ਥਾਣੇ ਦੇ ਬਾਹਰ ਸੁੱਟੀ ਧਮਾਕਾਖੇਜ਼ ਸਮੱਗਰੀ ਮਾਮਲੇ ਵਿੱਚ ਵਿਦੇਸ਼ੀ ਗੈਂਗਸਟਰਾਂ ਦੀ ਸ਼ਮੂਲੀਅਤ ਦਾ ਸ਼ੱਕ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਨਵੰਬਰ
ਅਜਨਾਲਾ ਥਾਣੇ ਦੇ ਬਾਹਰ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸੁੱਟੀ ਗਈ ਸ਼ੱਕੀ ਵਿਸਫੋਟਕ ਸਮੱਗਮੀ ਬਾਰੇ ਜਾਂਚ ਰਿਪੋਰਟ ਦੀ ਪੁਲੀਸ ਉਡੀਕ ਕਰ ਰਹੀ ਹੈ, ਪਰ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਇਸ ਮਾਮਲੇ ਵਿਚ ਵਿਦੇਸ਼ ਆਧਾਰਿਤ ਗੈਂਗਸਟਰਾਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਗਿਆ ਹੈ।
ਉਹ ਅਜਨਾਲਾ ਥਾਣੇ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਪਰ ਇਹ ਵਿਸਫੋਟਕ ਸਮੱਗਰੀ ਫਟੀ ਨਹੀਂ ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਪੁਲੀਸ ਅਧਿਕਾਰੀ ਇਸ ਮਾਮਲੇ ਵਿੱਚ ਅਜੇ ਵੀ ਚੁੱਪ ਹਨ, ਪਰ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਇਹ ਵਿਸਫੋਟਕ ਸਮੱਗਰੀ ਆਰਡੀਐਕਸ ਸੀ ਜੋ ਪੰਜਾਬ ਵਿੱਚ ਅਤਿਵਾਦੀਆਂ ਵੱਲੋਂ ਖਾੜਕੂਵਾਦ ਦੇ ਦਿਨਾਂ ਵਿੱਚ ਵਰਤਿਆ ਜਾਂਦਾ ਸੀ। ਪੁਲੀਸ ਇਸ ਮਾਮਲੇ ਵਿੱਚ ਅਮਰੀਕਾ ਰਹਿੰਦ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਅਤੇ ਉਸਦੇ ਸਾਥੀ ਗੋਪੀ ਨਵਾਂਸ਼ਹਿਰ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲੀਸ ਸਟੇਸ਼ਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਅਜਨਾਲਾ ਪੁਲੀਸ ਸਟੇਸ਼ਨ ਦੀ ਚਾਰਦੀਵਾਰੀ ਨੇੜੇ ਪਲਾਸਟਿਕ ਦੇ ਥੈਲੇ ਵਿੱਚ ਧਮਾਕਾਖੇਜ਼ ਸਮੱਗਰੀ ਸੁੱਟਦੇ ਹੋਏ ਦਿਖਾਈ ਦਿੱਤੇ। ਇਨ੍ਹਾਂ ‘ਚੋਂ ਇਕ ਬਾਈਕ ’ਤੇ ਹੀ ਰਿਹਾ, ਜਿਸ ਦਾ ਇੰਜਣ ਚਾਲੂ ਸੀ ਅਤੇ ਦੂਜੇ ਨੇ ਸ਼ੱਕੀ ਬੰਬ ਨੂੰ ਕੰਧ ਨਾਲ ਸੁੱਟ ਦਿੱਤਾ।
ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਚਰਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਸ਼ੱਕੀ ਧਮਾਕਾਖੇਜ਼ ਸਮੱਗਰੀ ਨੂੰ ਡੰਪ ਕਰਨ ਵਿੱਚ ਵਿਦੇਸ਼ੀ ਆਧਾਰਿਤ ਹੈਂਡਲਰਾਂ ਦੀ ਭੂਮਿਕਾ ਸਮੇਤ ਹਰ ਸੰਭਾਵੀ ਪੱਖ ਤੋਂ ਜਾਂਚ ਕਰ ਰਹੀ ਹੈ ਪਰ ਫਿਲਹਾਲ ਵਿਸਫੋਟਕ ਸਮੱਗਰੀ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸੂਤਰਾਂ ਮੁਤਾਬਕ ਪਲਾਸਟਿਕ ਦੇ ਬੈਗ ’ਚ ਕਰੀਬ 700 ਗ੍ਰਾਮ ਵਜ਼ਨ ਵਾਲੀ ਵੱਡੀ ਗੋਲ ਗੇਂਦ ਸੀ ਜਿਸ ਦੇ ਨਾਲ ਵਾਇਰਿੰਗ ਮਕੈਨਿਜ਼ਮ ਲੱਗਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਫੋਰੈਂਸਿਕ ਲੈਬ ਰਿਪੋਰਟਾਂ ਨਹੀਂ ਆਉਂਦੀਆਂ ਉਸ ਵੇਲੇ ਤੱਕ ਇਸ ਮਾਮਲੇ ਵਿੱਚ ਆਰਡੀਐਕਸ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕਰ ਸਕਦੇ।