For the best experience, open
https://m.punjabitribuneonline.com
on your mobile browser.
Advertisement

ਬਾਬਾ ਦਯਾ ਸਿੰਘ ਨੂੰ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ

06:41 AM Nov 26, 2024 IST
ਬਾਬਾ ਦਯਾ ਸਿੰਘ ਨੂੰ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ
ਅਕਾਲ ਤਖ਼ਤ ਦੀ ਫਸੀਲ ਤੋਂ ਬਾਬਾ ਦਯਾ ਸਿੰਘ ਦਾ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਨਾਲ ਕੀਤਾ ਸਨਮਾਨ ਪ੍ਰਾਪਤ ਕਰਦੇ ਬਾਬਾ ਅਵਤਾਰ ਸਿੰਘ ਤੇ ਹੋਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਨਵੰਬਰ
ਨਿਹੰਗ ਜਥੇਬੰਦੀ ਸੰਪਰਦਾਇ ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਰਹੇ ਸਵਰਗੀ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਨੂੰ ਮਰਨ ਉਪਰੰਤ ਅੱਜ ਅਕਾਲ ਤਖ਼ਤ ਤੋਂ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਗੁਰਬਾਣੀ ਦੇ ਕੀਰਤਨ ਅਤੇ ਅਰਦਾਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖ਼ਤ ਦੀ ਫਸੀਲ ਤੋਂ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਨੂੰ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਸਨਮਾਨ ਦਲ ਪੰਥ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੂੰ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ 15 ਜੁਲਾਈ 2024 ਨੂੰ ਅਕਾਲ ਤਖ਼ਤ ਸਾਹਿਬ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਬਾਬਾ ਦਯਾ ਸਿੰਘ ਨੂੰ ਇਹ ਸਨਮਾਨ ਦੇਣ ਦਾ ਫੈਸਲਾ ਹੋਇਆ ਸੀ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋਏ ਸਨਮਾਨ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ , ਤਰਨ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਹਾਜ਼ਰ ਸਨ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਬਾ ਦਯਾ ਸਿੰਘ ਵੱਲੋਂ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਦਯਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੁੰਦਿਆਂ ਸਿੱਖ ਪੰਥ ਲਈ ਵੱਡਮੁੱਲੀਆਂ ਸੇਵਾਵਾਂ ਕੀਤੀਆਂ ਅਤੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਤਤਪਰ ਰਹੇ। ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਦਲ ਪੰਥ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਨੇ ਇਸ ਸਨਮਾਨ ਲਈ ਸਭਨਾਂ ਦਾ ਧੰਨਵਾਦ ਕੀਤਾ।

Advertisement

ਕੇਂਦਰੀ ਸਿੱਖ ਅਜਾਇਬ ਘਰ ’ਚ ਜਰਨੈਲ ਪੰਜਹੱਥਾ ਅਤੇ ਬਾਬਾ ਦਯਾ ਸਿੰਘ ਦੀਆਂ ਤਸਵੀਰਾਂ ਸਥਾਪਿਤ

ਅੰਮ੍ਰਿਤਸਰ:

Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਕੇਂਦਰੀ ਸਿੱਖ ਅਜਾਇਬਘਰ ਵਿੱਚ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਬਹਾਦਰ ਜਰਨੈਲ ਨਿਧਾਨ ਸਿੰਘ ਪੰਜਹੱਥਾ ਦੀਆਂ ਤਸਵੀਰਾਂ ਸਥਾਪਤ ਕੀਤੀਆਂ ਗਈਆਂ। ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਨਿਭਾਈ। ਇਸ ਮੌਕੇ ਸ੍ਰੀ ਧਾਮੀ ਨੇ ਦੱਸਿਆ ਕਿ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਅਤੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਲੜ ਲਾਇਆ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਬਹਾਦਰ ਸਿੱਖ ਜਰਨੈਲ ਨਿਧਾਨ ਸਿੰਘ ਪੰਜਹੱਥਾ ਨੇ ਸੰਨ 1823 ਈਸਵੀ ਵਿਚ ਨੌਸ਼ਹਿਰੇ ਦੀ ਜੰਗ ਵਿੱਚ ਵੀਰਤਾ ਦੇ ਜੌਹਰ ਦਿਖਾਉਂਦੇ ਹੋਏ ਪੰਜ ਦੁਸ਼ਮਣ ਪਠਾਣ ਜਰਨੈਲਾਂ ਨੂੰ ਮਾਰ ਕੇ ਉਨ੍ਹਾਂ ਤੋਂ ਖੋਹੀਆਂ ਪੰਜ ਤਲਵਾਰਾਂ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕੀਤੀਆਂ ਸਨ, ਜਿਸ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਨਾਮ ਵਜੋਂ ਬਖ਼ਸ਼ੀ ਪੰਜ ਹਜ਼ਾਰ ਰੁਪਏ ਦੀ ਜਗੀਰ ਤੇ ਪੰਜ ਹੱਥੇ ਦਾ ਖ਼ਿਤਾਬ ਦਿੱਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਮੌਜੂਦ ਸਨ।

Advertisement
Author Image

joginder kumar

View all posts

Advertisement