ਸੋਨੇ ਦੀਆਂ ਚੇਨਾਂ ਝਪਟਣ ਵਾਲਾ ਅੰਤਰ-ਰਾਜੀ ਗਰੋਹ ਕਾਬੂ
ਧਿਆਨ ਸਿੰਘ ਭਗਤ
ਕਪੂਰਥਲਾ, 2 ਦਸੰਬਰ
ਪੁਲੀਸ ਨੂੰ ਸੋਨੇ ਦੀਆਂ ਚੇਨਾਂ ਝਪਟਣ ਵਾਲਾ ਅੰਤਰ-ਰਾਜੀ ਗਰੋਹ ਫੜਿਆ ਹੈ। ਇਸ ਸਬੰਧੀ ਸਥਾਨਕ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸੱਤ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ ਆਦਿ ਰਾਜਾਂ ਵਿੱਚ ਚੇਨ ਸਨੈਚਿੰਗ ਕਰਨ ਵਾਲੇ ਗਰੋਹ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗਰੋਹ ਦੇ ਦੋ ਕਥਿਤ ਦੋਸ਼ੀ ਰਾਜਵੀਰ ਵਾਸੀ ਜ਼ਿਲ੍ਹਾ ਸ਼ਾਮਲੀ, ਯੂਪੀ ਅਤੇ ਮੰਗਲ ਵਾਸੀ ਸ਼ਾਮਲੀ ਉਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਸੰਗੀਨ ਮੁਕੱਦਮੇ ਦਰਜ ਹਨ। ਮੰਗਲ ਉੱਤੇ ਵੱਖ ਵੱਖ ਰਾਜਾਂ ਵਿੱਚ 36 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਰਾਜਵੀਰ ’ਤੇ 3 ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਉਪਰ ਪੰਜਾਬ ਤੋਂ ਬਾਹਰ 26 ਅਤੇ ਪੰਜਾਬ ਵਿੱਚ 10 ਮੁਕੱਦਮੇ ਦਰਜ ਹਨ।
ਪੁਲੀਸ ਨੂੰ ਮੁੱਢਲੀ ਪੁੱਛ-ਪੜਤਾਲ ਦੌਰਾਨ ਇਨ੍ਹਾਂ ਕੋਲੋਂ ਮੰਗਲ ਸੂਤਰ, ਦੋ ਸੋਨੇ ਦੀਆਂ ਚੇਨਾਂ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਇਹ ਸਨੇਚਿੰਗ ਦਾ ਸਾਮਾਨ ਸ਼ਾਮਲੀ ਭੇਜ ਦਿੰਦੇ ਸਨ। ਮੁਢਲੀ ਪੁੱਛ-ਪੜਤਾਲ ਦੌਰਾਨ ਇਨ੍ਹਾਂ ਨਾਲ ਇਕ ਹੋਰ ਵਿਅਕਤੀ ਵੀ ਸ਼ਾਮਲ ਦੱਸਿਆ ਜਾਂਦਾ ਹੈ। ਕਪੂਰਥਲਾ ਪੁਲੀਸ ਵੱਲੋਂ ਇਕ ਪੁਲੀਸ ਪਾਰਟੀ ਸ਼ਾਮਲੀ ਭੇਜੀ ਗਈ ਹੈ ਜੋ ਯੂਪੀ ਪੁਲੀਸ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿੱਥੋਂ ਇਨ੍ਹਾਂ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਬਹੁਤ ਸਾਰੇ ਮੁਕੱਦਮੇ ਹੱਲ ਹੋ ਗਏ ਹਨ।