ਚੰਡੀਗੜ੍ਹ ਤੋਂ ਪੁੱਜੀ ਟੀਮ ਵੱਲੋਂ ਪਿੰਡਾਂ ’ਚ ਸੋਲਰ ਲਾਈਟਾਂ ਦੀ ਜਾਂਚ
ਦੇਵਿੰਦਰ ਸਿੰਘ ਜੱਗੀ/ਜੋਗਿੰਦਰ ਸਿੰਘ ਓਬਰਾਏ
ਪਾਇਲ/ਖੰਨਾ, 18 ਜੁਲਾਈ
ਵਿਧਾਨ ਸਭਾ ਹਲਕਾ ਖੰਨਾ ਦੇ ਵੱਖ-ਵੱਖ ਪਿੰਡਾਂ ’ਚ ਸਾਲ 2020-21 ਦੌਰਾਨ ਪੰਜਾਬ ਲੋਕ ਨਿਰਮਾਣ ਅਧੀਨ 1 ਕਰੋੜ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਸੋਲਰ ਲਾਈਟਾਂ ਦੀ ਚੰਡੀਗੜ੍ਹ ਤੋਂ ਪੁੱਜੀ ਟੀਮ ਨੇ ਚੈਕਿੰਗ ਕੀਤੀ। ਸੋਲਰ ਲਾਈਟਾਂ ਦੀ ਸ਼ਿਕਾਇਤ ਪਿੰਡ ਰੋਹਣੋ ਖੁਰਦ ਦੇ ਸਮਾਜਸੇਵੀ ਸੰਤੋਖ ਸਿੰਘ ਬੈਨੀਪਾਲ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਨੂੰ ਕੀਤੀ ਗਈ ਸੀ।
ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ’ਤੇ ਚੰਡੀਗੜ੍ਹ ਤੋਂ ਕਾਰਜਕਾਰੀ ਇੰਜਨੀਅਰ ਬਿਜਲੀ ਪੰਚਾਇਤੀ ਰਾਜ ਪੰਜਾਬ ਸੰਜੇ ਘਈ ਦੀ ਅਗਵਾਈ ਹੇਠ ਜੇਈ ਇਲੈਕਟ੍ਰੀਸਿਟੀ ਭੁਪਿੰਦਰ ਸਿੰਘ ਦੀ ਟੀਮ ਨੇ ਖੰਨਾ ਬਲਾਕ ਦੇ 20 ਪਿੰਡਾਂ ਦਾ ਦੌਰਾ ਕਰ ਕੇ ਜਾਂਚ ਮਗਰੋਂ ਰਿਪੋਰਟ ਤਿਆਰ ਕੀਤੀ, ਜੋ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਪੰਜਾਬ ਮੁੱਖ ਇੰਜਨੀਅਰ ਨੂੰ ਪੇਸ਼ ਕੀਤੀ ਗਈ। ਇਸ ਜਾਂਚ ਦੌਰਾਨ ਕਈ ਧਾਂਦਲੀਆਂ ਸਾਹਮਣੇ ਆਈਆਂ ਪਰ ਇਸ ਦੌਰਾਨ ਲਾਈਟਾਂ ਲਗਾਉਣ ਵਾਲੀ ਕੰਪਨੀ ਵੱਲੋਂ ਪੰਚਾਇਤ ਵਿਭਾਗ ਦੇ ਸਕੱਤਰ ਨੂੰ ਅਪੀਲ ਕਰ ਕੇ ਮੁੜ ਜਾਂਚ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਚੰਡੀਗੜ੍ਹ ਤੋਂ ਆਈ ਟੀਮ ਨੇ ਜਾਂਚ ਸ਼ੁਰੂ ਕੀਤੀ। ਟੀਮ ’ਚ ਐੱਸਡੀਓ ਇਲੈਕਟ੍ਰੀਕਲ ਹਰਦੇਵ ਸਿੰਘ, ਐੱਸਡੀਓ ਭੁਪਿੰਦਰ ਸਿੰਘ, ਜੇਈ ਨਰਿੰਦਰਪਾਲ ਸ਼ਰਮਾ ਤੇ ਜੇਈ ਜਗਤਾਰ ਸਿੰਘ ਸ਼ਾਮਲ ਸਨ। ਇਸ ਮੌਕੇ ਸ਼ਿਕਾਇਤਕਰਤਾ ਬੈਨੀਪਾਲ ਤੇ ਅਪੀਲਕਰਤਾ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ।
ਚੰਡੀਗੜ੍ਹ ਤੋਂ ਪੁੱਜੀ ਟੀਮ ਨੇ ਦੋਵੇਂ ਧਿਰਾਂ ਦੀ ਹਾਜ਼ਰੀ ’ਚ ਪਿੰਡ ਲਿਬੜਾ, ਕੌੜੀ ਤੇ ਇਕੋਲਾਹਾ ’ਚ ਜਾ ਕੇ ਬਿਜਲੀ ਦੇ ਖੰਭਿਆਂ ਤੇ ਲਾਈਟਾਂ ਦੀ ਜਾਂਚ ਕੀਤੀ। ਦੂਜੇ ਪਾਸੇ ਜਦੋਂ ਜਾਂਚ ਕਰਨ ਆਈ ਟੀਮ ਦਾ ਹਿੱਸਾ ਰਹੇ ਐੱਸਡੀਓ ਹਰਦੇਵ ਸਿੰਘ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ, ਅਧਿਕਾਰੀਆਂ ਦੇ ਹੁਕਮਾਂ ’ਤੇ ਜਾਂਚ ਕੀਤੀ ਗਈ ਹੈ। ਅੱਜ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਅਧਿਕਾਰੀਆਂ ਨੂੰ ਪੇਸ਼ ਕੀਤੀ ਜਾਵੇਗੀ।