ਭਾਰਤ ਦੀ ਮੰਗ ’ਤੇ ਇੰਟਰਪੋਲ ਨੇ ਸੌ ਰੈੱਡ ਨੋਟਿਸ ਜਾਰੀ ਕੀਤੇ: ਸੀਬੀਆਈ
ਨਵੀਂ ਦਿੱਲੀ:
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਪ੍ਰਵੀਨ ਸੂਦ ਨੇ ਅੱਜ ਕਿਹਾ ਕਿ ਇੰਟਰਪੋਲ ਨੇ 2023 ’ਚ ਭਾਰਤ ਦੀ ਮੰਗ ’ਤੇ 100 ਰੈੱਡ ਨੋਟਿਸ ਜਾਰੀ ਕੀਤੇ, ਜੋ ਇੱਕ ਸਾਲ ਅੰਦਰ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਦੁਨੀਆ ਭਰ ਦੀ ਪੁਲੀਸ ਫੋਰਸ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰ ’ਚ ਉਨ੍ਹਾਂ ਭਗੌੜਿਆਂ ਨੂੰ ਹਿਰਾਸਤ ਵਿੱਚ ਲੈਣ, ਜੋ ਭਾਰਤੀ ਕਾਨੂੰਨ ਏਜੰਸੀਆਂ ਨੂੰ ਲੋੜੀਂਦੇ ਹਨ ਤੇ ਜਿਨ੍ਹਾਂ ਸਰਹੱਦ ਪਾਰ ਕੀਤੀ ਹੈ। ਸੂਦ ਨੇ ਸੀਬੀਆਈ ਵੱਲੋਂ ਕਰਵਾਏ ਗਏ 10ਵੇਂ ਇੰਟਰਪੋਲ ਸੰਪਰਕ ਅਧਿਕਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਟਰਪੋਲ ਤੇ ਕੌਮਾਂਤਰੀ ਕਾਨੂੰਨ ਸਹਿਯੋਗੀਆਂ ਦੀ ਮਦਦ ਨਾਲ 2023 ’ਚ 29 ਅਤੇ 2024 ’ਚ ਹੁਣ ਤੱਕ 19 ਲੋੜੀਂਦੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੇ ‘ਗਲੋਬਲ ਅਪਰੇਸ਼ਨ ਸੈਂਟਰ’ ਨੇ 2023 ’ਚ ਕੌਮਾਂਤਰੀ ਸਹਾਇਤਾ ਦੀਆਂ 17,368 ਮੰਗਾਂ ‘ਤੇ ਕਾਰਵਾਈ ਕੀਤੀ ਹੈ। ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਵੀ ਸੀਬੀਆਈ ਦੇ ‘ਗਲੋਬਲ ਅਪਰੇਸ਼ਨ ਸੈਂਟਰ’ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਕੇਂਦਰ ਰੋਜ਼ਾਨਾ ਸਹਾਇਤਾ ਸਬੰਧੀ 200-300 ਮੰਗਾਂ ’ਤੇ ਗੌਰ ਕਰ ਰਿਹਾ ਹੈ। -ਪੀਟੀਆਈ