ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼
ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਨਵੰਬਰ
ਪੁਲੀਸ ਜ਼ਿਲ੍ਹਾ ਖੰਨਾ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 14 ਪਿਸਟਲ, 18 ਮੈਗਜ਼ੀਨ ਅਤੇ 3 ਰੌਂਦ ਬਰਾਮਦ ਕੀਤੇ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਕਿਸੇ ਮੁਖਬਰ ਦੀ ਇਤਲਾਹ ’ਤੇ ਡੀਐਸਪੀ (ਡੀ) ਪਵਨਜੀਤ, ਇੰਸਪੈਕਟਰ ਅਮਨਦੀਪ ਸਿੰਘ ਅਤੇ ਜਗਜੀਵਨ ਰਾਮ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਦੋਰਾਹਾ ਜਰਨੈਲੀ ਸੜਕ ’ਤੇ ਨਾਕਾਬੰਦੀ ਦੌਰਾਨ ਮੋਹਿਤ ਜਗੋਤਾ ਅਤੇ ਦੀਵਾਂਸ਼ੂ ਧੀਰ (ਦੋਵੇਂ ਵਾਸੀ ਤਰਸੇਮ ਕਲੋਨੀ, ਲੁਧਿਆਣਾ) ਨੂੰ ਗ੍ਰਿਫ਼ਤਾਰ ਕਰਕੇ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲਿਆਏ ਹਨ ਜਿਸ ’ਤੇ ਸੀਆਈਏ ਸਟਾਫ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਪਿੰਡ ਪਚੋਰੀ ਵਿਚ ਰੇਡ ਕਰਕੇ ਗੁਰਲਾਲ ਉਚਵਾਰੀ ਅਤੇ ਰਵਿੰਦਰ ਸ਼ੰਕਰ ਨੂੰ 10 ਪਿਸਟਲ 32 ਬੋਰ ਸਮੇਤ ਮੈਗਜ਼ੀਨ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਥਾਣੇਦਾਰ ਸੁਖਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਦੋਰਾਹਾ ਬੱਸ ਅੱਡੇ ’ਤੇ ਨਾਕਾਬੰਦੀ ਦੌਰਾਨ ਖੰਨਾ ਸਾਈਡ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਉਸ ਦੇ ਪਿੱਠੂ ਬੈਗ ਵਿਚੋਂ 2 ਪਿਸਟਲ 32 ਬੋਰ, 1 ਦੇਸੀ ਪਿਸਟਲ 30 ਬੋਰ, 2 ਮੈਗਜ਼ੀਨ 32 ਬੋਰ, 1 ਮੈਗਜ਼ੀਨ 30 ਬੋਰ, 3 ਰੌਂਦ 9 ਐਮਐਮ ਬਰਾਮਦ ਹੋਏ। ਮੁਲਜ਼ਮ ਦੀ ਪਹਿਚਾਣ ਰਕਸ਼ਿਤ ਸੈਣੀ ਵਾਸੀ ਅੰਮ੍ਰਿਤਸਰ ਵਜੋਂ ਹੋਈ। ਐਸਐਸਪੀ ਅਨੁਸਾਰ ਗੁਰਲਾਲ ਅਤੇ ਰਕਸ਼ਿਤ ’ਤੇ ਅਸਲਾ ਐਕਟ ਤਹਿਤ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਪਾਸੋੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।