ਇਰਾਨ-ਪਾਕਿਸਤਾਨ ਟਕਰਾਅ
ਇਰਾਨ ਵੱਲੋਂ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਅਤਿਵਾਦੀ ਟਿਕਾਣਿਆਂ ਉਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵੀਰਵਾਰ ਨੂੰ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਦਹਿਸ਼ਤੀ ਜਥੇਬੰਦੀਆਂ – ਬਲੋਚਿਸਤਾਨ ਲਬਿਰੇਸ਼ਨ ਆਰਮੀ ਅਤੇ ਬਲੋਚਿਸਤਾਨ ਲਬਿਰੇਸ਼ਨ ਫਰੰਟ ਵੱਲੋਂ ਵਰਤੀਆਂ ਜਾਂਦੀਆਂ ਛੁਪਣਗਾਹਾਂ ਉਤੇ ‘ਇਕ ਖ਼ੁਫ਼ੀਆ ਸੂਚਨਾ ਆਧਾਰਤ ਅਪਰੇਸ਼ਨ ਰਾਹੀਂ ਸਫਲਤਾਪੂਰਬਕ ਹਮਲਾ ਕੀਤਾ ਗਿਆ’। ਪਾਕਿਸਤਾਨ ਦੇ ਵਿਦੇਸ਼ ਵਿਭਾਗ ਮੁਤਾਬਕ ਇਸਲਾਮਾਬਾਦ ਲਗਾਤਾਰ ਪਾਕਿਸਤਾਨੀ ਮੂਲ ਦੇ ਦਹਿਸ਼ਤਗਰਦਾਂ ਵੱਲੋਂ ਇਰਾਨ ਵਿਚ ਬਣਾਏ ਗਏ ਸੁਰੱਖਿਅਤ ਟਿਕਾਣਿਆਂ ਬਾਰੇ ਤਹਿਰਾਨ ਕੋਲ ਚਿੰਤਾ ਜ਼ਾਹਰ ਕਰਦਾ ਰਿਹਾ ਹੈ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ।
ਇਹ ‘ਜੈਸੇ ਨੂੰ ਤੈਸਾ’ ਵਰਗੇ ਹਮਲੇ ਇਰਾਨ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤਿਆਂ ਵਿਚ ਆਏ ਤਾਜ਼ਾ ਨਿਘਾਰ ਦਾ ਪ੍ਰਗਟਾਵਾ ਹਨ। ਅਫ਼ਸੋਸ ਦੀ ਗੱਲ ਹੈ ਕਿ ਦੋਵੇਂ ਮੁਲਕ ਹੀ ਇਸ ਮਾਮਲੇ ਵਿਚ ਆਪਣੇ ਆਪ ਨੂੰ ਦਹਿਸ਼ਤਗਰਦੀ ਤੋਂ ਪੀੜਤ ਦੱਸ ਰਹੇ ਹਨ, ਜਦੋਂਕਿ ਅਸਲ ਵਿਚ ਦੋਵੇਂ ਹੀ ਦਹਿਸ਼ਤਗਰਦਾਂ ਅਤੇ ਨਾਲ ਹੀ ਮਿਲੀਸ਼ੀਆ (ਲੜਾਕੇ) ਗਰੁੱਪਾਂ ਨੂੰ ਸ਼ਰਨ ਤੇ ਸਹਾਰਾ ਦੇਣ ਜਾਂ ਸ਼ਹਿ ਦੇਣ ਲਈ ਬਦਨਾਮ ਹਨ। ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਨੂੰ ਹਥਿਆਰ ਬਣਾ ਕੇ ਭਾਰਤ ਖ਼ਿਲਾਫ਼ ਲੁਕਵੀਂ ਜੰਗ ਲੜੀ ਜਾ ਰਹੀ ਹੈ। ਇਸ ਵੱਲੋਂ ਕਸ਼ਮੀਰੀ ਦਹਿਸ਼ਤਗਰਦਾਂ ਦੀ ਖੁੱਲ੍ਹੇਆਮ ਮਦਦ ਕੀਤੀ ਜਾਂਦੀ ਹੈ ਅਤੇ ਇਹ ਪੰਜਾਬ ਸਮੇਤ ਹੋਰਨਾਂ ਭਾਰਤੀ ਸੂਬਿਆਂ ਵਿਚ ਵੀ ਵੱਖਵਾਦ ਤੇ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਤੋਂ ਪਿੱਛੇ ਨਹੀਂ ਹਟਦਾ। ਇਸੇ ਤਰ੍ਹਾਂ ਇਰਾਨ ਵੀ ਹਮਾਸ, ਹਿਜ਼ਬੁੱਲਾ, ਹੂਤੀ ਅਤੇ ਹੋਰ ਕਈ ਤਰ੍ਹਾਂ ਦੇ ਦਹਿਸ਼ਤਗਰਦਾਂ ਦੀ ਪੁਸ਼ਤ-ਪਨਾਹੀ ਕਰਦਾ ਹੈ। ਉਹ ਕੌਮਾਂਤਰੀ ਭਾਈਚਾਰੇ ਨੂੰ ਆਪਣੀ ਇਹ ਦਲੀਲ ਮਨਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਵੱਲੋਂ ਕੀਤੇ ਗਏ ਗੁਨਾਹਾਂ ਦੇ ਮੁਕਾਬਲੇ ਉਨ੍ਹਾਂ ਖ਼ਿਲਾਫ਼ ਜ਼ਿਆਦਾ ਗੁਨਾਹ ਹੋ ਰਹੇ ਹਨ। ਬਿਨਾਂ ਸ਼ੱਕ, ਇਰਾਨ ਅਤੇ ਪਾਕਿਸਤਾਨ ਸਮੇਂ-ਸਮੇਂ ਉਤੇ ਦਹਿਸ਼ਤਗਰਦੀ ਦੀ ਅੱਗ ਵਿਚ ਝੁਲਸੇ ਜਾਂਦੇ ਰਹੇ ਹਨ, ਪਰ ਪਹਿਲਾਂ ਆਪਣੇ ਘਰ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਅਸਲ ਵਿਚ ਇਨ੍ਹਾਂ ਦਹਿਸ਼ਤਗਰਦੀ ਦੇ ‘ਬੁੱਕਲ ਵਿਚ ਲੁਕੇ ਹੋਏ’ ਸੱਪਾਂ ਦੀ ਸਿਰੀ ਮਿੱਧਣ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ ਕਿਉਂਕਿ ਇਨ੍ਹਾਂ ਸੱਪਾਂ ਨੇ ਉਨ੍ਹਾਂ ਨੂੰ ਦੁੱਧ ਪਿਆਉਣ ਵਾਲੇ ਹੱਥਾਂ ਨੂੰ ਹੀ ਡੰਗਣਾ ਸ਼ੁਰੂ ਕਰ ਦਿੱਤਾ ਹੈ।
ਦਹਿਸ਼ਤਗਰਦੀ ਇਕ ਆਲਮੀ ਖ਼ਤਰਾ ਹੈ, ਜਿਸ ਦੇ ਖ਼ਾਤਮੇ ਲਈ ਬਹੁ-ਧਿਰੀ ਅਤੇ ਬਹੁ-ਆਯਾਮੀ ਰਣਨੀਤੀ ਅਪਣਾਏ ਜਾਣ ਦੀ ਲੋੜ ਹੈ। ਤਹਿਰਾਨ ਅਤੇ ਇਸਲਾਮਾਬਾਦ ਵੱਲੋਂ ਆਪਣੇ ਤੌਰ ’ਤੇ ਕੀਤੀਆਂ ਗਈਆਂ ਇਕਪਾਸੜ ਕਾਰਵਾਈਆਂ ਪੱਛਮੀ ਏਸ਼ੀਆ ਵਿਚ ਪਹਿਲਾਂ ਹੀ ਭੜਕੀ ਹੋਈ ਜੰਗ ਦੀ ਅੱਗ ਵਿਚ ਹੋਰ ਤੇਲ ਪਾਉਣ ਵਾਲੀ ਹੀ ਗੱਲ ਹੈ। ਇਹ ਅੱਗ ਜਿੰਨੀ ਜ਼ਿਆਦਾ ਫੈਲੇਗੀ, ਓਨੀ ਹੀ ਖ਼ਿੱਤੇ ਦੀ ਭੂ-ਸਿਆਸੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾਵੇਗੀ। ਇਰਾਨ ਵੱਲੋਂ ਕੀਤੇ ਗਏ ਹਮਲਿਆਂ ਉਤੇ ਟਿੱਪਣੀ ਕਰਦੇ ਹੋਏ ਭਾਰਤ ਨੇ ਦਹਿਸ਼ਤਗਰਦੀ ਨੂੰ ‘ਆਪਣੀ ਬਿਨਾਂ ਕਿਸੇ ਸਮਝੌਤੇ ਦੇ ਹਰਗਿਜ਼ ਬਰਦਾਸ਼ਤ ਨਾ ਕਰਨ ਵਾਲੀ ਨੀਤੀ’ ਉਤੇ ਮੁੜ ਜ਼ੋਰ ਦਿੰਦਿਆਂ ਕਿਹਾ ਕਿ ਉਹ ਮੁਲਕਾਂ ਵੱਲੋਂ ਸਵੈ-ਰੱਖਿਆ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਸਮਝਦਾ ਹੈ। ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਉਹ ਦਹਿਸ਼ਤਗਰਦੀ ਦੀ ਸਪਸ਼ਟ ਢੰਗ ਨਾਲ ਨਿਖੇਧੀ ਕਰੇ, ਭਾਵੇਂ ਇਹ ਕਿਸੇ ਵੀ ਮੁਲਕ ਵਿਚੋਂ ਪੈਦਾ ਹੁੰਦੀ ਹੋਵੇ। ਪਾਕਿਸਤਾਨ ਖ਼ਿਲਾਫ਼ ਇਰਾਨ ਦੀ ਹਮਾਇਤ ਕਰਨ ਦੀ ਅਪਣਾਈ ਜਾਂਦੀ ਪ੍ਰਤੀਤ ਹੋ ਰਹੀ ਨੀਤੀ ਇਕ ਖ਼ਤਰੇ ਭਰੀ ਰਣਨੀਤੀ ਹੈ। ਇਸ ਦੀ ਥਾਂ ਤਣਾਅ ਨੂੰ ਘਟਾਉਣ ਲਈ ਸਫ਼ਾਰਤੀ ਗੱਲਬਾਤ ਦੀ ਅਹਿਮੀਅਤ ਨੂੰ ਤਵੱਜੋ ਦੇਣ ਉਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।