IPL ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 39 ਦੌੜਾਂ ਨਾਲ ਹਰਾਇਆ
ਕੋਲਕਾਤਾ, 21 ਅਪਰੈਲ
ਗੁਜਰਾਤ ਟਾਈਟਨਜ਼ (GT) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਕ ਮੁਕਾਬਲੇ ਵਿਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਟੀਮ ਨੂੰ 39 ਦੌੜਾਂ ਨਾਲ ਹਰਾ ਦਿੱਤਾ। ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਦੇ ਨੁਕਸਾਨ ਨਾਲ 198 ਦੌੜਾਂ ਬਣਾਈਆਂ।
ਜਿੱਤ ਲਈ ਦਿੱਤੇ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 159/8 ਦਾ ਸਕੋਰ ਹੀ ਬਣਾ ਸਕੀ। ਮੇਜ਼ਬਾਨ ਟੀਮ ਲਈ ਕਪਤਾਨ ਅਜਿੰਨਿਕਾ ਰਹਾਣੇ ਨੇ 36 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ। ਹੋਰਨਾਂ ਬੱਲੇਬਾਜ਼ਾਂ ਵਿਚ ਆਂਦਰੇ ਰਸਲ ਨੇ 21 ਤੇ ਅੰਗਰਿਸ਼ ਰਘੂਵੰਸ਼ੀ ਨੇ 27 ਨਾਬਾਦ ਦੌੜਾਂ ਦਾ ਯੋਗਦਾਨ ਪਾਇਆ।
ਸੁਨੀਲ ਨਰਾਇਣ ਨੇ 17, ਵੈਂਕਟੇਸ਼ ਅੱਈਅਰ 14 ਤੇ ਰਿੰਕੂ ਸਿੰਘ ਨੇ 17 ਦੌੜਾਂ ਬਣਾਈਆਂ। ਗੁਜਰਾਤ ਟਾਈਟਨਜ਼ ਲਈ ਪ੍ਰਸਿੱਧ ਕ੍ਰਿਸ਼ਨਾ ਤੇ ਰਾਸ਼ਿਦ ਖ਼ਾਨ ਨੇ ਦੋ ਦੋ ਜਦੋਂਕਿ ਮੁਹੰਮਦ ਸਿਰਾਜ, ਇਸ਼ਾਂਤ ਸ਼ਰਮਾ, ਵਾਸ਼ਿੰਗਟਨ ਸੁੰਦਰ ਤੇ ਸਾਈ ਕਿਸ਼ੋਰ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ (GT) ਨੇ ਕਪਤਾਨ ਸ਼ੁਭਮਨ ਗਿੱਲ (90) ਤੇ ਸਾਈ ਸੁਦਰਸ਼ਨ (52) ਦੇ ਨੀਮ ਸੈਂਕੜਿਆਂ ਤੇ ਜੋਸ ਬਟਲਰ ਦੀਆਂ ਨਾਬਾਦ 41 ਦੌੜਾਂ ਦੀ ਬਦੌਲਤ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਕ ਮੁਕਾਬਲੇ ਵਿਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਜਿੱਤ ਲਈ 199 ਦੌੜਾਂ ਦਾ ਟੀਚਾ ਦਿੱਤਾ।
ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਨਿਰਧਾਰਿਤ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 198 ਦੌੜਾਂ ਬਣਾਈਆਂ। ਕਪਤਾਨ ਗਿੱਲ ਨੇ 55 ਗੇਂਦਾਂ ’ਤੇ 90 ਦੌੜਾਂ ਦੀ ਪਾਰੀ ਵਿਚ ਦਸ ਚੌਕੇ ਤੇ ਤਿੰਨ ਛੱਕੇ ਜੜੇ। ਸਾਈ ਸੁਦਰਸ਼ਨ ਨੇ 36 ਗੇਂਦਾਂ ਵਿਚ 52 ਦੌੜਾਂ ਦਾ ਯੋਗਦਾਨ ਪਾਇਆ ਤੇ ਦੋਵਾਂ ਨੇ ਪਹਿਲੇ ਵਿਕਟ ਲਈ 12.2 ਓਵਰਾਂ ਵਿਚ 114 ਦੌੜਾਂ ਦੀ ਭਾਈਵਾਲੀ ਕੀਤੀ। ਜੋਸ ਬਟਲਰ ਨੇ 23 ਗੇਂਦਾਂ 41 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਾਹੁਲ ਤੇਵਤੀਆ ਖਾਤਾ ਖੋਲ੍ਹਣ ਵਿਚ ਨਾਕਾਮ ਰਿਹਾ। ਸ਼ਾਹਰੁਖ਼ ਖ਼ਾਨ 5 ਗੇਂਦਾਂ ਵਿਚ 11 ਦੌੜਾਂ ਨਾਲ ਨਾਬਾਦ ਰਿਹਾ। ਕੇਕੇਆਰ ਲਈ ਆਂਦਰੇ ਰਸਲ, ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੇ ਇਕ ਇਕ ਵਿਕਟ ਲਈ। -ਪੀਟੀਆਈ