ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਅੱਜ ਚੁੱਕੇਗੀ ਸਹੁੰ
* ਸਲਾਹਕਾਰ ਪਰਿਸ਼ਦ ’ਚ ਚੁਣੇ ਜਾ ਸਕਦੇ ਨੇ 15 ਮੈਂਬਰ
* ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਰਤਣ ਦਾ ਸੱਦਾ
* ਅਵਾਮੀ ਲੀਗ ਹਮਾਇਤੀਆਂ ਸਣੇ 29 ਲਾਸ਼ਾਂ ਬਰਾਮਦ
ਢਾਕਾ, 7 ਅਗਸਤ
ਨੋਬੇਲ ਪੁਰਸਕਾਰ ਨਾਲ ਸਨਮਾਨਿਤ ਪ੍ਰੋ. ਮੁਹੰਮਦ ਯੂਨਸ ਦੀ ਅਗਵਾਈ ਹੇਠਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ 8 ਅਗਸਤ ਨੂੰ ਸਹੁੰ ਚੁੱਕੇਗੀ। ਸੈਨਾ ਮੁਖੀ ਜਨਰਲ ਵਾਕਰ-ਉਜ਼-ਜ਼ਮਾਂ ਨੇ ਇਹ ਜਾਣਕਾਰੀ ਦਿੱਤੀ। ਇਸੇ ਦਰਮਿਆਨ ਪ੍ਰੋ. ਯੂਨਸ ਨੇ ਸਾਰਿਆਂ ਨੂੰ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਹੈ। ਜਨਰਲ ਵਾਕਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਤਰਿਮ ਸਰਕਾਰ ਭਲਕੇ ਰਾਤ ਅੱਠ ਵਜੇ ਸਹੁੰ ਚੁੱਕ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਲਾਹਕਾਰ ਪਰਿਸ਼ਦ ’ਚ 15 ਮੈਂਬਰ ਹੋ ਸਕਦੇ ਹਨ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਬੀਤੇ ਦਿਨ ਅਰਥਸ਼ਾਸਤਰੀ ਯੂਨਸ (84) ਨੂੰ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਸੀ।
ਦੂਜੇ ਪਾਸੇ ਬੰਗਲਾਦੇਸ਼ ’ਚ ਵਿਦਿਆਰਥੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵਾਲੰਟੀਅਰਾਂ ਵਜੋਂ ਆਵਾਜਾਈ ਕੰਟਰੋਲ ਕੀਤੀ। ਉੱਥੇ ਹੀ ਇੱਕ ਸਿਖਰਲੇ ਪੁਲੀਸ ਅਧਿਕਾਰੀ ਨੇ ਪੁਲੀਸ ਫੋਰਸ ਦੇ ਹਰ ਮੈਂਬਰ ਨੂੰ ਹੌਲੀ ਹੌਲੀ ਡਿਊਟੀ ’ਤੇ ਪਰਤਣ ਅਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਮੁਲਕ ’ਚ ਬਦਅਮਨੀ ਦਰਮਿਆਨ 20 ਅਵਾਮੀ ਆਗੂਆਂ ਸਮੇਤ 29 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਨਿਯੁਕਤ ਕੀਤੇ ਗਏ ਪ੍ਰੋ. ਮੁਹੰਮਦ ਯੂਨਸ ਨੇ ਅੱਜ ਸਾਰਿਆਂ ਨੂੰ ਸ਼ਾਂਤੀ ਕਾਇਮ ਕਰਨ ਤੇ ਹਰ ਤਰ੍ਹਾਂ ਦੀ ਹਿੰਸਾ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਆਓ ਇਸ ਨਵੀਂ ਜਿੱਤ ਦੀ ਸਭ ਤੋਂ ਵਧੀਆ ਵਰਤੋਂ ਕਰੀਏ। ਅਸੀਂ ਆਪਣੀ ਕਿਸੇ ਗ਼ਲਤੀ ਕਾਰਨ ਇਸ ਜਿੱਤ ਨੂੰ ਬੇਕਾਰ ਨਾ ਜਾਣ ਦੇਈਏ। ਮੈਂ ਮੌਜੂਦਾ ਹਾਲਾਤ ’ਚ ਸਾਰਿਆਂ ਨੂੰ ਸ਼ਾਂਤੀ ਰੱਖਣ ਤੇ ਹਰ ਤਰ੍ਹਾਂ ਦੀ ਹਿੰਸਾ ਤੇ ਨੁਕਸਾਨ ਤੋਂ ਬਚਣ ਦੀ ਅਪੀਲ ਕਰਦਾ ਹਾਂ।’
ਸਥਾਨਕ ਮੀਡੀਆ ’ਚ ਆਈਆਂ ਖ਼ਬਰਾਂ ਅਨੁਸਾਰ ਲੰਘੇ ਸੋਮਵਾਰ ਨੂੰ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬੰਗਲਾਦੇਸ਼ ’ਚ ਬਦਅਮਨੀ ਸਿਖਰ ’ਤੇ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਜਾਂ ਆਵਾਜਾਈ ਕੰਟਰੋਲ ਕਰਨ ਲਈ ਪੁਲੀਸ ਮੁਲਾਜ਼ਮ ਵੀ ਨਹੀਂ ਹਨ। ਪੁਲੀਸ ਦੇ ਵਧੀਕ ਆਈਜੀ ਏਕੇਐੱਮ ਸ਼ਾਹਿਦੁਰ ਰਹਿਮਾਨ ਨੂੰ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਬੀਤੇ ਦਿਨ ਬੰਗਲਾਦੇਸ਼ ਪੁਲੀਸ ਦਾ ਸਿਖਰਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਫੋਰਸ ਦੇ ਹਰ ਮੈਂਬਰ ਨੂੰ ਹੌਲੀ-ਹੌਲੀ ਡਿਊਟੀ ’ਤੇ ਵਾਪਸ ਆਉਣ ਅਤੇ ਜਨਤਕ ਸੁਰੱਖਿਆ ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦੇ ਕੰਮ ’ਚ ਜੁਟਣ ਦਾ ਸੱਦਾ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਸਕਾਊਟਸ ਦੇ ਮੈਂਬਰਾਂ ਸਮੇਤ ਵਿਦਿਆਰਥੀਆਂ ਨੂੰ ਕਈ ਥਾਵਾਂ ’ਤੇ ਟਰੈਫਿਕ ਕੰਟਰੋਲ ਕਰਦਿਆਂ ਦੇਖਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਏਕੇਐੱਮ ਸ਼ਾਹਿਦੁਰ ਰਹਿਮਾਨ ਨੂੰ ਰੈਪਿਡ ਐਕਸ਼ਨ ਬਟਾਲੀਅਨ (ਆਰਏਬੀ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ ਜਦਕਿ ਮੁਹੰਮਦ ਮੈਨੁਲ ਹਸਨ ਢਾਕਾ ਮੈਟਰੋਪੋਲੀਟਨ ਪੁਲੀਸ (ਡੀਐੱਮਪੀ) ਦੇ ਕਮਿਸ਼ਨਰ ਵਜੋਂ ਹਬੀਬੁਰ ਰਹਿਮਾਨ ਦੀ ਥਾਂ ਲੈਣਗੇ। ਅਕਤੂਬਰ 2020 ’ਚ ਨਿਯੁਕਤ ਅਟਾਰਨੀ ਜਨਰਲ ਅਬੂ ਮੁਹੰਮਦ ਅਮੀਨੂਦੀਨ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਕਾਰੋਬਾਰੀ ਅਦਾਰਿਆਂ ਨੇ ਪਿਛਲੇ ਦੋ ਦਿਨਾਂ ’ਚ ਫੈਕਟਰੀਆਂ ’ਚ ਅੱਗਜ਼ਨੀ ਦੀਆਂ ਘਟਨਾਵਾਂ ਵਿਚਾਲੇ ਅਮਨ-ਕਾਨੂੰਨ ਦੀ ਸਥਿਤੀ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਡਿਪਟੀ ਗਵਰਨਰ ਕਾਜ਼ੀ ਸਈਦੁਰ ਰਹਿਮਾਨ ਸਮੇਤ ਬੰਗਲਾਦੇਸ਼ ਬੈਂਕ ਦੇ ਛੇ ਸਿਖਰਲੇ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਇਸੇ ਤਰ੍ਹਾਂ ਬੀਤੇ ਦਿਨ ਦੇਸ਼ ਦੇ ਕਈ ਹਿੱਸਿਆਂ ’ਚ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਹਮਾਇਤੀਆਂ ਸਮੇਤ 29 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। -ਪੀਟੀਆਈ
ਵਾਪਸ ਆ ਰਹੇ ਨੇ ਭਾਰਤੀ ਹਾਈ ਕਮਿਸ਼ਨ ਦੇ ਮੁਲਾਜ਼ਮ
ਨਵੀਂ ਦਿੱਲੀ:
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਗ਼ੈਰਜ਼ਰੂਰੀ ਸੇਵਾਵਾਂ ’ਚ ਤਾਇਨਾਤ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਭਾਰਤ ਮੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲਾਂਕਿ ਹਾਈ ਕਮਿਸ਼ਨ ’ਚ ਸਾਰੇ ਭਾਰਤੀ ਕੂਟਨੀਤਕ ਢਾਕਾ ਤੋਂ ਹੀ ਕੰਮ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਕੰਮ ਕਰ ਰਿਹਾ ਹੈ। ਇਸੇ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਤੇ ਇੰਡੀਗੋ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਲਈ ਵਿਸ਼ੇਸ਼ ਉਡਾਣਾਂ ਭੇਜੀਆਂ ਜਿਨ੍ਹਾਂ ਰਾਹੀਂ 400 ਤੋਂ ਵੱਧ ਲੋਕਾਂ ਨੂੰ ਭਾਰਤ ਲਿਆਂਦਾ ਗਿਆ ਹੈ। -ਪੀਟੀਆਈ
ਕੁਝ ਹੋਰ ਸਮਾਂ ਦਿੱਲੀ ਵਿੱਚ ਰਹੇਗੀ ਸ਼ੇਖ ਹਸੀਨਾ
ਢਾਕਾ:
ਸਰਕਾਰ ਵਿਰੋਧੀ ਮੁਜ਼ਾਹਰਿਆਂ ਮਗਰੋਂ ਆਪਣਾ ਦੇਸ਼ ਛੱਡ ਕੇ ਆਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਥੋੜ੍ਹਾ ਹੋਰ ਸਮਾਂ ਦਿੱਲੀ ’ਚ ਰਹੇਗੀ। ਹਸੀਨਾ ਦੇ ਪੁੱਤਰ ਸਜੀਬ ਵਾਜਿਦ ਜੌਇ ਨੇ ਅੱਜ ਇਹ ਜਾਣਕਾਰੀ ਦਿੱਤੀ। ਹਸੀਨਾ ਦੀ ਕਿਸੇ ਤੀਜੇ ਦੇਸ਼ ’ਚ ਪਨਾਹ ਮੰਗਣ ਦੀ ਯੋਜਨਾ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਇਹ ਸਭ ਅਫਵਾਹਾਂ ਹਨ। ਉਨ੍ਹਾਂ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਉਹ ਕੁਝ ਸਮਾਂ ਹੋਰ ਦਿੱਲੀ ’ਚ ਰਹਿਣਗੇ। ਮੇਰੀ ਭੈਣ ਉਨ੍ਹਾਂ ਨਾਲ ਹੈ। ਇਸ ਲਈ ਉਹ ਇਕੱਲੇ ਨਹੀਂ ਹਨ।’ -ਪੀਟੀਆਈ
ਪਿਆਰ ਅਤੇ ਅਮਨ ਨਾਲ ਹੋਵੇਗਾ ਨਵੇਂ ਮੁਲਕ ਦਾ ਨਿਰਮਾਣ: ਖਾਲਿਦਾ ਜ਼ਿਆ
ਢਾਕਾ:
ਨਜ਼ਰਬੰਦੀ ਤੋਂ ਰਿਹਾਅ ਹੋਣ ਦੇ ਇੱਕ ਦਿਨ ਬਾਅਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਬੀਐੱਨਪੀ ਦੀ ਚੇਅਰਪਰਸਨ ਖਾਲਿਦਾ ਜ਼ਿਆ ਨੇ ਅੱਜ ਦੇਸ਼ ਦੇ ਲੋਕਾਂ ਨੂੰ ਅਸੰਭਵ ਨੂੰ ਸੰਭਵ ਬਣਾਉਣ ਲਈ ਕੀਤੇ ਸੰਘਰਸ਼ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ‘ਗੁੱਸਾ’ ਜਾਂ ‘ਬਦਲਾ’ ਨਹੀਂ ਹੈ ਸਗੋਂ ‘ਪਿਆਰ ਤੇ ਅਮਨ’ ਹੈ ਜਿਸ ਨਾਲ ਦੇਸ਼ ਦਾ ਮੁੜ ਨਿਰਮਾਣ ਹੋਵੇਗਾ। ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਮਗਰੋਂ ਖਾਲਿਦਾ ਜ਼ਿਆ ਨੂੰ ਨਵਿਆਇਆ ਹੋਇਆ ਪਾਸਪੋਰਟ ਵੀ ਮਿਲ ਗਿਆ ਹੈ। ਸਾਲ 2018 ਮਗਰੋਂ ਆਪਣੇ ਪਹਿਲੇ ਜਨਤਕ ਸੰਬੋਧਨ ਦੌਰਾਨ 79 ਸਾਲਾ ਜ਼ਿਆ ਨੇ ਵੀਡੀਓ ਲਿੰਕ ਰਾਹੀਂ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਰੈਲੀ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਜ਼ਿਆ ਨੂੰ ਤਤਕਾਲੀ ਪ੍ਰਧਾਨ ਮੰਤਰੀ ਹਸੀਨਾ ਦੇ ਕਾਰਜਕਾਲ ਦੌਰਾਨ 2018 ’ਚ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਵਿੱਚ 17 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। -ਪੀਟੀਆਈ