ਕੀ ਭਾਰਤ ’ਚ ਸਿੱਖ ਨੂੰ ਪੱਗ ਬੰਨ੍ਹਣ ਜਾਂ ਗੁਰਦੁਆਰੇ ਜਾਣ ਦੀ ਖੁੱਲ੍ਹ ਹੈ: ਰਾਹੁਲ
ਨਵੀਂ ਦਿੱਲੀ, 10 ਸਤੰਬਰ
ਅਮਰੀਕਾ ਫੇਰੀ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਲੜਾਈ ਸਿਆਸਤ ਨੂੰ ਲੈ ਕੇ ਨਹੀਂ ਬਲਕਿ ਧਾਰਮਿਕ ਆਜ਼ਾਦੀ ਤੇ ਧਾਰਮਿਕ ਪਛਾਣ ਬਾਰੇ ਹੈ। ਉਨ੍ਹਾਂ ਕਿਹਾ ਕਿ ਲੜਾਈ ਇਸ ਗੱਲ ਦੀ ਹੈ ਕਿ ਕੀ ਇਕ ਸਿੱਖ ਨੂੰ ਭਾਰਤ ਵਿਚ ਪੱਗ ਬੰਨ੍ਹਣ, ਗੁਰਦੁਆਰੇ ਜਾਣ ਤੇ ਕੜਾ ਪਾਉਣ ਦੀ ਇਜਾਜ਼ਤ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਹਾਲੀਆ ਲੋਕ ਸਭਾ ਚੋਣਾਂ ਨੇ ‘ਮੋਦੀ ਦੇ ਵਿਚਾਰ’ ਤੇ ਪ੍ਰਧਾਨ ਮੰਤਰੀ ਵੱਲੋਂ ਪੈਦਾ ਕੀਤੇ ‘ਖੌਫ਼’ ਨੂੰ ਖ਼ਤਮ ਕਰ ਦਿੱਤਾ ਹੈ ਤੇ ਇਹ ਹੁਣ ‘ਇਤਿਹਾਸ’ ਦੀਆਂ ਗੱਲਾਂ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਸਰਕਾਰ ਜ਼ਰੂਰ ਬਣਾਈ ਪਰ ਭਾਜਪਾ ਆਪਣੇ ਦਮ ’ਤੇ ਸਰਕਾਰ ਬਣਾਉਣ ਵਿਚ ਨਾਕਾਮ ਰਹੀ। ਸ੍ਰੀ ਗਾਂਧੀ ਨੇ ਆਰਐੱਸਐੱਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੰਘ ਕੁਝ ਧਰਮਾਂ, ਭਾਸ਼ਾਵਾਂ ਤੇ ਭਾਈਚਾਰਿਆਂ ਨੂੰ ਤੁੱਛ ਮੰਨਦਾ ਹੈ ਤੇ ਲੜਾਈ ਇਸੇ ਚੀਜ਼ ਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਖਵਾਂਕਰਨ ਨੂੰ ਖ਼ਤਮ ਕਰਨ ਬਾਰੇ ਉਦੋਂ ਸੋਚੇਗੀ, ਜਦੋਂ ਭਾਰਤ ਵਿੱਚ ਰਾਖਵਾਂਕਰਨ ਦੇ ਲਿਹਾਜ਼ ਨਾਲ ਨਿਰਪੱਖਤਾ ਹੋਵੇਗੀ।
ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਰੂਬਰੂ ਹੁੰਦਿਆਂ ਰਾਹੁਲ ਗਾਂਧੀ ਨੇ ਦਰਸ਼ਕਾਂ ਵਿਚ ਬੈਠੇ ਇਕ ਸਿੱਖ, ਜਿਸ ਨੇ ਆਪਣਾ ਨਾਮ ਬਲਿੰਦਰ ਸਿੰਘ ਦੱਸਿਆ, ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਲੜਾਈ ਇਸ ਗੱਲ ਦੀ ਹੈ ਕਿ ਕੀ ਭਾਰਤ ਵਿਚ ਇਕ ਸਿੱਖ ਨੂੰ ਪੱਗ ਬੰਨਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਾਂ ਇਕ ਸਿੱਖ ਹੋਣ ਦੇ ਨਾਤੇ ਭਾਰਤ ਵਿਚ ਕੜਾ ਪਾਉਣ ਦੀ ਖੁੱਲ੍ਹ ਹੈ ਜਾਂ ਉਹ ਇਕ ਸਿੱਖ ਵਜੋਂ ਗੁਰਦੁਆਰੇ ਵਿਚ ਜਾ ਸਕਦਾ ਹੈ। ਸਾਰੀ ਲੜਾਈ ਇਸੇ ਗੱਲ ਦੀ ਹੈ ਤੇ ਨਾ ਸਿਰਫ ਸਿੱਖਾਂ ਲਈ ਬਲਕਿ ਸਾਰੇ ਧਰਮਾਂ ਲਈ।’’ ਉਨ੍ਹਾਂ ਕਿਹਾ, ‘ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਗੱਲ ਬਾਰੇ ਹੈ। ਲੜਾਈ ਸਿਆਸਤ ਨੂੰ ਲੈ ਕੇ ਨਹੀਂ ਹੈ। ਇਹ ਤਾਂ ਮਹਿਜ਼ ਉਪਰਲਾ ਦਿਖਾਵਾ ਹੈ।’’
ਰਾਹੁਲ ਗਾਂਧੀ ਨੇ ਆਰਐੱਸਐੱਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਵੰਨ ਸੁਵੰਨਤਾ ਵਿਚ ਯਕੀਨ ਨਹੀਂ ਰੱਖਦੀ। ਕਾਂਗਰਸ ਆਗੂ ਨੇ ਕਿਹਾ, ‘‘...ਆਰਐੱਸਐੱਸ ਬੁਨਿਆਦੀ ਤੌਰ ’ਤੇ ਇਹ ਕਹਿ ਰਹੀ ਹੈ ਕਿ ਕੁਝ ਰਾਜ ਹੋਰਨਾਂ ਰਾਜਾਂ ਦੇ ਮੁਕਾਬਲੇ ਨੀਵੇਂ ਹਨ, ਕੁਝ ਧਰਮ ਹੋਰਨਾਂ ਧਰਮਾਂ ਦੇ ਮੁਕਾਬਲੇ ਤੁੱਛ ਹਨ, ਅਤੇ ਕੁਝ ਭਾਈਚਾਰੇ ਹੋਰਨਾਂ ਭਾਈਚਾਰਿਆਂ ਦੇ ਮੁਕਾਬਲੇ ਹੇਠਲੇ ਦਰਜੇ ਦੇ ਹਨ...ਸਾਰੀ ਲੜਾਈ ਇਸੇ ਗੱਲ ਦੀ ਹੈ...ਜਦੋਂਕਿ ਸਾਡਾ ਇਹ ਵਿਚਾਰ ਹੈ ਕਿ ਤੁਸੀਂ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਜਾਂ ਫਿਰ ਕਿਸੇ ਹੋਰ ਰਾਜ ਨਾਲ ਸਬੰਧ ਰੱਖਦੇ ਹੋ...ਤੁਹਾਡੇ ਸਾਰਿਆਂ ਦਾ ਇਕ ਇਤਿਹਾਸ, ਰਵਾਇਤ ਤੇ ਭਾਸ਼ਾ ਹੈ...ਅਤੇ ਇਨ੍ਹਾਂ ਵਿਚੋਂ ਸਾਰੇ ਅਹਿਮ ਹਨ। ਤੁਸੀਂ ਉਦੋਂ ਕੀ ਕਰੋਗੇ ਜੇ ਕੋਈ ਤੁਹਾਨੂੰ ਇਹ ਕਹੇ ਕਿ ਤੁਸੀਂ ਤਾਮਿਲ ਨਹੀਂ ਬੋਲ ਸਕਦੇ....ਤੁਹਾਨੂੰ ਕਿੰਝ ਲੱਗੇਗਾ...ਤੁਸੀਂ ਕੀ ਪ੍ਰਤੀਕਿਰਿਆ ਦੇਵੋਗੇ...ਇਹ ਆਰਐੱਸਐੱਸ ਦੀ ਵਿਚਾਰਧਾਰਾ ਹੈ...ਕਿ ਤਾਮਿਲ, ਮਰਾਠੀ, ਬੰਗਾਲੀ ਤੇ ਮਨੀਪੁਰੀ....ਤੁੱਛ ਭਾਸ਼ਾਵਾਂ ਹਨ...ਲੜਾਈ ਇਸੇ ਗੱਲ ਦੀ ਹੈ।’’ ਗਾਂਧੀ ਨੇ ਕਿਹਾ, ‘‘ਕੀ ਸਾਡੇ ਕੋਲ ਅਜਿਹਾ ਭਾਰਤ ਹੋਵੇਗਾ, ਜਿੱਥੇ ਲੋਕਾਂ ਨੂੰ ਇਹ ਮੰਨਣ ਦੀ ਖੁੱਲ੍ਹ ਹੋਵੇਗੀ ਕਿ ਉਹ ਆਪਣੀ ਮਰਜ਼ੀ ਮੁਤਾਬਕ ਰਾਏ ਰੱਖ ਸਕਦੇ ਹਨ, ਲੋਕਾਂ ਨੂੰ ਬੋਲਣ ਤੇ ਸੁਣਨ ਦੀ ਆਜ਼ਾਦੀ ਹੋਵੇਗੀ...ਜਾਂ ਫਿਰ ਸਾਡੇ ਕੋਲ ਅਜਿਹਾ ਭਾਰਤ ਹੋਵੇਗਾ ਜਿੱਥੇ ਕੁਝ ਮੁੱਠੀ ਭਰ ਫੈਸਲੇ ਲੈ ਸਕਣਗੇ...ਮੁਸ਼ਕਲ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਭਾਰਤ ਕੀ ਹੈ ਤੇ ਇਸ ਦਾ ਇਤਿਹਾਸ ਕੀ ਹੈ...। ’’ -ਪੀਟੀਆਈ/ਆਈਏਐੱਨਐੱਸ
ਭਾਜਪਾ ਦੀ ਆਲੋਚਨਾ ਕਰਨ ਦਾ ਮਤਲਬ ਦੇਸ਼ ਨੂੰ ਭੰਡਣਾ ਨਹੀਂ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿਚ ਕੀਤੀਆਂ ਟਿੱਪਣੀਆਂ ਲਈ ਭਾਜਪਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਖ਼ੁਦ ਨੂੰ ‘ਦੇਸ਼’ ਨਹੀਂ ਸਮਝਣਾ ਚਾਹੀਦਾ। ਲੋਕ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਨੇ ਆਖਿਆ ਕਿ ਉਹ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨੀ ਜਾਰੀ ਰੱਖੇਗੀ। ਭਾਜਪਾ ਵੱਲੋਂ ਰਾਹੁਲ ਗਾਂਧੀ ’ਤੇ ਹਮਲੇ ਬਾਰੇ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿੰਗ ਦੇ ਮੁਖੀ ਪਵਨ ਖੇੜਾ ਨੇ ਆਖਿਆ, ‘‘ਭਾਜਪਾ ਕਦੋਂ ਤੋਂ ਭਾਰਤ ਬਣ ਗਈ ਹੈ ਕਿ ਭਾਜਪਾ ਦੀ ਨਿਖੇਧੀ ਕਰਨ ਦਾ ਮਤਲਬ ਦੇਸ਼ ਦੀ ਨਿਖੇਧੀ ਕਰਨਾ ਹੈ। ਭਾਜਪਾ ਅਤੇ ਨਰਿੰਦਰ ਮੋਦੀ ਨੂੰ ਇਸ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ ਕਿ ਉਨ੍ਹਾਂ ਦੀ ਆਲੋਚਨਾ ਕਰਨੀ ਦੇਸ਼ ਦੀ ਆਲੋਚਨਾ ਕਰਨ ਵਾਂਗ ਹੈ। ਇਹ ਗਲਤ ਧਾਰਨਾ ਹੈ’’ ਖੇੜਾ ਨੇ ਆਖਿਆ, ‘‘ਜਦੋਂ ਉਹ (ਭਾਜਪਾ) ਭਾਰਤ ਦੇ ਨਿਰਮਾਤਾਵਾਂ ਦੀ ਨਿਖੇਧੀ ਕਰਦੇ ਹਨ ਤਾਂ ਉਹ ਕਿਸ ਨੂੰ ਭੰਡਦੇ ਹਨ? ਅਸੀਂ ਉਨ੍ਹਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਾਂਗੇ, ਸਵਾਲ ਉਠਾਵਾਂਗੇ। ਇਹ ਸਾਡਾ ਕੰਮ ਹੈ। ਉਨ੍ਹਾਂ ਨੂੰ ਕੀ ਇਤਰਾਜ਼ ਹੈ?’’ -ਪੀਟੀਆਈ
ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲਿਆਂ ਨੂੰ ਭਾਈਚਾਰੇ ਦੀ ਫ਼ਿਕਰ ਹੋਣ ਲੱਗੀ: ਭਾਜਪਾ
ਨਵੀਂ ਦਿੱਲੀ: ਸਿੱਖ ਭਾਈਚਾਰੇ ਬਾਰੇ ਕੀਤੀ ਟਿੱਪਣੀ ਲਈ ਰਾਹੁਲ ਗਾਂਧੀ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਭਾਜਪਾ ਨੇ ਕਿਹਾ ਕਿ 1984 ਵਿਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਲੋਕਾਂ ਨੂੰ ਭੜਕਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲਿਆਂ ਨੂੰ ਹੁਣ ਸਿੱਖਾਂ ਦੀ ਫ਼ਿਕਰ ਹੋਣ ਲੱਗੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਤੋਂ ਬਾਹਰ ਰਹਿ ਰਹੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬੇਬੁਨਿਆਦ ਬਿਆਨ ਦੇ ਰਹੇ ਹਨ। ਪੁਰੀ ਨੇ ਕਿਹਾ, ‘‘ਮੈਂ ਪਿਛਲੇ 60 ਸਾਲਾਂ ਤੋਂ ‘ਪੱਗ’ ਬੰਨ੍ਹਦਾ ਤੇ ਹੱਥ ਵਿਚ ਕੜਾ ਪਾਉਂਦਾ ਹਾਂ ਤੇ ਅੱਜ ਤੱਕ ਮੈਨੂੰ ਅਜਿਹਾ ਇਕ ਵਿਅਕਤੀ ਨਹੀਂ ਟਕਰਿਆਂ ਜਿਸ ਨੇ ‘ਪੱਗ’ ਬੰਨਣ ਤੇ ਕੜਾ ਪਾਉਣ ਨੂੰ ਲੈ ਕੇ ਕੋਈ ਸ਼ਿਕਾਇਤ ਕੀਤੀ ਹੋਵੇ। ਰਾਹੁਲ ਗਾਂਧੀ ਦੇ ਪਿਤਾ (ਰਾਜੀਵ ਗਾਂਧੀ) ਦੇ ਸਮਿਆਂ ਵਿਚ ਗਿਣਮਿੱਥ ਕੇ (ਸਿੱਖਾਂ ਦਾ) ਕਤਲੇਆਮ ਕੀਤਾ ਗਿਆ ਸੀ। ਸਾਡੇ 3000 ਤੋਂ ਵੱਧ ਲੋਕ ਮਾਰੇ ਗਏ ਸਨ...ਅਜਿਹਾ ਨਹੀਂ ਹੈ ਕਿ ਉਹ (ਰਾਹੁਲ) ਇਸ ਤੋਂ ਅਣਜਾਣ ਹਨ...ਉਹ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਵਿਚ ਹਨ। ਲਿਹਾਜ਼ਾ ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇ ਉਹ ਦੇਸ਼ ਦੇ ਅੰਦਰ ਜਾਂ ਬਾਹਰ ਹਨ ਤੇ ਅਜਿਹੇ ਬਿਆਨ ਦਿੰਦੇ ਹਨ ਤਾਂ ਫਿਰ ਉਨ੍ਹਾਂ ਦਾ ਹੀ ਮਖੌਲ ਉੱਡੇਗਾ। ਇਸ ਬਿਆਨ ਦੀ ਨਿਖੇਧੀ ਕਰਨੀ ਬਣਦੀ ਹੈ।’’ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਗਾਂਧੀ ਤੇ ਉਨ੍ਹਾਂ ਦੀ ਪਾਰਟੀ ’ਤੇ ‘ਤੁਸ਼ਟੀਕਰਨ ਦੀ ਸਿਆਸਤ’ ਦਾ ਦੋਸ਼ ਲਾਇਆ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਗਾਂਧੀ ਦੇ ਬਿਆਨ ਦੀ ਨਿਖੇੇਧੀ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਿੱਖਾਂ ਪ੍ਰਤੀ ਬਹੁਤ ਨਫ਼ਰਤ ਹੈ। ਸਿਰਸਾ ਨੇ ਕਿਹਾ, ‘‘ਰਾਹੁਲ ਗਾਂਧੀ ਦੇ ਸਿੱਖਾਂ ਖ਼ਿਲਾਫ਼ ਅਜਿਹੇ ਬਿਆਨ ਕੋਈ ਨਵੀਂ ਗੱਲ ਨਹੀਂ ਹੈ...ਗਾਂਧੀ ਪਰਿਵਾਰ ਨੂੰ ਸਿੱਖਾਂ ਪ੍ਰਤੀ ਬਹੁਤ ਨਫ਼ਰਤ ਹੈ। ਕੋਈ ਵੀ ਸਾਡੀਆਂ ਪੱੱਗਾਂ, ਗੁਰਦੁਆਰੇ ਹਟਾਉਣ ਬਾਰੇ ਨਹੀਂ ਸੋਚ ਸਕਦਾ।’’ ਭਾਜਪਾ ਐੱਮਪੀ ਮਨੋਜ ਤਿਵਾੜੀ ਤੇ ਜਗਦੰਬਿਕਾ ਪਾਲ, ਆਗੂ ਸ਼ਹਿਜ਼ਾਦ ਪੂਨਾਵਾਲਾ, ਪਾਰਟੀ ਦੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੇ ਵੀ ਰਾਹੁਲ ਦੇ ਬਿਆਨ ਦੀ ਨਿਖੇਧੀ ਕੀਤੀ ਹੈ। -ਪੀਟੀਆਈ