ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਵਾਲੇ ਦਾ ਹੋਵੇਗਾ ਬੀਮਾ: ਬੇਅੰਤ ਸਿੰਘ
ਪੱਤਰ ਪ੍ਰੇਰਕ
ਕੁਰੂਕਸ਼ੇਤਰ, 14 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਬੇਅੰਤ ਸਿੰਘ ਨਲਵੀ ਨੇ ਪਿੰਡ ਠਸਕਾ, ਰਾਏ ਮਾਜਰਾ ਅਤੇ ਮੋਹਨਪੁਰ ਵਿੱਚ ਮੀਟਿੰਗਾਂ ਕਰਨ ਦੇ ਨਾਲ ਨਾਲ ਘਰ-ਘਰ ਜਾ ਕੇ ਪ੍ਰਚਾਰ ਵੀ ਕੀਤਾ। ਸ੍ਰੀ ਨਲਵੀ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਸੰਗਤਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਨਿਭਾਉਣ ਵਾਲੇ ਨੌਜਵਾਨ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੇ ਹਨ। ਇਹ ਸੇਵਾ ਕਰਦੇ ਸਮੇਂ ਕਈ ਨੌਜਵਾਨ ਪਹਿਲਾਂ ਵੀ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਜਲਦੀ ਹੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਉਠਾਉਣਗੇ ਅਤੇ ਇਸ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਐੱਚਐੱਸਜੀਐੱਮਸੀ ਵੱਲੋਂ ਇਹ ਸੇਵਾ ਕਰਨ ਵਾਲੇ ਹਰੇਕ ਨੌਜਵਾਨ ਲਈ ਦੁਰਘਟਨਾ ਬੀਮਾ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ, ਦਲਜੀਤ ਸਿੰਘ, ਗੁਰਿੰਦਰ ਸਿੰਘ, ਗੁਰਦੇਵ ਸਿੰਘ, ਅੰਗਰੇਜ ਸਿੰਘ, ਗੁਰਭੇਜ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਸਿਮਰਨ ਸਿੰਘ, ਅਮਰਿੰਦਰ ਸਿੰਘ, ਗੁਰਮਿਲਾਪ ਸਿੰਘ, ਸਨਮਦੀਪ ਸਿੰਘ ਅਤੇ ਕਰਨਵੀਰ ਸਿੰਘ ਹਾਜ਼ਰ ਸਨ।
ਹਰ ਪਿੰਡ ਵਿੱਚ ਗਤਕੇ ਦੀ ਸਿਖਲਾਈ ਦੇਣ ਦਾ ਐਲਾਨ
ਐੱਚਐੱਸਜੀਐੱਮਸੀ ਵਾਰਡ-13 ਦੇ ਉਮੀਦਵਾਰ ਬੇਅੰਤ ਸਿੰਘ ਨੇ ਪਿੰਡ ਮੋਹਨਪੁਰ ਵਿੱਚ ਸੰਗਤ ਨਾਲ ਵਾਅਦਾ ਕੀਤਾ ਕਿ ਉਹ ਹਰ ਪਿੰਡ ਵਿੱਚ ਸਿੱਖ ਮਾਰਸ਼ਲ ਆਰਟ (ਗਤਕੇ) ਦੀ ਸਿਖਲਾਈ ਸ਼ੁਰੂ ਕਰਨਗੇ। ਇਨ੍ਹਾਂ ਸਿਖਲਾਈ ਸੈਂਟਰਾਂ ਵਿੱਚ ਨੌਜਵਾਨ ਅਤੇ ਬੱਚੇ ਸਿੱਖ ਮਾਰਸ਼ਲ ਆਰਟ ਦੀ ਸਿਖਲਾਈ ਲੈ ਸਕਣਗੇ। ਬੇਅੰਤ ਸਿੰਘ ਨੇ ਕਿਹਾ ਕਿ ਉਹ ਖੁਦ ਗੱਤਕੇ ਦੇ ਕੋਚ ਰਹਿ ਚੁੱਕੇ ਹਨ ਅਤੇ ਉਹ ਜਾਣਦੇ ਹਨ ਕਿ ਸਿੱਖ ਮਾਰਸ਼ਲ ਆਰਟ (ਗਤਕਾ) ਸਿੱਖ ਕੇ ਨੌਜਵਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਿਵੇਂ ਕਰ ਸਕਦੇ ਹਨ।