For the best experience, open
https://m.punjabitribuneonline.com
on your mobile browser.
Advertisement

ਰੋਚਕਤਾ ਭਰਪੂਰ ਨਾਵਲ

11:34 AM Feb 25, 2024 IST
ਰੋਚਕਤਾ ਭਰਪੂਰ ਨਾਵਲ
Advertisement

ਬਲਦੇਵ ਸਿੰਘ (ਸੜਕਨਾਮਾ)

Advertisement

ਇੱਕ ਪੁਸਤਕ - ਇੱਕ ਨਜ਼ਰ

ਜਸਪਾਲ ਮਾਨਖੇੜਾ ਪਿਛਲੇ ਵੀਹ ਕੁ ਸਾਲਾਂ ਤੋਂ ਪੰਜਾਬੀ ਸਾਹਿਤ ਵਿੱਚ ਸਰਗਰਮ ਹੈ। ਹੁਣ ਤੱਕ ਉਸ ਨੇ ਤਿੰਨ ਕਹਾਣੀ ਸੰਗ੍ਰਹਿ, ਦੋ ਵਾਰਤਕ ਦੀਆਂ ਪੁਸਤਕਾਂ, ਇੱਕ ਜੀਵਨੀ ਤੇ ਦੋ ਨਾਵਲ ਲਿਖ ਕੇ ਸਾਹਿਤ ਵਿੱਚ ਆਪਣੀ ਸਥਾਈ ਥਾਂ ਨਿਸ਼ਚਿਤ ਕਰ ਲਈ ਹੈ। ਉਸ ਦੀ ਹਰ ਰਚਨਾ ਦਾ ਪਾਠਕਾਂ ਨੇ ਸਵਾਗਤ ਕੀਤਾ ਹੈ। ਉਸ ਕੋਲ ਮਾਲਵੇ ਦੀ ਮਸਾਲੇਦਾਰ ਬੋਲੀ ਅਤੇ ਸ਼ਬਦਾਵਲੀ ਹੈ ਜਿਸ ਨਾਲ ਰਚਨਾ ਪੜ੍ਹਨਯੋਗ ਤਾਂ ਹੁੰਦੀ ਹੀ ਹੈ, ਇਹ ਪਾਠਕ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ।
ਉਸ ਦਾ ਨਾਵਲ ‘ਹਰ ਮਿੱਟੀ ਦੀ ਆਪਣੀ ਖ਼ਸਲਤ’ (ਕੀਮਤ: 200 ਰੁਪਏ; ਪ੍ਰਕਾਸ਼ਕ: ਪੀਪਲ ਫੋਰਮ ਬਰਗਾੜੀ) ਆਪਹੁਦਰੇ ਹੋਏ ਅਮੀਰ ਘਰਾਣਿਆਂ, ਕਾਕੇ ਤੇ ਉਨ੍ਹਾਂ ਦੇ ਦੁੰਮ-ਛੱਲਾ ਬਣੇ ਟੁੱਕੜਬੋਚ, ਮਾਂ-ਬਾਪ ਦੀ ਸਿਆਸਤ ਦੀ ਕੁਰਸੀ ਤੱਕ ਪਹੁੰਚਦੀ ਬਾਂਹ ਤੇ ਉਨ੍ਹਾਂ ਦੀ ਸਿਸਟਮ ਵਿੱਚ ਹੋਈ ਘੁਸਪੈਠ ਕਾਰਨ ਸਮਾਜ ਦੇ ਵਿਗੜੇ ਸੰਤੁਲਨ ਦਾ ਅਜਿਹਾ ਖ਼ੂਬਸੂਰਤ ਅਤੇ ਸਨਸਨੀਖੇਜ਼ ਬਿਰਤਾਂਤ ਹੈ ਜਿਸ ਰਾਹੀਂ ਜਸਪਾਲ ਮਾਨਖੇੜਾ ਸਮਾਜ ਦੇ ਇਨ੍ਹਾਂ ਵਰਗਾਂ ਨੂੰ ਬੇਪਰਦ ਕਰਦਾ ਹੈ।
ਨਾਵਲ ਦੀ ਪਹਿਲੀ ਸਤਰ ਹੀ ਤਬਦੀਲੀ ਦਾ ਸੰਕੇਤ ਦਿੰਦੀ ਹੈ: ‘ਮੰਡੀ ਰਾਵਲ ਹੁਣ ਮੰਡੀ ਨਹੀਂ ਸੀ ਰਹੀ, ਸ਼ਹਿਰ ਬਣ ਗਿਆ ਸੀ।’ ਤੇ ਫਿਰ ਲੇਖਕ ਨੇ ਵੱਡਾ ਘੇਰਾ ਵਲਦਿਆਂ ਵੇਰਵੇ ਦਿੱਤੇ ਹਨ ਕਿ ਘਰਾਂ ਤੋਂ ਬਸਤੀ, ਬਸਤੀ ਤੋਂ ਪਿੰਡ, ਪਿੰਡ ਤੋਂ ਮੰਡੀ ਤੇ ਮੰਡੀ ਤੋਂ ਸ਼ਹਿਰ ਕਿਵੇਂ ਬਣਿਆ। ਨਵੇਂ-ਨਵੇਂ ਕਿਰਦਾਰ ਜੁੜਦੇ ਜਾਂਦੇ ਹਨ। ਨਾਵਲ ਦਾ ਬਿਰਤਾਂਤ ਸੰਘਣਾ ਹੁੰਦਾ ਜਾਂਦਾ ਹੈ। ਇਸ ਵਿੱਚ ਬੜਾ ਕੁਝ ਸਮਾਇਆ ਹੈ। ਅਤਿਵਾਦ ਸਮੇਂ ਦਾ ਸੱਭਿਆਚਾਰ, ਪੁਲੀਸ ਵਿਭਾਗ ਦੀ ਕਾਰਗੁਜ਼ਾਰੀ, ਨਿੱਜੀ ਹਿੱਤਾਂ ਲਈ ਕਤਲ, ਮੁਕੱਦਮੇ। ਅਗਲੀ ਪੀੜ੍ਹੀ ਦੇ ਨਵੇਂ ਰੁਝਾਨ, ਗੈਂਗ ਕਲਚਰ, ਆਪਸੀ ਖਹਬਿਾਜ਼ੀ। ਵੇਰਵਾ ਭਾਵੇਂ ਮੰਡੀ ਦਾ ਹੋਵੇ, ਬਸਤੀ ਦਾ ਹੋਵੇ, ਸੜਕ ਦਾ ਹੋਵੇ ਜਾਂ ਫਾਰਮ ਹਾਊਸ ’ਤੇ ਹੁੰਦੀਆਂ ਅੱਯਾਸ਼ੀਆਂ ਦਾ, ਮਾਨਖੇੜਾ ਦੀ ਅੱਖ ਕਿਰਦਾਰ ਦੇ ਧੁਰ ਅੰਦਰ ਦਾ ਐਕਸ-ਰੇ ਕਰਦੀ ਹੈ:
‘ਕਾਰ ਹਵਾ ਨੂੰ ਗੰਢਾਂ ਦਿੰਦੀ, ਚੌਕ, ਚੁਰਾਹੇ, ਤਿੰਨ ਕੋਣੀਆਂ, ਲਾਈਟਾਂ, ਉਲੰਘਦੀ, ਪਾਰ ਕਰਦੀ ਭੈਣੀ ਵਾਲੇ ਫਾਰਮ ਹਾਊਸ ਦੇ ਰਾਹ ਪੈ ਗਈ। ਰੌਬਿਨ ਦੇ ਦਿਮਾਗ਼ ਵਿੱਚ ਜ਼ਲਜ਼ਲੇ ਸਨ। ਉਸ ਵਿੱਚ ਆਫ਼ਤਾਂ ਨਾਲ ਲੜਨ ਦੀ ਦਲੇਰੀ ਅਤੇ ਉਤਸ਼ਾਹ ਸੀ। ਫਾਰਮ ਹਾਊਸ ਜਾ ਉੱਤਰੇ ਰੌਬਿਨ ਦੇ ਕਦਮਾਂ ਵਿੱਚ ਤੂਫ਼ਾਨ ਸੀ। ਉਸ ਦੀਆਂ ਅੱਖਾਂ ਵਿੱਚ ਅਜੇ ਵੀ ਹੁਸਨ ਦੀਆਂ ਲਾਟਾਂ ਨੱਚ ਰਹੀਆਂ ਸਨ। ... ਉਸ ਦੀਆਂ ਤਲੀਆਂ ਤਪ ਰਹੀਆਂ ਸਨ, ਹਥੇਲੀਆਂ ਮੁੜ੍ਹਕੇ ਨਾਲ ਭਿੱਜ ਗਈਆਂ ਸਨ... ਕਾਮ ਦਾ ਨਾਗ ਮੇਲ੍ਹ ਰਿਹਾ ਸੀ।’’ ਰੌਬਿਨ, ਸੀਰਤ ਨੂੰ ਆਪਣੀ ਟੋਲੀ ਦੀ ਮਦਦ ਨਾਲ ਅਗਵਾ ਕਰਦਾ ਹੈ, ਬਲਾਤਕਾਰ ਕਰਦਾ ਹੈ। ਸੀਰਤ ਦੇ ਮਾਂ-ਬਾਪ, ਦਾਦੇ-ਦਾਦੀ ਉੱਪਰ ਜ਼ੁਲਮ ਕਰਦਾ ਹੈ। ਸਾਧਾਰਨ ਪਰਿਵਾਰ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਫਿਰ ਅਗਾਂਹਵਧੂ ਜਥੇਬੰਦੀਆਂ ਪਰਿਵਾਰ ਦੀ ਧਿਰ ਬਣਦੀਆਂ ਹਨ। ਇਹ ਨਾਵਲ ਸਿੱਧ ਕਰਦਾ ਹੈ ਕਿ ਜਦੋਂ ਵੀ ਕੋਈ ਸਾਂਝੀ ਮੁਹਿੰਮ ਜ਼ੁਲਮ ਵਿਰੁੱਧ ਛੇੜੀ ਜਾਂਦੀ ਹੈ ਤਾਂ ਜਿੱਤ ਲੋਕਾਂ ਦੀ ਹੁੰਦੀ ਹੈ।
ਨਾਵਲ ਦਾ ਪਿਛਲਾ ਅੱਧ ਅਦਾਲਤ ਦੀ ਕਾਰਗੁਜ਼ਾਰੀ ਅਤੇ ਜਥੇਬੰਦੀਆਂ ਦੇ ਘੋਲ ਦਾ ਬਿਰਤਾਂਤ ਹੈ। ਨਾਵਲ ਵਿੱਚ ਦੋ ਕੁ ਥਾਵਾਂ ’ਤੇ ਫਿਲਮੀ ਘਟਨਾਵਾਂ ਦਾ ਭੁਲੇਖਾ ਪੈਂਦਾ ਹੈ। ਸਕੂਲ ਵਿੱਚ ਗੋਲੀ ਚਲਾਉਣਾ ਤੇ ਗੋਲਗੱਪਿਆਂ ਦੀ ਰੇਹੜੀ ’ਤੇ ਖੜ੍ਹਿਆਂ ਭਰੇ ਬਾਜ਼ਾਰ ਵਿੱਚ ਗੋਲੀਆਂ ਚਲਾਉਣਾ ਤੇ ਉਨ੍ਹਾਂ ਦਾ ਕਿਸੇ ਵੱਲੋਂ ਵੀ ਨੋਟਿਸ ਨਾ ਲਿਆ ਜਾਣਾ। ਬਿਰਤਾਂਤ ਸਿਰਜਣ ਵਿੱਚ ਜੀਵਨ ਦਾ ਸੱਚ ਭਾਵੇਂ ਨਾ ਵੀ ਹੋਵੇ, ਪਰ ਗਲਪ ਦਾ ਸੱਚ ਜ਼ਰੂਰ ਬਣਨਾ ਚਾਹੀਦਾ ਹੈ। ਉਂਜ, ਆਖ਼ਰ ਤੱਕ ਨਾਲ ਵਿੱਚ ਰੌਚਿਕਤਾ ਬਣੀ ਰਹਿੰਦੀ ਹੈ। ਨਾਵਲਕਾਰ ਨੇ ਸਕੂਟਰੀਆਂ ਉੱਪਰ ਚੁੰਨੀ, ਪਟਕੇ ਜਾਂ ਰੁਮਾਲ ਨਾਲ ਮੂੰਹ ਸਿਰ ਢੱਕੀ ਬੈਠੀਆਂ ਕੁੜੀਆਂ ਦੇ ਇਸ ਫੈਸ਼ਨ ਨੂੰ ‘‘ਡਾਕੂ ਘੂੰਗਟ’’ ਕਿਹਾ ਹੈ। ਇਹ ਨਾਮ ਬੜਾ ਜਚਦਾ ਹੈ। ਨਾਵਲ ਆਪਣੇ ਨਾਮ ਨਾਲ ਵੀ ਇਨਸਾਫ਼ ਕਰਦਾ ਹੈ। ਮੈਨੂੰ ਪੂਰੀ ਉਮੀਦ ਹੈ ਪਾਠਕ ਇਸ ਨਾਵਲ ਨੂੰ ਭਰਵਾਂ ਹੁੰਗਾਰਾ ਦੇਣਗੇ।

ਸੰਪਰਕ: 98147-83069

Advertisement
Author Image

sukhwinder singh

View all posts

Advertisement
Advertisement
×