ਸਾਉਣੀ ਦੀਆਂ ਫ਼ਸਲਾਂ ਵਿੱਚ ਸੰਯੁਕਤ ਨਦੀਨ ਪ੍ਰਬੰਧਨ
ਪਰਮਿੰਦਰ ਸਿੰਘ ਸੰਧੂ/ਮਨਪ੍ਰੀਤ ਸਿੰਘ/ਜਸਵੀਰ ਸਿੰਘ ਗਿੱਲ*
ਸਾਉਣੀ ਦੀਆਂ ਫ਼ਸਲਾਂ ਵਿੱਚ ਮੌਸਮੀ ਘਾਹ, ਮੌਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਉੱਗਦੇ ਹਨ ਅਤੇ ਫ਼ਸਲਾਂ ਦੇ ਝਾੜ ਨੂੰ ਪ੍ਰਭਾਵਿਤ ਕਰਦੇ ਹਨ। ਸਾਉਣੀ ਰੁੱਤੇ ਬਰਸਾਤਾਂ ਅਤੇ ਫ਼ਸਲਾਂ ਨੂੰ ਵੀ ਜ਼ਿਆਦਾ ਪਾਣੀ ਲਾਉਣ ਕਰ ਕੇ ਵੱਖ-ਵੱਖ ਤਰ੍ਹਾਂ ਦੇ ਨਦੀਨ ਹਾੜ੍ਹੀ ਰੁੱਤ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਉੱਗਦੇ ਹਨ। ਨਦੀਨ ਫ਼ਸਲਾਂ ਨਾਲੋਂ ਜ਼ਿਆਦਾ ਖ਼ਰਾਬ ਮੌਸਮ ਨੂੰ ਝੱਲਣ ਦੀ ਸਮਰੱਥਾ ਰੱਖਦੇ ਹਨ ਅਤੇ ਫ਼ਸਲ ਨਾਲੋਂ ਜ਼ਿਆਦਾ ਵਾਧਾ ਕਰਦੇ ਹਨ। ਜੇ ਨਦੀਨ ਫ਼ਸਲ ਦੇ ਉੱਗਣ ਨਾਲ ਹੀ ਜੰਮ੍ਹ ਆਉਣ ਅਤੇ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫ਼ਸਲ ਦੇ ਝਾੜ ਦੇ ਬਹੁਤ ਮਾੜਾ ਅਸਰ ਪਾਉਂਦੇ ਹਨ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਪ੍ਰਬੰਧਨ ਸ਼ੁਰੂਆਤੀ ਸਮੇਂ ਵਿੱਚ ਹੀ, ਜਦੋਂ ਨਦੀਨ ਛੋਟੇ ਹੋਣ ਕਰਨਾ ਚਾਹੀਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਹੀ ਸਮੇਂ ’ਤੇ ਸੰਯੁਕਤ ਨਦੀਨ ਪ੍ਰਬੰਧਨ ਅਪਨਾਉਣ ਤਾਂ ਜੋ ਨਦੀਨਾਂ ਦਾ ਵਧਿਆ ਪ੍ਰਬੰਧਨ ਘੱਟ ਖ਼ਰਚੇ ਵਿੱਚ ਕਰ ਸਕਣ। ਇਸ ਲੇਖ ਵਿੱਚ ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ।
ਕੱਦੂ ਵਾਲਾ ਝੋਨਾ: ਕੱਦੂ ਵਾਲੇ ਝੋਨੇ ਵਿੱਚ ਨਦੀਨਾਂ ਨੂੰ ਲੁਆਈ ਤੋਂ 15 ਤੋਂ 30 ਦਿਨਾਂ ਤੱਕ ਹੱਥੀਂ ਪੁੱਟ ਦਿਉ। ਸਵਾਂਕ ਅਤੇ ਬਾਕੀ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਲੁਆਈ ਤੋਂ 2-3 ਦਿਨਾਂ ਅੰਦਰ ਮਚੈਟੀ/ ਮਾਰਕਲੋਰ/ ਥੰਡਰ/ ਪੰਚ 50 ਈਸੀ (ਬੂਟਾਕਲੋਰ) ਜਾਂ ਫ਼ਾਸਟ ਮਿਕਸ 50 ਈਡਬਲਯੂ (ਬੂਟਾਕਲੋਰ) 1200 ਮਿਲੀਲਿਟਰ ਪ੍ਰਤੀ ਏਕੜ ਜਾਂ ਰਿਫ਼ਿਟ/ ਮਾਰਕਪ੍ਰੈਟੀਲਾ/ ਮਿਫ ਪ੍ਰੈਟੀਲਾ 50 ਈਸੀ (ਪ੍ਰੈਟੀਲਾਕਲੋਰ) 600 ਮਿਲੀਲਿਟਰ ਪ੍ਰਤੀ ਏਕੜ ਜਾਂ ਰਿਫਿਟ ਪਲੱਸ 37 ਈਡਬਲਯੂ (ਪ੍ਰੈਟੀਲਾਕਲੋਰ) 750 ਮਿਲੀਲਿਟਰ ਪ੍ਰਤੀ ਏਕੜ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕਰੋ। ਕਣਕੀ ਘਾਹ ਦੀ ਰੋਕਥਾਮ ਲਈ ਐਰੋਜ਼ਿਨ/ ਅਨਿਲੋਗਾਰਡ/ ਪੈਡੀਗਾਰਡ 30 ਈਸੀ (ਅਨਿਲੋਫੋਸ) 500 ਮਿਲੀਲਿਟਰ ਪ੍ਰਤੀ ਏਕੜ ਨੂੰ 60 ਕਿਲੋੋ ਰੇਤ ਵਿੱਚ ਮਿਲਾ ਲੁਆਈ ਤੋਂ 2-3 ਦਿਨਾਂ ਅੰਦਰ ਛੱਟਾ ਦਿਓ। ਝੋਨੇ ਦੇ ਮੋਥੇ ਅਤੇ ਹੋਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਾਥੀ 10 ਡਬਲਿਊੂਪੀ (ਪਾਈਰੈਜ਼ੋਸਲਫੂਰਾਨ ਇਥਾਇਲ) 60 ਗ੍ਰਾਮ ਪ੍ਰਤੀ ਏਕੜ ਨੂੰ 60 ਕਿਲੋ ਰੇਤ ਪ੍ਰਤੀ ਏਕੜ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਮਾਰੋ। ਜੇ ਕਿਸੇ ਵਜ੍ਹਾ ਕਰ ਕੇ ਲੁਆਈ ਸਮੇਂ ਨਦੀਨਨਾਸ਼ਕ ਦੀ ਵਰਤੋਂ ਨਾ ਹੋ ਸਕੇ ਜਾਂ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਹਾਲਤਾਂ ਵਿੱਚ ਲੁਆਈ ਤੋਂ 10-12 ਦਿਨਾਂ ’ਤੇ ਗਰੈਨਿਟ 240 ਐਸਸੀ (ਪਿਨੌਕਸੁਲਮ) 40 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਣ ਨਾਲ ਮੁੱਖ ਨਦੀਨ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਨਦੀਨਨਾਸ਼ਕ ਦੇ ਛਿੜਕਾਅ ਸਮੇਂ ਖੇਤ ਵਿੱਚ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉ। ਜਿੱਥੇ ਸੁਆਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ ਲੁਆਈ ਤੋਂ 20-25 ਦਿਨਾਂ ਬਾਅਦ ਨੌਮਿਨੀਗੋਲਡ/ਵਾਸ਼ ਆਊਟ/ਮਾਚੋ/ ਤਾਰਕ10 ਐਸਸੀ (ਬਿਸਪਾਇਰੀਬੈਕ) 100 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇ ਲੈਪਟੋਕਲੋਆ (ਚੀਨੀ) ਘਾਹ ਅਤੇ ਕਣਕੀ ਦੀ ਸਮੱਸਿਆ ਆਉਂਦੀ ਹੋਵੇ ਤਾਂ ਝੋਨੇ ਦੀ ਲੁਆਈ ਤੋਂ 20-25 ਦਿਨਾਂ ’ਤੇ ਰਾਈਸਸਟਾਰ 6.7 ਈਸੀ (ਫਿਨਾਕਸਾਪਰੋਪ-ਪੀ-ਇਥਾਇਲ) 400 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਝੋਨੇ ਦੇ ਮੋਥਿਆਂ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਘਰਿੱਲਾ, ਸਣੀ ਆਦਿ ਦੀ ਸਮੱਸਿਆ ਹੋਵੇ ਤਾਂ ਐਲਗਰਿਪ 20 ਡਬਲਿਊੂਜੀ (ਮੈਟਸਲਫੂਰਾਨ) 30 ਗ੍ਰਾਮ ਪ੍ਰਤੀ ਏਕੜ ਜਾਂ 50 ਗ੍ਰਾਮ ਸਨਰਾਈਸ 15 ਡਬਲਿਊਜੀ (ਇਥੋਕਸੀਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਿਊਪੀ (ਕਲੋਰੀਮਿਯੂਰਾਨ ਇਥਾਇਲ 10% ਮੈਟਸਲਫੂਰਾਨ ਮਿਥਾਇਲ 10%) ਪ੍ਰਤੀ ਏਕੜ ਨੂੰ ਲੁਆਈ ਤੋਂ 20 ਦਿਨਾਂ ’ਤੇ ਜਦੋ ਨਦੀਨਾਂ ਦੀ ਅਵਸਥਾ 2 ਤੋਂ 4 ਪੱਤਿਆਂ ਦੀ ਹੋਵੇ, 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਨੋਵੀਕਸਿਡ 3.25 ਓਡੀ (ਫਲੋਰਪਾਈਰਾਕਸੀਫੇਨ 1.31% ਪਿਨੌਕਸੁਲਮ 2.1%) 500 ਮਿਲੀਲਿਟਰ ਪ੍ਰਤੀ ਏਕੜ ਜਾਂ ਏਕੇਤਸੂ 43 ਡਬਲਿਊਜੀ (ਬਿਸਪਾਇਰੀਬੈਕ 38% ਕਲੋਰੀਮਿਯੂਰਾਨ 2.5% ਮੈਟਸਲਫੂਰਾਨ 2.5%) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਲੁਆਈ ਤੋਂ 20-25 ਦਿਨਾਂ ’ਤੇ ਛਿੜਕਾਅ ਕਰੋ।
ਸਿੱਧੀ ਬਿਜਾਈ ਵਾਲਾ ਝੋਨਾ: ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨਾਂ ਦੀ ਸਮੱਸਿਆ ਕੱਦੂ ਵਾਲੇ ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ ਪਰ ਜੇ ਸਹੀ ਸਮੇਂ ’ਤੇ ਸਿਫ਼ਾਰਸ਼ ਕੀਤੇ ਅਨੁਸਾਰ ਨਦੀਨ ਪ੍ਰਬੰਧ ਕੀਤਾ ਜਾਵੇ ਤਾਂ ਇਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਵਿਧੀ ਨਾਲ ਕਰਨ ਨੂੰ ਤਰਜੀਹ ਦਿਉ। ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਪਹਿਲਾ ਪਾਣੀ ਤਕਰੀਬਨ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾਂਦਾ ਹੈ। ਇਸ ਨਾਲ ਨਦੀਨ ਘੱਟ ਉੱਗਦੇ ਹਨ। ਘਾਹ ਵਾਲੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਉੱਤੇ ਕਾਬੂ ਪਾਉਣ ਲਈ ਬਿਜਾਈ ਸਮੇਂ ਸਟੌਂਪ/ ਬੰਕਰ 30 ਈਸੀ (ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਚੰਗੇ ਵਤਰ ਵਿੱਚ ਛਿੜਕਾਅ ਕਰੋ। ਝੋਨੇ ਦੀ ਸਿੱਧੀ ਬਿਜਾਈ ਲੱਕੀ ਸੀਡ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਜਾਈ ਕਰੋ ਅਤੇ ਖੇਤ ਵੱਤਰ ਆਉਂਦਿਆਂ ਹੀ ਸਟੌਂਪ/ ਬੰਕਰ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇ ਬਾਅਦ ਵਿੱਚ ਨਦੀਨ ਹੋ ਜਾਣ ਤਾਂ ਨਦੀਨਾਂ ਦੀ ਕਿਸਮ ਦੇ ਅਨੁਸਾਰ ਨਦੀਨਨਾਸ਼ਕ ਦੀ ਸਹੀ ਚੋਣ ਕਰ ਕੇ ਬਿਜਾਈ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰੋ। ਖੇਤ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ ਨੌਮਿਨੀਗੋਲਡ 10 ਐਸਸੀ (ਬਿਸਪਾਇਰੀਬੈਕ ਸੋਡੀਅਮ) 100 ਮਿਲੀਲਿਟਰ ਪ੍ਰਤੀ ਏਕੜ; ਜੇ ਗੁੜਤ ਮਧਾਨਾ, ਚੀਨੀ (ਘੋੜਾ) ਘਾਹ, ਚਿੜੀ ਘਾਹ, ਤੱਕੜੀ ਘਾਹ ਹੋਵੇ ਤਾਂ ਰਾਈਸਸਟਾਰ 6.7 ਈਸੀ (ਫਿਨਾਕਸਾਪਰੋਪ-ਪੀ-ਇਥਾਇਲ) 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਵਿੱਚ ਘੋਲ ਕੇ ਛਿੜਕਾਅ ਕਰੋਨੌਮਿਨੀਗੋਲਡ ਦਾ ਛਿੜਕਾਅ ਬਿਜਾਈ ਤੋਂ 15-20 ਦਿਨਾਂ ਬਾਅਦ ਵੀ ਕੀਤਾ ਜਾ ਸਕਦਾ ਹੈ। ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਜਦੋਂ ਨਦੀਨ 2-4 ਪੱਤਿਆਂ ਦਾ ਹੋਵੇ ਤਾਂ 8 ਗ੍ਰਾਮ ਐਲਮਿਕਸ 20 ਡਬਲਿਊਪੀ (ਕਲੋਰੀਮਿਯੂਰਾਨ ਇਥਾਇਲ 10% ਮੈਟਸਲਫੂਰਾਨ ਮਿਥਾਇਲ 10%) ਦਾ ਛਿੜਕਾਅ ਕਰੋ। ਜੇ ਸਵਾਂਕ, ਝੋਨੇ ਦੇ ਮੋਥੇ, ਗੰਡੀ ਵਾਲੇ ਮੋਥੇ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਏਕੇਤਸੂ 43 ਡਬਲਿਊੂਜੀ (ਬਿਸਪਾਇਰੀਬੈਕ 38% ਕਲੋਰੀਮਿਯੂਰਾਨ 2.5% ਮੈਟਸਲਫੂਰਾਨ 2.5%) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਨ੍ਹਾਂ ਨਦੀਨਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਛਿੜਕਾਅ 2-4 ਪੱਤਿਆਂ ਦੀ ਨਦੀਨ ਅਵਸਥਾ ’ਤੇ ਚੰਗੇ ਵੱਤਰ ਵਿੱਚ ਕਰੋ ਤੇ ਇੱਕ ਹਫ਼ਤੇ ਲਈ ਖੇਤ ਵਿੱਚ ਨਮੀ ਬਰਕਰਾਰ ਰੱਖੋ।
ਨਰਮਾ: ਨਰਮੇ ਦੀ ਫ਼ਸਲ ਵਿੱਚ ਕਤਾਰ ਤੋਂ ਕਤਾਰ ਦੀ ਦੂਰੀ ਵੱਧ ਹੋਣ ਕਰ ਕੇ ਵਿਚਕਾਰ ਖਾਲੀ ਥਾਂ ’ਤੇ ਨਦੀਨ ਵੱਧ ਹੋ ਜਾਂਦੇ ਹਨ ਤੇ ਜੇ ਸਮੇਂ ਸਿਰ ਇਨ੍ਹਾਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਬਾਅਦ ਵਿੱਚ ਫ਼ਸਲ ਨੂੰ ਫੁੱਲ ਡੋਡੀ ਪੈਣ ਸਮੇਂ ਅਤੇ ਟੀਂਡੇ ਬਣਨ ਵੇਲੇ ਖ਼ੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਸ ਨਾਲ ਝਾੜ ਉੱਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਨਰਮੇ ਦੀ ਫ਼ਸਲ ਵਿੱਚ 2-3 ਗੋਡੀਆਂ ਨਦੀਨਾਂ ਦੀ ਰੋਕਥਾਮ ਲਈ ਲਾਹੇਵੰਦ ਹਨ। ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਕਰ ਦੇਣੀ ਚਾਹੀਦੀ ਹੈ। ਜਦੋਂ ਨਦੀਨ ਛੋਟੀ ਅਵਸਥਾ ਵਿੱਚ ਹੋਣ ਗੋਡੀ ਲਈ ਪਹੀਏ ਵਾਲੀ ਤਿਰਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਜਾਂ ਟਰੈਕਟਰ ਨਾਲ ਚੱਲਣ ਵਾਲੇ ਰੋਟਰੀ ਵੀਡਰ ਦੀ ਵਰਤੋਂ ਟੀਂਡੇ ਪੈਣ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਇੱਟਸਿੱਟ, ਮਧਾਣਾ ਅਤੇ ਮੱਕੜੇ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ 30 ਈਸੀ (ਪੈਂਡੀਮੈਥਾਲੀਨ) ਨੂੰ 200 ਲਿਟਰ ਪਾਣੀ ਨਾਲ ਬਿਜਾਈ ਦੇ 24 ਘੰਟੇ ਅੰਦਰ ਛਿੜਕੋ। ਸਟੌਂਪ ਤੋਂ ਚੰਗਾ ਨਦੀਨ ਪ੍ਰਬੰਧ ਲੈਣ ਲਈ ਇਸ ਦਾ ਛਿੜਕਾਅ ਵੱਤਰ ਖੇਤ ਵਿੱਚ ਸਵੇਰ ਵੇਲੇ ਜਾਂ ਸ਼ਾਮ ਵੇਲੇ ਕਰੋ।
ਜਿਨ੍ਹਾਂ ਖੇਤਾਂ ਵਿੱਚ ਨਦੀਨ ਪਾਣੀ ਲਾਉਣ ਪਿੱਛੋਂ ਜਾਂ ਮੀਂਹ ਪੈਣ ਤੋਂ ਬਾਅਦ ਉੱਗਦੇ ਹਨ ਤਾਂ ਸਟੌਂਪ 30 ਈਸੀ ਦਾ ਛਿੜਕਾਅ ਖੇਤ ਵੱਤਰ ਆਉਣ ’ਤੇ ਵੀ ਕੀਤਾ ਜਾ ਸਕਦਾ ਹੈ। ਜੇ ਕੋਈ ਨਦੀਨ ਪਹਿਲਾਂ ਉੱਗਿਆ ਹੋਵੇ ਤਾਂ ਸਟੌਂਪ ਦੇ ਛਿੜਕਾਅ ਤੋਂ ਪਹਿਲਾਂ ਗੋਡੀ ਕਰ ਕੇ ਪੁੱਟ ਦਿਓ। ਮੌਸਮੀ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਹਿਟਵੀਡ ਮੈਕਸ 10 ਫ਼ੀਸਦੀ (ਪਾਇਰੀਥਾਇਊਬੈਕ ਸੋਡੀਅਮ 6% ਕੁਇਜ਼ਾਲੋਫਾਪ ਇਥਾਇਲ 4%) 500 ਮਿਲੀਲਿਟਰ ਪ੍ਰਤੀ ਏਕੜ ਤੇ ਹਿਸਾਬ ਨਾਲ ਜਦੋਂ ਨਦੀਨ 2 ਤੋਂ 5 ਪੱਤੀਆਂ ਦੀ ਅਵਸਥਾ ’ਤੇ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਪਾਣੀ ਲਾਉਣ ਤੋਂ ਬਾਅਦ ਵਤਰ ਖੇਤ ਵਿੱਚ ਛਿੜਕਾਅ ਕਰੋ। ਇਸ ਤੋਂ ਇਲਾਵਾ ਜਦੋਂ ਫ਼ਸਲ 6 ਤੋਂ 8 ਹਫ਼ਤਿਆਂ (ਕੱਦ ਤਕਰੀਬਨ 40-45 ਸੈਂਟੀਮੀਟਰ) ਹੋਵੇ ਤਾਂ ਗਰੈਮਕਸੋਨ 24 ਐਸਐਲ (ਪੈਰਾਕੁਐਟ) 500 ਮਿਲੀਮੀਟਰ ਪ੍ਰਤੀ ਏਕੜ ਜਾਂ ਸਵੀਪ ਪਾਵਰ 13.5 ਐਸਐਲ (ਗਲੂਫੋਸੀਨੇਟ ਅਮੋਨੀਅਮ) 900 ਮਿਲੀਮੀਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸੁਰੱਖਿਅਤ ਹੁੱਡ ਦੀ ਵਰਤੋਂ ਕਰ ਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉੱਪਰ ਸਿੱਧਾ ਛਿੜਕੋੋ। ਪੈਰਾਕੁਐਟ ਅਤੇ ਗਲੂਫੋਸੀਨੇਟ ਦੋਵੇਂ ਗ਼ੈਰ-ਚੋਲਵੇਂ ਨਦੀਨਨਾਸ਼ਕ ਹਨ ਅਤੇ ਜੇ ਇਹ ਫ਼ਸਲ ਉੱਪਰ ਪੈ ਜਾਣ ਤਾਂ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।
ਮੱਕੀ: ਮੱਕੀ ਦੀਆਂ ਕਤਾਰਾਂ ਵਿੱਚ ਜ਼ਿਆਦਾ ਫ਼ਾਸਲਾ ਹੋਣ ਤੇ ਮੱਕੀ ਦਾ ਸ਼ੁਰੂਆਤੀ ਵਾਧਾ ਹੌਲੀ ਹੋਣ ਕਰ ਕੇ ਮੱਕੀ ਵਿੱਚ ਕਈ ਵਾਰ ਕਾਫ਼ੀ ਨਦੀਨ ਹੋ ਜਾਂਦੇ ਹਨ ਅਤੇ ਜੇ ਸ਼ੁਰੂ ਵਿੱਚ ਨਦੀਨਾਂ ਉੱਪਰ ਸਹੀ ਢੰਗ ਨਾਲ ਕਾਬੂ ਨਾ ਪਾਇਆ ਜਾਵੇ ਤਾਂ ਨਦੀਨ ਮੱਕੀ ਦੇ ਵਾਧੇ ਅਤੇ ਝਾੜ ਉੱਪਰ ਮਾੜਾ ਅਸਰ ਪਾਉਂਦੇ ਹਨ। ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 15 ਤੋਂ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਕਸੌਲੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ। ਬਿਜਾਈ ਸਮੇਂ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਇਕਸਾਰ ਵਿਛਾ ਕੇ ਵੀ ਮੌਸਮੀ ਨਦੀਨਾਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇ ਮੱਕੀ ਦੀਆਂ ਕਤਾਰਾਂ ਵਿੱਚ ਬਿਜਾਈ ਸਮੇਂ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੀਆਂ ਜਾਣ ਅਤੇ 35-45 ਦਿਨਾਂ ਤੇ ਕੱਟ ਲਈਆਂ ਜਾਣ ਤਾਂ ਮੱਕੀ ਵਿੱਚ ਇਸ ਤੋਂ ਬਾਅਦ ਨਦੀਨਾਂ ਦੀ ਕੋਈ ਖ਼ਾਸ ਸਮੱਸਿਆ ਨਹੀਂ ਆਉਂਦੀ। ਰਸਾਇਣਕ ਢੰਗ ਨਾਲ ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ਼/ ਐਟਰਾਗੋਲਡ/ ਮਾਸਟਾਫ਼/ ਅਟਾਰੀ/ ਟਰੈਕਸ 50 ਡਬਲਿਊਪੀ (ਐਟਰਾਜ਼ੀਨ) ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ ਲਈ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 10 ਦਿਨਾਂ ਦੇ ਅੰਦਰ ਛਿੜਕਾਅ ਕਰੋ ਜਾਂ ਐਟਰਾਜ਼ੀਨ 250 ਗ੍ਰਾਮ ਪ੍ਰਤੀ ਏਕੜ ਨੂੰ ਫ਼ਸਲ ਦੀਆਂ ਕਤਾਰਾਂ ਤੇ ਚੌੜੀ ਪੱਟੀ (20 ਸੈਂਟੀਮੀਟਰ) ਵਿੱਚ ਛਿੜਕਾਅ ਕਰੋ ਅਤੇ ਉਸ ਤੋਂ ਬਾਅਦ ਕਤਾਰਾਂ ਵਿਚਕਾਰ 15-30 ਦਿਨਾਂ ਉੱਤੇ ਗੋਡੀ ਕਰ ਦਿਉ ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਅਤੇ ਚੌੜੀ ਪੱਤੀ ਵਾਲੇ ਨਦੀਨ ਖ਼ਾਸ ਕਰ ਕੇ ਇਟਸਿੱਟ ਉੱਤੇ ਬਹੁਤ ਕਾਰਗਾਰ ਹੈ। ਇਸ ਤੋਂ ਇਲਾਵਾ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 20 ਦਿਨਾਂ ਬਾਅਦ ਲੌਡਿਸ 420 ਐਸਸੀ (ਟੈਂਬੋਟਰਇਨ) 105 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ ਡੀਲੇ/ ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਐਸਐਲ 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਸਾਉਣੀ ਰੁੱਤ ਦੀਆਂ ਦਾਲਾਂ: ਜੇ ਦਾਲਾਂ ਵਿੱਚ ਨਦੀਨਾਂ ਦੀ ਰੋਕਥਾਮ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਝਾੜ ਉੱਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਮੂੰਗੀ ਅਤੇ ਮਾਂਹ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇੱਕ ਮਹੀਨੇ ਬਾਅਦ ਇੱਕ ਗੋਡੀ ਕਰੋ ਅਤੇ ਜੇ ਜ਼ਰੂਰਤ ਪਵੇ ਤਾਂ ਉਸ ਤੋਂ 15 ਦਿਨਾਂ ਬਾਅਦ ਇੱਕ ਗੋਡੀ ਹੋਰ ਕਰ ਦਿਉ। ਇਸੇ ਤਰ੍ਹਾਂ ਅਰਹਰ ਅਤੇ ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਬਿਜਾਈ ਤੋਂ ਤਿੰਨ ਅਤੇ ਛੇ ਹਫ਼ਤਿਆਂ ਬਾਅਦ ਕਰੋ। ਅਰਹਰ ਵਿੱਚ ਰਸਾਇਣਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਈਸੀ (ਪੈਂਡੀਮੈਥਾਲਿਨ) 1 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 1-2 ਦਿਨਾਂ ਦੇ ਵਿੱਚ ਕਰੋ ਜਾਂ ਸਟੌਂਪ 600 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ ਬਿਜਾਈ ਉਪਰੰਤ ਕਰੋ ਅਤੇ 6 ਹਫ਼ਤਿਆਂ ਬਾਅਦ ਇੱਕ ਗੋਡੀ ਕਰੋ। ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਉਪਰੰਤ ਦੋ ਦਿਨਾਂ ਅੰਦਰ ਸਟੌਂਪ 30 ਈਸੀ (ਪੈਂਡੀਮੈਥਾਲਿਨ) 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਲੋੜ ਪੈਣ ਪਰੀਮੇਜ਼ 10 ਐਸਐਲ (ਇਮੇਜ਼ਥਾਪਾਇਰ) 300 ਮਿਲੀਲਿਟਰ ਪ੍ਰਤੀ ਏਕੜ 150 ਲਿਟਰ ਪਾਣੀ ਨਾਲ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕੋ।
ਬਚੇ ਹੋਏ ਨਦੀਨਾਂ ਨੂੰ ਬੀਜ ਪੈਣ ਤੋਂ ਪਹਿਲਾਂ ਹੱਥੀਂ ਪੁੱਟ ਦਿਉ ਤਾਂ ਜੋ ਉਨ੍ਹਾਂ ਦਾ ਬੀਜ ਖੇਤ ਵਿੱਚ ਨਾ ਖਿਲਰੇ ਜਿਸ ਨਾਲ ਆਉਂਦੇ ਸਾਲਾਂ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ।
*ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।