ਅਧਿਕਾਰੀਆਂ ਵੱਲੋਂ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਜਾਇਜ਼ਾ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 21 ਅਕਤੂਬਰ
ਜ਼ਿਲ੍ਹੇ ਵਿੱਚ ਝੋਨੇ ਦੀ ਚੱਲ ਰਹੀ ਖ਼ਰੀਦ ਅਤੇ ਲਿਫ਼ਟਿੰਗ ਦਾ ਜ਼ਿਲ੍ਹੇ ਦੇ ਇੰਚਾਰਜ ਸੀਨੀਅਰ ਆਈਏਐੱਸ ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਹੋਰ ਉੱਚ ਅਧਿਕਾਰੀ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਬੈਠਕ ਦੌਰਾਨ ਜ਼ਿਲ੍ਹੇ ਦੀ ਹਰੇਕ ਮੰਡੀ ’ਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਅਤੇ ਲਿਫ਼ਟਿੰਗ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਮੰਡੀਆਂ ਵਿੱਚ ਜਾ ਕੇ ਮੌਕਾ ਵੇਖਿਆ। ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਮਿਲਿੰਗ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ। ਸ੍ਰੀ ਯਾਦਵ ਨੇ ਕਿਹਾ ਸੂਬੇ ’ਚ ਚੱਲ ਰਹੀ ਝੋਨੇ ਦੀ ਖ਼ਰੀਦ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖ਼ੁਦ ਮੌਨੀਟਰਿੰਗ ਕਰਕੇ ਰੋਜ਼ਾਨਾ ਜ਼ਿਲ੍ਹੇ ਵਾਰ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਨੇ ਐੱਫਸੀਆਈ, ਪਨਗ੍ਰੇਨ, ਮਾਰਕਫ਼ੈੱਡ, ਪਨਸਪ ਤੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰਾਂ ਤੋਂ ਖਰੀਦ ਤੇ ਲਿਫਟਿੰਗ ਸਬੰਧੀ ਜਾਣਕਾਰੀ ਲੈਂਦਿਆਂ ਹਦਾਇਤ ਕੀਤੀ ਕਿ ਖਰੀਦ ਕੀਤੇ ਝੋਨੇ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਲਿਫਟਿੰਗ ਦਾ ਰੋਜ਼ਾਨਾ ਦਾ ਟੀਚਾ ਮਿੱਥਿਆ ਤੇ ਕਿਹਾ ਕਿ ਉਹ ਇਸ ਦਾ ਰੋਜ਼ਾਨਾ ਜਾਇਜ਼ਾ ਲੈਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜੋਤੀ ਬਾਲਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਤਕਰੀਬਨ 5 ਲੱਖ ਮੀਟਰਕ ਟਨ ਝੋਨਾ ਅਤੇ ਬਾਸਮਤੀ ਆ ਚੁੱਕੇ ਹਨ, ਜਿਸ ਵਿੱਚੋਂ 4 ਲੱਖ ਟਨ ਦੇ ਕਰੀਬ ਬਾਸਮਤੀ ਅਤੇ ਇਕ ਲੱਖ ਟਨ ਝੋਨਾ ਹੈ।