IPL Auctionਆਈਪੀਐੱਲ ਨਿਲਾਮੀ: ਰਿਸ਼ਭ ਪੰਤ ਬਣਿਆ ਸਭ ਤੋਂ ਮਹਿੰਗਾ ਖਿਡਾਰੀ
ਜੇਦਾਹ (ਸਾਊਦੀ ਅਰਬ), 24 ਨਵੰਬਰ
ਭਾਰਤੀ ਕ੍ਰਿਕਟ ਟੀਮ ਦਾ ਵਿਕਟਕੀਪਰ ਰਿਸ਼ਭ ਪੰਤRishab pant ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਇੱਥੇ ਅੱਜ ਮੈਗਾ ਨਿਲਾਮੀ ਵਿੱਚ ਉਸ ’ਤੇ 27 ਕਰੋੜ ਰੁਪਏ ਦੀ ਬੋਲੀ ਲਾਈ, ਜਦਕਿ ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਇਸ ਸਾਲ ਖ਼ਿਤਾਬ ਦਿਵਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੀ ਟੀਮ ’ਚ ਸ਼ਾਮਲ ਕੀਤਾ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਅਈਅਰ ’ਤੇ 26.75 ਕਰੋੜ ਰੁਪਏ ਦੀ ਬੋਲੀ ਲਾਈ। ਅਈਅਰ ਲਈ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦਰਮਿਆਨ ਕਾਫੀ ਸਮੇਂ ਤੱਕ ਮੁਕਾਬਲਾ ਚੱਲਿਆ। ਇਸ ਦੇ ਨਾਲ ਹੀ ਅਈਅਰ ਨੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਕੇਕੇਆਰ ਨੇ ਪਿਛਲੀ ਨਿਲਾਮੀ ਵਿੱਚ 24.75 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਦਿੱਲੀ ਕੈਪੀਟਲਜ਼ ਨੇ ਇਸ ਵਾਰ ਸਟਾਰਕ ’ਤੇ 11.75 ਕਰੋੜ ਰੁਪਏ ਦੀ ਬੋਲੀ ਲਾਈ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ Arshdeep Singhਨੂੰ ਪੰਜਾਬ ਨੇ ਰਾਈਟ-ਟੂ ਮੈਚ ਕਾਰਡ ਦੀ ਵਰਤੋਂ ਕਰ ਕੇ 18 ਕਰੋੜ ਰੁਪਏ ਵਿੱਚ ਖ਼ਰੀਦਿਆ। ਗੁਜਰਾਤ ਟਾਈਟਨਜ਼ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ 10.75 ਕਰੋੜ ਰੁਪਏ ਵਿੱਚ ਜਦਕਿ ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੂੰ 15.75 ਕਰੋੜ ਰੁਪਏ ਵਿੱਚ ਖ਼ਰੀਦਿਆ। -ਪੀਟੀਆਈ