For the best experience, open
https://m.punjabitribuneonline.com
on your mobile browser.
Advertisement

ਸਕੂਲ ਬੱਸਾਂ ’ਚ ਬੇਨਿਯਮੀਆਂ: ਲੰਬੀ ਤੇ ਡੱਬਵਾਲੀ ਖੇਤਰ ਦੀਆਂ ਚਾਰ ਬੱਸਾਂ ਜ਼ਬਤ

07:38 AM Apr 16, 2024 IST
ਸਕੂਲ ਬੱਸਾਂ ’ਚ ਬੇਨਿਯਮੀਆਂ  ਲੰਬੀ ਤੇ ਡੱਬਵਾਲੀ ਖੇਤਰ ਦੀਆਂ ਚਾਰ ਬੱਸਾਂ ਜ਼ਬਤ
ਡੱਬਵਾਲੀ ਦੇ ਬੱਸ ਅੱਡੇ ’ਚ ਖੜ੍ਹੀਆਂ ਜ਼ਬਤ ਕੀਤੀਆਂ ਸਕੂਲ ਬੱਸਾਂ।
Advertisement

ਪੱਤਰ ਪ੍ਰੇਰਕ
ਡੱਬਵਾਲੀ, 15 ਅਪਰੈਲ
ਸਕੂਲ ਬੱਸ ਹਾਦਸੇ ਮਗਰੋਂ ਆਰਟੀਏ, ਸਿੱਖਿਆ ਵਿਭਾਗ ਅਤੇ ਟਰੈਫਿਕ ਪੁਲਿਸ ਨੇ ਸਕੂਲ ਬੱਸ ਚਾਲਕਾਂ ਅਤੇ ਸਕੂਲ ਪ੍ਰਬੰਧਕਾਂ ਖਿਲਾਫ਼ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਅੱਜ ਸਿਵਲਰ ਜੁਬਲੀ ਚੌਕ ’ਤੇ ਬੇਨਿਯਮੀਆਂ ਮਿਲਣ ’ਤੇ ਆਰਟੀਏ ਅਮਲੇ ਵੱਲੋਂ ਦਸਮੇਸ਼ ਗਰਲਜ਼ ਕਾਲਜ ਬਾਦਲ, ਕਿਡਸ ਕਿੰਗਡਮ ਸਿੰਘੇਵਾਲਾ ਅਤੇ ਇੰਡੀਅਨ ਹੇਰੀਟੇਜ਼ ਦੀਆਂ ਚਾਰ ਬੱਸਾਂ ਨੂੰ ਜ਼ਬਤ ਕੀਤਾ ਗਿਆ। ਇਸੇ ਵਿਚਕਾਰ ਸਕੂਲ ਬੱਸਾਂ ਖਿਲਾਫ਼ ਕਾਰਵਾਈ ਦੇ ਰੋਸ ਵਜੋਂ ਜ਼ਿਲ੍ਹਾ ਸਿਰਸਾ ਵਿੱਚ ਦੋ ਦਿਨਾਂ ਹੜਤਾਲ ਤਹਿਤ ਅੱਜ ਪ੍ਰਾਈਵੇਟ ਸਕੂਲ ਬੰਦ ਰਹੇ। ਰਿਜ਼ਨਲ ਟਰਾਂਸਪੋਰਟ ਅਥਾਰਿਟੀ ਅਮਲੇ ਦੇ ਮੁਖੀ ਸੁਭਾਸ਼ ਨੇ ਦੱਸਿਆ ਕਿ ਸਕੂਲ ਬੱਸਾਂ ਵਿੱਚ ਡਰਾਈਵਰ ਬਿਨਾਂ ਵਰਦੀ ਤੇ ਬਿਨਾਂ ਸੀਟ ਬੈਲਟ ਦੇ ਸਨ। ਬੱਸਾਂ ਵਿੱਚ ਹੈਲਪਰ ਵੀ ਨਹੀਂ ਸਨ। ਕਿਸੇ ਸਕੂਲ ਬੱਸ ਵਿੱਚ ਫਾਇਰ ਸੇਫ਼ਟੀ ਯੰਤਰ, ਫਸਟ ਏਡ ਬਾਕਸ ਨਹੀਂ ਸਨ। ਇਸ ਤੋਂ ਇਲਾਵਾ ਬੱਸਾਂ ਦਾ ਇੰਸ਼ੋਰੈਂਸ, ਫਿਟਨੈੱਸ, ਰੋਡ ਟੈਕਸ ਆਦਿ ਦਸਤਾਵੇਜ਼ ਪੂਰੇ ਨਹੀਂ ਸਨ। ਇੱਕ ਸਕੂਲ ਨੇ ਮੌਕੇ ’ਤੇ ਆਨਲਾਈਨ ਚਲਾਨ ਭਰ ਕੇ ਬੱਸ ਨੂੰ ਛੁਡਵਾ ਲਿਆ, ਬਾਕੀ ਤਿੰਨ ਬੱਸਾਂ ਨੂੰ ਬੱਸ ਅੱਡੇ ਦੀ ਵਰਕਸ਼ਾਪ ਵਿੱਚ ਖੜ੍ਹਾ ਕੀਤਾ ਗਿਆ। ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵੈਨ ਵਿੱਚ ਵਿਦਿਆਰਥਣਾਂ ਸਵਾਰ ਸਨ। ਕਾਫ਼ੀ ਉਡੀਕ ਮਗਰੋਂ ਕਾਲਜ ਦੀ ਇੱਕ ਹੋਰ ਬੱਸ ਰਾਹੀਂ ਵਿਦਿਆਰਥਣਾਂ ਨੂੰ ਲਿਜਾਇਆ ਗਿਆ। ਰਿਜਨਲ ਟਰਾਂਸਪੋਰਟ ਆਫਿਸ ਦੇ ਅਧਿਕਾਰੀ ਸੁਭਾਸ਼ ਦੇ ਅਗਵਾਈ ਵਿੱਚ ਪ੍ਰਾਈਵੇਟ ਸਕੂਲ/ਕਾਲਜ ਬੱਸ ਚਾਲਕਾਂ ਖਿਲਾਫ਼ ਜਾਂਚ ਮੁਹਿੰਮ ਚਲਾਈ ਗਈ। ਟੀਮ ਨੇ ਸਿਰਸਾ ਤੋਂ ਡੱਬਵਾਲੀ ਆਉਂਦੇ ਹੋਏ ਰਾਹ ਵਿੱਚ ਲਗਭਗ ਦੋ ਦਰਜਨ ਸਕੂਲ ਬੱਸਾਂ ਦੀ ਜਾਂਚ ਕੀਤੀ। ਉਨ੍ਹਾਂ ਸਕੂਲ ਬੱਸ ਚਾਲਕਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਬੱਸਾਂ ਵਿੱਚ ਸੀਸੀਟੀਵੀ ਤੇ ਜੀਪੀਐੱਸ ਸੁਵਿਧਾਵਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਨਹੀਂ ਤਾਂ ਚਲਾਨ ਕੱਟੇ ਜਾਣਗੇ। ਆਰਟੀਏ ਟੀਮ ਦੇ ਸੁਭਾਸ਼ ਦੇ ਕੋਲ ਇੱਕ ਭਾਜਪਾ ਨੇਤਾ ਦਾ ਫੋਨ ਵੀ ਆਇਆ, ਪਰ ਉਨ੍ਹਾਂ ਸਪੱਸ਼ਟ ਤੌਰ ’ਤੇ ਆਖਿਆ ਕਿ ਉੱਚ ਅਧਿਕਾਰੀਆਂ ਦੇ ਸਖ਼ਤ ਆਦੇਸ਼ ਹਨ, ਜਿਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ।

Advertisement

Advertisement
Author Image

Advertisement
Advertisement
×