ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮੈਜਿਕ ਗਣਿਤ ਸਬੰਧੀ ਜਾਣੂ ਕਰਵਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਡੀਸੀਐਮ ਪ੍ਰੈਜ਼ੀਡੈਂਸੀ ਵੱਲੋਂ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੇ ਤਹਿਤ, ਸਰਕਾਰੀ ਪ੍ਰਾਇਮਰੀ, ਸਮਾਰਟ ਸਕੂਲ, ਮੋਤੀ ਨਗਰ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮੈਜਿਕ ਗਣਿਤ ਦੀ ਇੰਟਰਨਸ਼ਿਪ ਲਈ ਸੱਦਾ ਦਿੱਤਾ ਗਿਆ। ਇਸ ਤਹਿਤ ਸਕੂਲ ਪਹੁੰਚੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਾਹਿਰ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਏਆਈ ਐਪਲੀਕੇਸ਼ਨਾਂ ਅਤੇ ਗਣਿਤ ਦੇ ਭਰਮ ਦਾ ਗਿਆਨ ਦਿੱਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਡੀਸੀਐਮ ਦੀ ਪ੍ਰਿੰਸੀਪਲ ਰਜਨੀ ਕਾਲੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਣ ਦੇ ਨਵੇਂ ਮਾਪਦੰਡ ਸਮਝਾਉਣ ਲਈ ਡੀਸੀਐਮ ਗਰੁੱਪ ਦੇ ਬਹੁਤ ਧੰਨਵਾਦੀ ਹਨ। ਸ੍ਰੀ ਸੇਖੋਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਆਧੁਨਿਕ ਸਿੱਖਿਆ ਦੀ ਪ੍ਰਾਪਤੀ ਲਈ ਲਾਹੇਵੰਦ ਸਿੱਧ ਹੋਵੇਗਾ। ਸਕੂਲ ਦੀ ਪ੍ਰਿੰਸੀਪਲ ਕਾਲੜਾ ਨੇ ਦੱਸਿਆ ਕਿ ਇਸ ਇੰਟਰਨਸ਼ਿਪ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ ’ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਡੀਸੀਐੱਮ ਗਰੁੱਪ ਦਾ ਉਦੇਸ਼ ਹਮੇਸ਼ਾ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਣ ਦੇ ਵਧੀਆ ਮੌਕੇ ਪ੍ਰਦਾਨ ਕਰਨ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਵਜ੍ਹਾ ਹੈ ਉਨ੍ਹਾਂ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਸਮਾਰਟ ਸਕੂਲ ਮੋਤੀ ਨਗਰ ਨਾਲ ਮਿਲ ਕੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਸਹੂਲਤਾਂ ਭਵਿੱਖ ਵਿੱਚ ਵੀ ਦਿੱਤੀਆਂ ਜਾਣਗੀਆਂ।