ਅੰਤਰ ਜ਼ਿਲ੍ਹਾ ਫੁਟਬਾਲ: ਰੂਪਨਗਰ ਜ਼ਿਲ੍ਹੇ ਦੀਆਂ ਲੜਕੀਆਂ ਦੀ ਟੀਮ ਫਾਈਨਲ ’ਚ
ਜਗਮੋਹਨ ਸਿੰਘ
ਰੂਪਨਗਰ, 20 ਸਤੰਬਰ
ਮੁੱਲਾਂਪੁਰ ਦਾਖਾ ਵਿਖੇ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁਟਬਾਲ ਖੇਡਾਂ ਅਧੀਨ ਰੂਪਨਗਰ ਜ਼ਿਲ੍ਹੇ ਦੀ ਅੰਡਰ-17 ਲੜਕੀਆਂ ਦੀ ਟੀਮ ਫਾਈਨਲ ਵਿੱਚ ਪੁੱਜ ਗਈ ਹੈ। ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੀ ਅੰਡਰ-17 ਫੁਟਬਾਲ ਟੀਮ ਫਾਜ਼ਿਲਕਾ ਨੂੰ 10-0, ਬਰਨਾਲਾ ਨੂੰ 10-0, ਪਟਿਆਲਾ ਨੂੰ 1-0 ਤੇ ਮੋਗਾ ਨੂੰ 3-0 ਨਾਲ ਹਰਾਉਣ ਉਪਰੰਤ ਫਾਈਨਲ ਵਿੱਚ ਪੁੱਜੀ ਹੈ ਅਤੇ ਫਾਈਨਲ ਮੁਕਾਬਲਾ ਸ਼ੁੱਕਰਵਾਰ ਸ਼ਾਮ 4 ਵਜੇ ਲੁਧਿਆਣਾ ਦੀ ਟੀਮ ਨਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਾਈਨਲ ਮੁਕਾਬਲੇ ਦੌਰਾਨ ਆਪਣੇ ਜ਼ਿਲ੍ਹੇ ਦੀ ਟੀਮ ਦੇ ਜਿੱਤਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੀਆਂ ਅੰਡਰ-17 ਲੜਕੀਆਂ ਵਿੱਚੋਂ 10 ਖਿਡਾਰਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, 5 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ, 1 ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ, 1 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਤੇ 1 ਖਿਡਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਨਾਲ ਸਬੰਧਤ ਹੈ।
ਦੱਸਣਯੋਗ ਹੈ ਕਿ ਸਪੋਰਟਸ ਕਲੱਬ ਘਨੌਲੀ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵੱਲੋਂ ਬੱਚਿਆਂ ਨੂੰ ਘਨੌਲੀ ਸਕੂਲ ਦੇ ਖੇਡ ਮੈਦਾਨ ਅਤੇ ਸ਼ਾਮਪੁਰਾ ਪਿੰਡ ਦੇ ਖੇਡ ਮੈਦਾਨ ਵਿੱਚ ਸਵੇਰੇ ਸ਼ਾਮ ਫੁਟਬਾਲ ਦੀ ਸਿਖਲਾਈ ਦਿੱਤੀ ਜਾ ਰਹੀ ਹੈ।