ਆਈਓਏ ਵੱਲੋਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਕਰਾਉਣ ਦੀ ਤਿਆਰੀ ਸ਼ੁਰੂ
ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਲਈ 30 ਜੂਨ ਦੀ ਸਮਾਂ ਸੀਮਾ ਤੈਅ ਕੀਤੇ ਜਾਣ ਦੇ ਨਾਲ ਹੀ ਆਈਓਏ (ਭਾਰਤੀ ਓਲੰਪਿਕ ਐਸੋਸੀਏਸ਼ਨ) ਦੀ ਐਡਹਾਕ ਕਮੇਟੀ ਨੇ ਵੋਟਰ ਸੂਚੀ ਇਕੱਠੀ ਕਰਕੇ ਚੋਣਾਂ ਕਰਾਉਣ ਦੀ ਦਿਸ਼ਾ ਵੱਲ ਪਹਿਲਾ ਕਦਮ ਚੁੱਕਿਆ ਹੈ। ਇਹ ਵੋਟਰ ਸੂਚੀ ਇਲੈਕਟੋਰਲ ਕਾਲਜ ਦੇ ਗਠਨ ਲਈ ਜ਼ਰੂਰੀ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਐਡਹਾਕ ਕਮੇਟੀ ਦੇ ਤੀਜੇ ਮੈਂਬਰ (ਹਾਈ ਕੋਰਟ ਦੇ ਸੇਵਾਮੁਕਤ ਜੱਜ), ਜਿਸ ਦੀ ਨਿਗਰਾਨੀ ਹੇਠ ਇਹ ਚੋਣਾਂ ਹੋਣਗੀਆਂ, ਦੀ ਨਿਯੁਕਤੀ ਕੀਤੀ ਜਾਣੀ ਬਾਕੀ ਹੈ। ਆਈਓਏ ਦੇ ਸੂਤਰ ਨੇ ਦੱਸਿਆ, ‘ਜੱਜ ਦੀ ਨਿਯੁਕਤੀ ਜਲਦੀ ਹੀ ਹੋਵੇਗੀ। ਅਸੀਂ ਪਹਿਲਾਂ ਤੋਂ ਹੀ ਇਸ ‘ਤੇ ਕੰਮ ਕਰ ਰਹੇ ਹਾਂ। ਸਾਨੂੰ ਪਿਛਲੇ ਕਾਰਜਕਾਲ ਦੇ ਵੋਟਰਾਂ ਦੀ ਸੂਚੀ ਮਿਲੀ ਹੈ।’ ਐਡਹਾਕ ਕਮੇਟੀ ਨੇ ਚਾਰ ਮਈ ਨੂੰ ਆਪਣਾ ਕੰਮਕਾਰ ਸੰਭਾਲਿਆ ਸੀ ਅਤੇ ਉਸ ਨੂੰ 45 ਦਿਨਾਂ ਅੰਦਰ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਇਹ ਸਮਾਂ ਸੀਮਾ 17 ਜੂਨ ਨੂੰ ਖਤਮ ਹੋ ਰਹੀ ਹੈ। ਚੋਣਾਂ ਕਰਵਾਉਣ ਦਾ ਫ਼ੈਸਲਾ ਡਬਲਿਊਐੱਫਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ‘ਚ ਲਿਆ ਜਾਵੇਗਾ। -ਪੀਟੀਆਈ