ਸਮਾਜਵਾਦੀ ਤੋਂ ਬਦਲੇ ਦੇਸ਼ਾਂ ਨੇ ਸਮਾਜਵਾਦ ਦੀ ਮੁੱਢਲੀ ਗੱਲ ਸਮਾਜਿਕ ਬਰਾਬਰੀ ਨੂੰ ਤਰਜੀਹ ਦਿੱਤੀ ਅਤੇ ਲਗਾਤਾਰ ਸੁਧਾਰਾਂ ਨਾਲ ਸਮਾਜਿਕ ਸੁਰੱਖਿਆ ਵਿਚ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾ ਤਾਂ ਸਮਾਜਵਾਦ ਫੇਲ੍ਹ ਹੋ ਸਕਦਾ ਅਤੇ ਨਾ ਹੀ ਸਮਾਜਵਾਦ ਖ਼ਤਮ ਹੋ ਸਕਦਾ ਹੈ ਭਾਵੇਂ ਇਸ ਦੀ ਸੂਰਤ ਵਿਚ ਤਬਦੀਲੀ ਆਉਂਦੀ ਰਹੇਗੀ।
ਮੱਧਕਾਲ ਤੋਂ ਬਾਅਦ ਜਦੋਂ ਇਤਿਹਾਸ ਦੇ ਆਧੁਨਿਕ ਭਾਗ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਵੱਖ-ਵੱਖ ਦੇਸ਼ਾਂ ਵਿਚ ਸਮਾਜਿਕ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਵੱਡੇ ਵੱਡੇ ਸੰਘਰਸ਼ਾਂ ਦੀਆਂ ਦਾਸਤਾਨਾਂ ਨਜ਼ਰ ਆਉਂਦੀਆਂ ਹਨ ਪਰ ਮੈਂ ਸਿਰਫ਼ ਦੋ ਤਿੰਨ ਦਾ ਹੀ ਜ਼ਿਕਰ ਕਰਾਂਗਾ। 19ਵੀਂ ਸਦੀ ਤੋਂ ਪਹਿਲਾਂ ਦੁਨੀਆ ਭਰ ਵਿਚ ਖੇਤੀਬਾੜੀ ਹੀ ਮੁੱਖ ਪੇਸ਼ਾ ਸੀ ਅਤੇ ਖੇਤੀ ਵਿਚ ਹੋਈ ਇਨਕਲਾਬੀ ਉਨਤੀ ਦੇ ਆਧਾਰ ’ਤੇ 19ਵੀਂ ਸਦੀ ਦੇ ਸ਼ੁਰੂ ਵਿਚ ਪਹਿਲਾਂ ਇੰਗਲੈਂਡ ਅਤੇ ਫਿਰ ਹੋਰ ਦੇਸ਼ਾਂ ਵਿਚ ਸਨਅਤੀ ਇਨਕਲਾਬ ਆਇਆ। ਉਸ ਵਕਤ ਖੇਤੀ ਕਰਨ ਵਾਲੇ ਕਿਸਾਨਾਂ ਦੇ ਦੋ ਸੰਘਰਸ਼ ਇਤਿਹਾਸ ਦਾ ਹਿੱਸਾ ਬਣੇ। ਪਹਿਲਾ ਸੀ 1534 ਵਿਚ ਜਰਮਨੀ ਦੇ ਕਿਸਾਨਾਂ ਦਾ ਸੰਘਰਸ਼, ਜਿਸ ਵਿਚ ਉਨ੍ਹਾਂ ਨੇ ਉਸ ਵਕਤ ਦੇ ਹਾਕਮਾਂ ਨੂੰ ਮਜਬੂਰ ਕੀਤਾ ਕਿ ਉਹ ਉਨ੍ਹਾਂ ਦੇ ਹੱਕ ਦੀ ਨੀਤੀ ਲਾਗੂ ਕਰਨ ਅਤੇ ਉਸ ਤੋਂ ਬਾਅਦ 1789 ਵਿਚ ਫਰਾਂਸ ਦੀ ਕ੍ਰਾਂਤੀ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਕਿਸਾਨ ਖ਼ੂਨੀ ਇਨਕਲਾਬ ਕਰਕੇ ਉਸ ਵਕਤ ਦੇ ਵੱਡੇ ਜ਼ਿਮੀਂਦਾਰਾਂ ਅਤੇ ਰਜਵਾੜਿਆਂ ਕੋਲੋਂ ਜ਼ਮੀਨਾਂ ਖੋਹ ਕੇ ਉਨ੍ਹਾਂ ਦੇ ਮਾਲਕ ਬਣੇ। ਮਾਰਕਸ ਅਤੇ ਏਂਜਲਸ ਨੇ ਸਮਾਜਵਾਦ ਦਾ ਜਿਹੜਾ ਸਿਧਾਂਤ ਦਿੱਤਾ ਸੀ ਜਿਸ ਦੀ ਮੁੱਖ ਮਦ ਸਮਾਜਿਕ ਅਤੇ ਆਰਥਿਕ ਬਰਾਬਰੀ ਸੀ, ਉਸ ਵਿਚ ਉਨ੍ਹਾਂ ਦੀ ਕਿਆਸਰਾਈ ਸੀ ਕਿ ਜਿਨ੍ਹਾਂ ਦੇਸ਼ਾਂ ਵਿਚ ਉਦਯੋਗਿਕ ਵਿਕਾਸ ਹੋ ਰਿਹਾ ਹੈ ਉਨ੍ਹਾਂ ਦੇ ਉਦਯੋਗਿਕ ਕਿਰਤੀਆਂ ਵੱਲੋਂ ਸਮਾਜਵਾਦ ਸਥਾਪਤ ਕੀਤਾ ਜਾਵੇਗਾ ਅਤੇ ਰਜਵਾੜਾ ਪ੍ਰਣਾਲੀ ਖ਼ਤਮ ਕੀਤੀ ਜਾਵੇਗੀ।
ਰੂਸ ਵਿਚ ਜਦੋਂ 1917 ’ਚ ਸਮਾਜਵਾਦ ਸਥਾਪਤ ਕੀਤਾ ਗਿਆ ਤਾਂ ਉਸ ਸਮਾਜਵਾਦ ਦੀ ਅਗਵਾਈ ਉਦਯੋਗਿਕ ਕਿਰਤੀਆਂ ਨੇ ਨਹੀਂ ਸਗੋਂ ਕਿਸਾਨਾਂ ਨੇ ਕੀਤੀ, ਫਿਰ ਰੂਸ ਉਸ ਵਕਤ ਤੱਕ ਉਦਯੋਗਿਕ ਦੇਸ਼ ਬਣਿਆ ਹੀ ਨਹੀਂ ਸੀ ਅਤੇ ਉੱਥੋਂ ਦੀ ਜ਼ਿਆਦਾਤਰ ਵਸੋਂ ਖੇਤੀ ’ਤੇ ਨਿਰਭਰ ਕਰਦੀ ਸੀ। ਉਦੋਂ ਕਿਸਾਨਾਂ ਨੇ ਕਿਰਤੀਆਂ ਨਾਲ ਮਿਲ ਕੇ ਉੱਥੋਂ ਦੇ ਹੁਕਮਰਾਨ ਜਾਰ ਨੂੰ ਲਾਹ ਕੇ ਕਿਸਾਨਾਂ ਅਤੇ ਕਿਰਤੀਆਂ ਦਾ ਰਾਜ ਸਥਾਪਤ ਕਰ ਦਿੱਤਾ। 2016 ਵਿਚ ਜਾਂ 1991 ਵਿਚ ਸੋਵੀਅਤ ਯੂਨੀਅਨ ਵੱਲੋਂ ਅਧਿਕਾਰਤ ਤੌਰ ’ਤੇ ਸਮਾਜਵਾਦ ਛੱਡਣ ਦੇ ਤਕਰੀਬਨ 24 ਸਾਲ ਬਾਅਦ ਮੈਂ ਇਕ ਵਾਰ ਰੁਮਾਨੀਆ ਜਾ ਰਿਹਾ ਸਾਂ ਅਤੇ ਮੈਨੂੰ ਕੋਈ 4 ਘੰਟੇ ਮਾਸਕੋ ਦੇ ਹਵਾਈ ਅੱਡੇ ’ਤੇ ਬੁਖਾਰੈਸਟ ਵਾਲੇ ਜਹਾਜ਼ ਦੀ ਉਡੀਕ ਕਰਨੀ ਪਈ। ਉਥੇ ਮੈਂ ਹਰ ਕਰਮਚਾਰੀ ਦੀ ਬਾਂਹ ’ਤੇ ਲੱਗੇ ਦਾਤਰੀ ਅਤੇ ਹਥੌੜੇ ਦੇ ਬਣੇ ਨਿਸ਼ਾਨ ਤੋਂ ਬਹੁਤ ਹੈਰਾਨ ਹੋਇਆ। ਮੈਂ ਇਕ ਕਰਮਚਾਰੀ ਨੂੰ ਪੁੱਛਿਆ ਕਿ 1991 ਵਿਚ ਸੋਵੀਅਤ ਯੂਨੀਅਨ ਵੱਲੋਂ ਸਮਾਜਵਾਦ ਨੂੰ ਨਕਾਰਨ ਤੋਂ ਬਾਅਦ ਵੀ ‘‘ਦਾਤਰੀ ਅਤੇ ਹਥੌੜੇ’’ ਦੇ ਨਿਸ਼ਾਨ ਨੂੰ ਕਿਉਂ ਅਪਣਾਇਆ ਜਾ ਰਿਹਾ ਹੈ ਤਾਂ ਉਸ ਨੇ ਬਹੁਤ ਢੁਕਵਾਂ ਜਵਾਬ ਦਿੱਤਾ ਕਿ ਉਸ ਸਮੇਂ ਆਈਆਂ ਆਰਥਿਕ ਮੁਸ਼ਕਲਾਂ ਦਾ ਮੁੱਖ ਕਾਰਨ ਪ੍ਰਬੰਧਕੀ ਅਯੋਗਤਾ ਸੀ ਪਰ ਉਸ ਤੋਂ ਬਾਅਦ ‘ਸਮਾਜਿਕ ਬਰਾਬਰੀ’ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਅਪਨਾਇਆ ਗਿਆ ਹੈ ਅਤੇ ਸਮਾਜਿਕ ਬਰਾਬਰੀ ਵੀ ਬਣਾ ਕੇ ਰੱਖੀ ਹੋਈ ਹੈ। ਸਮਾਜਵਾਦ ਨੂੰ ਕਦੇ ਵੀ ਅਸਲੀਅਤ ਵਿਚ ਨਹੀਂ ਨਕਾਰਿਆ ਭਾਵੇਂ ਆਰਥਿਕ ਪ੍ਰਬੰਧ ਵਿਚ ਕੁਝ ਖੁੱਲ੍ਹਾਂ ਜ਼ਰੂਰ ਦਿੱਤੀਆਂ ਗਈਆਂ ਹਨ। ਉਨ੍ਹਾਂ ਆਰਥਿਕ ਖੁੱਲ੍ਹਾਂ ਬਾਰੇ ਮੈਨੂੰ ਕੁਝ ਸਮੇਂ ਬਾਅਦ ਹੀ ਗਿਆਨ ਹੋ ਗਿਆ। ਉਹ ਇਸ ਤਰ੍ਹਾਂ ਹੋਇਆ ਕਿ ਮੈਂ ਅਤੇ ਮੇਰੇ ਨਾਲ ਦੇ ਦੋ ਹੋਰ ਸਾਥੀਆਂ ਨੇ ਸਮਾਂ ਬਿਤਾਉਣ ਲਈ ਚਾਹ ਦਾ ਆਰਡਰ ਦਿੱਤਾ ਪਰ ਉਸ ਲੜਕੀ ਨੇ ਸਾਨੂੰ ਪੁੱਛਿਆ: ਕੀ ਆਪ ਦੇ ਕੋਲ ਅਮਰੀਕਨ ਡਾਲਰ ਜਾਂ ਰੂਬਲ (ਰੂਸ ਦੀ ਕਰੰਸੀ) ਹੈ, ਭਾਵੇਂ ਸਾਡੇ ਕੋਲ ਡਾਲਰ ਤਾਂ ਸਨ ਪਰ ਅਸੀਂ ਇਸ ਗੱਲੋਂ ਬਹੁਤ ਹੈਰਾਨ ਹੋਏ ਕਿ ਅਮਰੀਕਾ ਜਿਸ ਨਾਲ ਰੂਸ ਦੀ ਲਗਾਤਾਰ ਕੋਈ 70 ਸਾਲ ਸਰਦ ਜੰਗ ਜਾਰੀ ਰਹੀ, ਉੱਥੇ ਹੁਣ ਰੂਬਲ ਤੋਂ ਇਲਾਵਾ ਜੇ ਕਿਸੇ ਕਰੰਸੀ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਉਹ ਅਮਰੀਕਾ ਦਾ ਡਾਲਰ ਹੀ ਹੈ। ਇਸ ਗੱਲ ਨੇ ਸਾਡੇ ਮਨ ਵਿਚ ਕਈ ਹੋਰ ਸੁਆਲ ਪੈਦਾ ਕੀਤੇ ਪਰ ਅਸੀਂ ਗੱਲਬਾਤ ਨਾਲ ਬਿਲਕੁਲ ਸੰਤੁਸ਼ਟ ਹੋ ਗਏ ਕਿ ਵਪਾਰਕ ਅਤੇ ਆਰਥਿਕ ਲੋੜਾਂ ਅਨੁਸਾਰ ਲੋਕਹਿੱਤ ਲਈ ਜੇ ਕੋਈ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਇਸ ਦਾ ਇਹ ਅਰਥ ਨਹੀਂ ਕੱਢਿਆ ਜਾ ਸਕਦਾ ਕਿ ਹੁਣ ਉੱਥੇ ਉਹ ਅਗਾਂਹਵਧੂ ਨੀਤੀਆਂ ਦਾ ਖ਼ਾਤਮਾ ਹੋ ਗਿਆ ਹੈ।
ਜਦੋਂ 1917 ’ਚ ਰੂਸ ਵਿਚ ਇਨਕਲਾਬ ਹੋਇਆ ਸੀ ਤਾਂ ਉਸ ਵਕਤ ਰੂਸ ਬਹੁਤ ਵਿਸ਼ਾਲ ਦੇਸ਼ ਅਤੇ ਕੁਦਰਤੀ ਤੇ ਆਰਥਿਕ ਸਾਧਨਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਆਪਣੀਆਂ ਖੁਰਾਕ ਲੋੜਾਂ ਵੀ ਪੂਰੀਆਂ ਕਰਨ ਯੋਗ ਨਹੀਂ ਸੀ। ਉੱਥੋਂ ਦਾ ਹੁਕਮਰਾਨ ਜਾਰ ਅਤੇ ਪ੍ਰਾਤਾਂ ਦੇ ਪ੍ਰਬੰਧਕਾਂ ਨੂੰ ਆਮ ਵਿਅਕਤੀਆਂ ਦੀਆਂ ਮੁਸ਼ਕਲਾਂ ਦਾ ਕੋਈ ਗਿਆਨ ਨਹੀਂ ਸੀ ਪਰ ਇਨਕਲਾਬ ਤੋਂ ਬਾਅਦ ਕੁਝ ਹੀ ਸਾਲਾਂ ਵਿਚ ਰੂਸ ਦੁਨੀਆ ਦੀ ਨਾ ਸਿਰਫ਼ ਵੱਡੀ ਆਰਥਿਕ ਸ਼ਕਤੀ ਬਣਿਆ ਸਗੋਂ ਸਭ ਤੋਂ ਮਹੱਤਵਪੂਰਨ ਫੌਜੀ ਤਾਕਤ ਵੀ ਬਣ ਗਿਆ ਸੀ। ਸਿਰਫ਼ 40 ਸਾਲਾਂ ਵਿਚ 1957 ਤੱਕ ਉਸ ਦੇਸ਼ ਦੇ ਵਿਗਿਆਨਕ ਅਤੇ ਉਦਯੋਗਿਕ ਖੇਤਰ ਵਿਚ ਓਨੀਆਂ ਪ੍ਰਾਪਤੀਆਂ ਕੀਤੀਆਂ ਸਨ ਕਿ ਪੁਲਾੜ ਵਿਚ ਹੋਰ ਗ੍ਰਹਿਆਂ ਦੀ ਖੋਜ ਕਰਨ ਲਈ ਸਭ ਤੋਂ ਪਹਿਲਾ ਵਿਅਕਤੀ ਯੂਰੀ ਗਾਗਰਿਨ ਸੋਵੀਅਤ ਯੂਨੀਅਨ ਨੇ ਹੀ ਭੇਜਿਆ ਸੀ। ਦੂਸਰੀ ਵੱਡੀ ਜੰਗ ਵਿਚ ਸੋਵੀਅਤ ਯੂਨੀਅਨ ਨਹੀਂ ਸੀ ਪੈਣਾ ਚਾਹੁੰਦਾ ਅਤੇ ਜੰਗ ਦੇ ਹੱਕ ਵਿਚ ਵੀ ਨਹੀਂ ਸੀ ਪਰ ਜਦੋਂ ਜਰਮਨੀ ਵੱਲੋਂ ਉਸ ’ਤੇ ਹਮਲਾ ਕਰਕੇ ਉਸ ਨੂੰ ਜੰਗ ਵਿਚ ਕੁੱਦਣ ਲਈ ਮਜਬੂਰ ਕਰ ਦਿੱਤਾ ਸੀ ਤਾਂ ਨਾਜ਼ੀ ਅਤੇ ਫਾਸ਼ੀ ਸ਼ਕਤੀਆਂ ਦੀ ਹਾਰ ਦਾ ਵੱਡਾ ਕਾਰਨ ਵੀ ਰੂਸ ਹੀ ਸੀ। ਭਾਵੇਂ ਇਸ ਜੰਗ ਵਿਚ ਰੂਸੀਆਂ ਨੂੰ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਉਠਾਉਣਾ ਪਿਆ ਸੀ।
ਸੋਵੀਅਤ ਯੂਨੀਅਨ ਦੀ ਪ੍ਰਣਾਲੀ ਦੀ ਸਫ਼ਲਤਾ ਦੀਆਂ ਕਈ ਗੱਲਾਂ ਹਨ ਪਰ ਕੁਝ ਦੱਸਣੀਆਂ ਜ਼ਰੂਰੀ ਹਨ ਜਿਨ੍ਹਾਂ ਦਾ ਅਜੇ ਵੀ ਦੁਨੀਆ ਭਰ ਵਿਚ ਮਹੱਤਵ ਹੈ। 1927 ਵਿਚ ਦੁਨੀਆ ਭਰ ਵਿਚ ਮੰਦੀ ਫੈਲੀ ਸੀ ਜਿਸ ਵਿਚ ਵਸਤੂਆਂ ਦੀਆਂ ਕੀਮਤਾਂ ਘਟ ਰਹੀਆਂ ਸਨ ਪਰ ਘੱਟ ਹੋਣ ਦੇ ਬਾਵਜੂਦ ਵੀ ਵਿਕ ਨਹੀਂ ਸਨ ਰਹੀਆਂ ਇਸ ਲਈ ਹੋਰ ਬਣਾਉਣ ਦੀ ਲੋੜ ਨਹੀਂ ਸੀ। ਕਾਰਖਾਨੇ ਅਤੇ ਉਤਪਾਦਕ ਅਦਾਰੇ ਬੰਦ ਹੋ ਰਹੇ ਸਨ ਅਤੇ ਦੁਨੀਆ ਭਰ ਵਿਚ ਬੇਰੁਜ਼ਗਾਰੀ ਫੈਲ ਰਹੀ ਸੀ ਪਰ ਰੂਸ ਹੀ ਇਕੱਲਾ ਦੇਸ਼ ਸੀ ਜਿੱਥੇ ਨਾ ਕੀਮਤਾਂ ਘਟੀਆਂ ਅਤੇ ਨਾ ਬੇਰੁਜ਼ਗਾਰੀ ਹੋਈ। 1939 ਵਿਚ ਜਦੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਇਕ ਦਮ ਸਾਰੀ ਹੀ ਦੁਨੀਆ ਵਿਚ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਧ ਰਹੀਆਂ ਸਨ ਅਤੇ ਆਮ ਆਦਮੀ ਦੁਖੀ ਸੀ ਪਰ ਸੋਵੀਅਤ ਯੂਨੀਅਨ ਇਕੱਲਾ ਹੀ ਦੇਸ਼ ਸੀ ਜਿੱਥੇ ਕੀਮਤਾਂ ਸਥਿਰ ਸਨ। ਜੰਗ ਦੇ ਖ਼ਾਤਮੇ ਤੋਂ ਬਾਅਦ ਬਹੁਤ ਸਾਰੇ ਦੇਸ਼ ਜਿਵੇਂ ਪੋਲੈਂਡ, ਰੁਮਾਨੀਆ, ਆਸਟਰੀਆ, ਯੂਗੋਸਲਾਵੀਆ, ਚੈਕੋਸਲੋਵਾਕੀਆ ਆਿਦ ਸੋਵੀਅਤ ਯੂਨੀਅਨ ਦੀ ਹੋਈ ਉਨਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸਮਾਜਵਾਦ ਅਪਣਾਇਆ ਸੀ ਅਤੇ 1949 ਵਿਚ ਚੀਨ ਨੇ ਇਕਦਮ ਸਮਾਜਵਾਦ ਅਪਣਾ ਕੇ ਪਿਛਲੀ ਪ੍ਰਣਾਲੀ ਨੂੰ ਬਿਲਕੁਲ ਖ਼ਤਮ ਕਰ ਦਿੱਤਾ। ਉਸ ਵਕਤ ਚੀਨ ਦੁਨੀਆ ਵਿਚ ਵਸੋਂ ਦੇ ਹਿਸਾਬ ਸਭ ਤੋਂ ਵੱਡਾ ਦੇਸ਼ ਸੀ। 1975 ਤੱਕ ਕੋਈ 69 ਫ਼ੀਸਦੀ ਵਸੋਂ ਨੇ ਦੁਨੀਆ ਵਿਚ ਸਮਾਜਵਾਦ ਅਪਣਾ ਲਿਆ ਸੀ।
ਜਿਨ੍ਹਾਂ ਦੇਸ਼ਾਂ ਨੇ ਸਮਾਜਵਾਦ ਨਹੀਂ ਸੀ ਅਪਣਾਇਆ ਉਨ੍ਹਾਂ ਨੂੰ ਵੀ ਸਮਾਜਵਾਦ ਨੇ ਪ੍ਰਭਾਿਵਤ ਕੀਤਾ। 1947 ਤੋਂ ਪਹਿਲਾਂ ਇਕੱਲਾ ਭਾਰਤ ਹੀ ਨਹੀਂ ਸਗੋਂ ਕਈ ਹੋਰ ਦੇਸ਼ ਇੰਗਲੈਂਡ, ਫਰਾਂਸ, ਹਾਲੈਂਡ ਦੇ ਅਧੀਨ ਸਨ ਅਤੇ ਉਨ੍ਹਾਂ ਦੇਸ਼ਾਂ ਵਿਚ ਆਪਣੀ ਸੁਤੰਤਰਤਾ ਲਈ ਸੰਘਰਸ਼ ਚੱਲ ਰਹੇ ਸਨ। ਉਨ੍ਹਾਂ ਸਾਰੇ ਦੇਸ਼ਾਂ ਨੂੰ ਸੋਵੀਅਤ ਯੂਨੀਅਨ ਦੇ ਸਮਾਜਵਾਦ ਨੇ ਪ੍ਰਭਾਵਿਤ ਕਰਕੇ ਉਨ੍ਹਾਂ ਦੇਸ਼ਾਂ ਦੀ ਸੁਤੰਤਰਤਾ ਨੂੰ ਅਸਲੀ ਸ਼ਕਲ ਦਿੱਤੀ ਅਤੇ ਇਕ ਤੋਂ ਬਾਅਦ ਇਕ ਦੇਸ਼ ਸੁਤੰਤਰ ਹੁੰਦਾ ਗਿਆ। ਦੁਨੀਆ ਭਰ ਦੇ ਦੇਸ਼ਾਂ ਵਿਚ ਨਾ ਸਿਰਫ਼ ਉਦਯੋਗਿਕ ਕਿਰਤੀਆਂ ਦੀਆਂ ਸਗੋਂ ਹੋਰ ਸੇਵਾਵਾਂ ਦੇਣ ਵਾਲਿਆਂ ਦੀਆਂ ਯੂਨੀਅਨਾਂ ਸਥਾਪਤ ਹੋਈਆਂ ਜਿਨ੍ਹਾਂ ਨੇ ਕੰਮ ਦਾ ਸਮਾਂ, ਸਮਾਜਿਕ ਸੁਰੱਖਿਆ, ਇਲਾਜ ਦੀ ਵਿਵਸਥਾ ਅਤੇ ਹੋਰ ਮਨੁੱਖੀ ਅਧਿਕਾਰਾਂ ਲਈ ਵੱਡੇ ਸੰਘਰਸ਼ ਕੀਤੇ ਜਿਨ੍ਹਾਂ ਨੂੰ ਸੋਵੀਅਤ ਯੂਨੀਅਨ ਦੇ ਸਮਾਜਵਾਦ ਨੇ ਉਤਸ਼ਾਿਹਤ ਕੀਤਾ।
1917 ਤੋਂ ਬਾਅਦ ਸਾਮਰਾਜਵਾਦੀ ਸ਼ਕਤੀਆਂ ਅਤੇ ਉਦਯੋਗਿਕ ਦੇਸ਼ਾਂ ਵਿਚ ਇਸ ਗੱਲ ਦੀ ਚੇਤਨਾ ਪੈਦਾ ਹੋ ਗਈ ਸੀ ਕਿ ਵੱਧ ਤੋਂ ਵੱਧ ਦੇਸ਼ ਸਮਾਜਵਾਦ ਅਪਣਾ ਰਹੇ ਹਨ ਅਤੇ ਉਨ੍ਹਾਂ ਦੇਸ਼ਾਂ ਨੇ ਸਮਾਜਵਾਦ ਦੇ ਵਾਧੇ ਨੂੰ ਰੋਕਣ ਲਈ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦੇਸ਼ਾਂ ਨੇ ਕਿਰਤੀਆਂ ਦੇ ਕੰਮ ਦੇ ਸਮੇਂ, ਉਨ੍ਹਾਂ ਨੂੰ ਕੰਮ ਕਰਨ ਵਾਲੀ ਜਗ੍ਹਾ ਤੇ ਸਹੂਲਤਾਂ, ਪੈਨਸ਼ਨ, ਪ੍ਰਾਵੀਡੈਂਟ ਫੰਡ, ਹਾਦਸੇ ਦੀ ਹਾਲਤ ਵਿਚ ਮੁਆਵਜ਼ਾ ਆਦਿ ਸਹੂਲਤਾਂ ਇਕ ਤੋਂ ਬਾਅਦ ਇਕ ਦੇਸ਼ ਵਿਚ ਸ਼ੁਰੂ ਹੋ ਗਈਆਂ। ਇੱਥੋਂ ਤੱਕ ਕਿ ਸਰਕਾਰ ਨੇ ਇਹ ਮਹਿਸੂਸ ਕਰ ਲਿਆ ਕਿ ਬੇਰੁਜ਼ਗਾਰੀ ਦਾ ਭੱਤਾ ਵੀ ਲਾਗੂ ਕਰਨਾ ਪੈਣਾ ਹੈ ਅਤੇ ਸਮਾਜਿਕ ਬਰਾਬਰੀ ਬਣਾਉਣ ਲਈ ਆਰਥਿਕ ਬਰਾਬਰੀ ਦੀ ਵਿਵਸਥਾ ਕਰਨੀ ਪਵੇਗੀ ਭਾਵੇਂ ਉਸ ਨੂੰ ਟੈਕਸ ਪ੍ਰਣਾਲੀ ਰਾਹੀਂ ਹੀ ਕੀਤਾ ਜਾਵੇ। ਇਹੋ ਵਜ੍ਹਾ ਹੈ ਕਿ ਅੱਜ ਕੱਲ੍ਹ ਦੁਨੀਆ ਦੇ ਹਰ ਵਿਕਸਤ ਦੇਸ਼ ਵਿਚ ਭਾਵੇਂ ਧਨ ਦੀ ਨਾ-ਬਰਾਬਰੀ ਤਾਂ ਹੈ ਪਰ ਆਮਦਨ ਦੀ ਨਾ-ਬਰਾਬਰੀ ਨਹੀਂ ਜਿਸ ਦੇ ਇਹ ਸਬੂਤ ਹਨ ਕਿ ਅਮੀਰ ਤੋਂ ਅਮੀਰ ਵਿਅਕਤੀ ਕੋਲ ਵੀ ਡਰਾਈਵਰ ਨਹੀਂ ਅਤੇ ਇਨ੍ਹਾਂ ਵਿਕਸਤ ਦੇਸ਼ਾਂ ਵਿਚ ਇਕ ਵੀ ਬਾਲ ਕਿਰਤੀ ਨਹੀਂ।
ਸਮਾਜਵਾਦ ਦਾ ਪ੍ਰਭਾਵ ਲਗਾਤਾਰ ਬਣਿਆ ਹੋਇਆ ਹੈ ਅਤੇ ਬਣਿਆ ਰਹੇਗਾ। 1991 ਵਿਚ ਸੋਵੀਅਤ ਯੂਨੀਅਨ ਵੱਲੋਂ ਪਹਿਲੇ ਰਸਤੇ ਨੂੰ ਛੱਡ ਕੇ ਨਵਾਂ ਰਸਤਾ ਅਪਣਾ ਲੈਣਾ ਓਨੀ ਹੀ ਮਹੱਤਵਪੂਰਨ ਇਤਿਹਾਸਕ ਘਟਨਾ ਸੀ ਜਿੰਨੀ 1917 ਵਿਚ ਸਮਾਜਵਾਦ ਅਪਣਾਉਣਾ ਸੀ ਪਰ 1917 ਤੋਂ ਲੈ ਕੇ ਲਗਾਤਾਰ ਦੁਨੀਆ ਭਰ ਵਿਚ ਸਮਾਜਿਕ ਬਰਾਬਰੀ ਜਿਹੜੀ ਆਰਥਿਕ ਬਰਾਬਰੀ ’ਤੇ ਆਧਾਰਤ ਹੈ, ਉਸ ਸਬੰਧੀ ਸੁਧਾਰ ਲਗਾਤਰ ਚੱਲਦੇ ਰਹਿਣਗੇ ਅਤੇ ਇਸ ਸਮਾਜਿਕ ਬਰਾਬਰੀ ਤੇ ਮਨੁੱਖੀ ਅਧਿਕਾਰਾਂ ਦੀ ਵਰਤੋਂ ਹਰ ਇਕ ਲਈ ਬਰਾਬਰ ਹੋਣੀ ਜਿਹੜੀ ਸਮਾਜਿਕ ਸੁਰੱਖਿਆ ’ਤੇ ਨਿਰਭਰ ਕਰਦੀ ਹੈ ਉਸ ਵਿਚ ਵਾਧਾ ਹੁੰਦਾ ਰਹੇਗਾ।

Advertisement
Author Image

joginder kumar

View all posts

Advertisement
Advertisement
×