ਬੀਕੇਯੂ ਏਕਤਾ ਉਗਰਾਹਾਂ ਬਲਾਕ ਮਲੌਦ ਵੱਲੋਂ ਮੰਡੀਆਂ ਦੀ ਜਾਂਚ
ਦੇਵਿੰਦਰ ਜੱਗੀ
ਪਾਇਲ, 18 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ ਦੇ ਆਗੂਆਂ ਨੇ ਅੱਜ ਰਾਮਗੜ੍ਹ ਸਰਦਾਰਾਂ ਤੇ ਸਿਆੜ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਜਥੇਬੰਦੀ ਦੇ ਆਗੂ ਰਾਜਿੰਦਰ ਸਿੰਘ ਸਿਆੜ ਨੇ ਦੱਸਿਆ ਕਿ ਰਾਮਗੜ੍ਹ ਸਰਦਾਰਾਂ ਤੇ ਸਿਆੜ ਮੰਡੀ ਵਿੱਚ 17 ਫ਼ੀਸਦ ਤੋਂ ਘੱਟ ਨਮੀ ਵਾਲੀਆਂ ਢੇਰੀਆਂ ਖਿੰਡਾਈਆਂ ਪਈਆਂ ਸਨ। ਰਾਮਗੜ੍ਹ ਸਰਦਾਰਾਂ ਮੰਡੀ ਵਿੱਚ ਨਾ ਕੋਈ ਆੜ੍ਹਤੀਆਂ ਹਾਜ਼ਰ ਸੀ, ਨਾ ਹੀ ਕੋਈ ਖਰੀਦਦਾਰ। ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਆਪਣੇ ਨਮੀ ਮਾਪ ਮੀਟਰ ਨਾਲ ਢੇਰੀਆਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੇ ਮਾਪਦੰਡ ਵਿੱਚ ਆਉਂਦੀਆਂ ਢੇਰੀਆਂ ਤਰੁੰਤ ਹੀ ਤੁਲਾਉਣ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਦੋਂ ਇੰਸਪੈਕਟਰ ਪਨਸਪ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਪਨਸਪ ਦਾ ਟੀਚਾ ਪੂਰਾ ਹੋ ਗਿਆ ਹੈ। ਸਿਆੜ ਮੰਡੀ ਵਿੱਚ ਅਗਰਵਾਲ ਟਰੇਡਰਜ਼ ਨਾਂ ਦੀ ਫਰਮ ’ਤੇ ਮੌਕੇ ’ਤੇ ਚੱਲ ਰਹੇ ਕੰਡੇ ਦੀ ਜਾਂਚ ਕੀਤੀ ਤਾਂ ਦੇਖਿਆ ਤਿੰਨ ਸੌ ਗ੍ਰਾਮ ਪ੍ਰਤੀ ਗੱਟਾ ਵੱਧ ਤੋਲਿਆ ਜਾ ਰਿਹਾ ਸੀ। ਉਸੇ ਵਕਤ ਮੌਕੇ ’ਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਨੇ ਮੌਕੇ ’ਤੇ ਜਾਂਚ ਕਰਕੇ ਸਬੰਧਿਤ ਆੜ੍ਹਤੀਏ ਨੂੰ ਜੁਰਮਾਨਾ ਅਤੇ ਕਿਸਾਨ ਨੂੰ ਵੱਧ ਤੋਲੇ ਗਏ ਝੋਨੇ ਦਾ ਜੇ ਫਾਰਮ ਬਣਾ ਕੇ ਦੇਣ ਦੇ ਹੁਕਮ ਜਾਰੀ ਕੀਤੇ। ਜਿਹੜੀਆਂ ਢੇਰੀਆਂ 17 ਫ਼ੀਸਦ ਨਮੀ ਤੋਂ ਘੱਟ ਵਾਲੀਆਂ ਖਿੰਡਾਈਆਂ ਪਈਆਂ ਸਨ, ਜਦੋਂ ਇਸ ਸਬੰਧੀ ਇੰਸਪੈਕਟਰ ਪਨਸਪ ਨਾਲ ਗੱਲ ਕੀਤੀ ਤਾਂ ਜਵਾਬ ਮਿਲਿਆ ਕਿ ਉਹ ਤਾਂ ਪ੍ਰਮੋਦ ਕੁਮਾਰ ਜੋ ਸ਼ੈਲਰ ਮਾਲਕ ਹੈ ਉਸ ਦੇ ਮੀਟਰ ਮੁਤਾਬਕ ਖਰੀਦ ਕਰੇਗਾ। ਮਾਰਕੀਟ ਕਮੇਟੀ ਮਲੌਦ ਵਾਲੇ ਕਹਿ ਰਹੇ ਹਨ ਕਿ ਮਾਰਕੀਟ ਕਮੇਟੀ ਦੇ ਮੀਟਰ ਮੁਤਾਬਕ ਖਰੀਦ ਹੁੰਦੀ ਹੈ। ਜਦੋਂ ਇੰਸਪੈਕਟਰ ਪਨਸਪ ਹਰਪ੍ਰੀਤ ਸਿੰਘ ਨੂੰ ਮੰਡੀ ਵਿੱਚ ਆਉਣ ਲਈ ਕਿਹਾ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਤੇ ਫੋਨ ਕੱਟ ਦਿੱਤਾ। ਫੂਡ ਸਪਲਾਈ ਇੰਸਪੈਕਟਰ ਚੀਮਾ ਦਾ ਵੀ ਫੋਨ ਬੰਦ ਕੀਤਾ ਹੋਇਆ ਸੀ । ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਹਾਲਤ ਬਹੁਤ ਮਾੜੇ ਹਨ, ਕਿਸਾਨ ਰੁਲ਼ ਰਹੇ ਹਨ ਤੇ ਸਰਕਾਰ ਵੋਟਾਂ ਵਿੱਚ ਰੁੱਝੀ ਹੋਈ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਕਰਕੇ ਝੋਨੇ ਤੇ ਕੱਟ ਲਾ ਕੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਦੀ ਟੀਮ ਵਿੱਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ, ਸਕੱਤਰ ਨਾਜ਼ਰ ਸਿੰਘ ਸਿਆੜ੍ਹ, ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ੍ਹ , ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ੍ਹ, ਮਨਪ੍ਰੀਤ ਸਿੰਘ ਜੀਰਖ, ਗੁਰਜੀਤ ਸਿੰਘ ਪੰਧੇਰ ਖੇੜੀ, ਨਾਜ਼ਰ ਸਿੰਘ ਰਾਮਗੜ੍ਹ ਸਰਦਾਰਾਂ, ਜੁਗਿੰਦਰ ਸਿੰਘ ਰਾਮਗੜ੍ਹ ਸਰਦਾਰਾਂ, ਜੋਰਾ ਸਿੰਘ ਸਿਆੜ੍ਹ ਅਤੇ ਕਈ ਹੋਰ ਸਾਥੀ ਸ਼ਾਮਲ ਸਨ।