ਆਈਲੈਟਸ ਸੈਂਟਰਾਂ ਨੂੰ ਸੁਰੱਖਿਆ ਪ੍ਰਬੰਧ ਪੂਰੇ ਕਰਨ ਦੀ ਹਦਾਇਤ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਜੁਲਾਈ
ਸਬ ਡਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੇ ਖੇਤਰ ਵਿੱਚ ਆਈਲੈਟਸ ਅਤੇ ਕੋਚਿੰਗ ਸੈਂਟਰਾਂ ’ਤੇ ਸਖਤੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੇਂ-ਸਮੇਂ ’ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਦੀ ਹਦਾਇਤ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਦੇ ਪ੍ਰਬੰਧਕਾਂ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਤੇ ਸਹੂਲਤ ਲਈ ਵੀ ਪੂਰੇ ਪ੍ਰਬੰਧ ਕਰਨ ਦੀ ਤਾੜਨਾ ਵੀ ਕੀਤੀ ਹੈ।
ਸੀਨੀਅਰ ਅਧਿਕਾਰੀਆਂ ਵੱਲੋਂ ਇਲਾਕੇ ਦੇ ਕੇਂਦਰਾਂ ਦੀ ਚੈਕਿੰਗ ਕਰਨ ਤੋਂ ਬਾਅਦ ਜਿਹੜੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਲਈ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ। ਉਨ੍ਹਾਂ ਵਿੱਚ ਅੱਗ ਬੁਝਾਉਣ ਦੇ ਢੁੱਕਵੇਂ ਪ੍ਰਬੰਧ, ਇਮਾਰਤ ਦਾ ਸੁਰੱਖਿਆ ਸਰਟੀਫਿਕੇਟ, ਆਸਾਨ ਪਹੁੰਚ, ਖੁੱਲ੍ਹਾ ਪ੍ਰਵੇਸ਼ ਅਤੇ ਐਮਰਜੈਂਸੀ ਨਿਕਾਸੀ ਰਸਤਾ, ਪੁਰਸ਼ਾਂ ਅਤੇ ਅੌਰਤਾਂ ਲਈ ਵੱਖ-ਵੱਖ ਪਖਾਨੇ, ਰੈਂਪ, ਕਾਰਜਸ਼ੀਲ ਸੀਸੀਟੀਵੀ ਕੈਮਰੇ ਅਤੇ ਪੜ੍ਹਾਉਣ ਦੀ ਢੁੱਕਵੀਂ ਸਮਾਂ ਸਾਰਨੀ ਪ੍ਰਮੁੱਖ ਦੱਸੇ ਗਏ।
ਡੀਸੀ ਮਾਲੇਰਕੋਟਲਾ ਸੰਯਮ ਅਗਰਵਾਲ ਨੇ ਦੱਸਿਆ ਕਿ ਏਡੀਸੀ ਸੁਰਿੰਦਰ ਸਿੰਘ ਅਤੇ ਐੱਸਡੀਐੱਮ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਦੀ ਚੈਕਿੰਗ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਸ ਸਬੰਧ ਵਿੱਚ ਇਲਾਕਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਉਨ੍ਹਾਂ ਆਈਲੈਟਸ ਸੈਂਟਰਾਂ ’ਤੇ ਭੇਜਣ ਜੋ ਸੁਰੱਖਿਅਤ ਅਤੇ ਢੁੱਕਵੀਆਂ ਇਮਾਰਤਾਂ ਵਿੱਚ ਚੱਲ ਰਹੇ ਹਨ। ਏਡੀਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਕੇਂਦਰਾਂ ’ਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।