For the best experience, open
https://m.punjabitribuneonline.com
on your mobile browser.
Advertisement

ਆਈਐੱਨਐੱਸ ਅਰੀਘਾਤ

07:55 AM Aug 31, 2024 IST
ਆਈਐੱਨਐੱਸ ਅਰੀਘਾਤ
Advertisement

ਭਾਰਤ ਦੀ ਪਰਮਾਣੂ ਉਰਜਾ ਨਾਲ ਚੱਲਣ ਵਾਲੀ ਦੂਜੀ ਬੈਲਿਸਟਿਕ ਮਿਸਾਈਲ ਪਣਡੁੱਬੀ ਆਈਐੱਨਐੱਸ ਅਰੀਘਾਤ ਦੀ ਕਮਿਸ਼ਨਿੰਗ ਨਾਲ ਦੇਸ਼ ਦੀ ਜਲ ਸੈਨਿਕ ਤਾਕਤ ਅਤੇ ਪਰਮਾਣੂ ਡਰਾਵੇ ਨੂੰ ਹੁਲਾਰਾ ਮਿਲਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਭਾਰਤ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਹਥਿਆਰਾਂ ’ਤੇ ਆਧਾਰਿਤ ਆਪਣੀ ਪਰਮਾਣੂ ਤਾਕਤ ਐਨ-ਟ੍ਰਾਇਡ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹੈ। ਹਾਲੀਆ ਸਾਲਾਂ ਵਿੱਚ ਚੀਨ ਨੇ ਵੀ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਆਧੁਨਿਕ ਬਣਾਇਆ ਹੈ ਜਿਸ ਕਰ ਕੇ ਇਸ ਕਦਮ ਦੀ ਸਮਝ ਪੈਂਦੀ ਹੈ ਜਿਸ ਤਹਿਤ ਅਗਲੀ ਪੀੜ੍ਹੀ ਦੀ ਬੈਲਿਸਟਿਕ ਮਿਸਾਈਲ ਪਣਡੁੱਬੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ ਅਤੇ ਸਮੁੰਦਰ ਵਿੱਚ ਨਿਯਮਤ ਢੰਗ ਨਾਲ ਪ੍ਰਮਾਣੂ ਉੂਰਜਾ ਨਾਲ ਗਸ਼ਤ ਸ਼ੁਰੂ ਹੋ ਜਾਵੇਗੀ। ਤਾਇਨਾਤ ਕੀਤੇ ਪਰਮਾਣੂ ਹਥਿਆਰਾਂ ਦੇ ਮਾਮਲੇ ਵਿੱਚ ਚੀਨ (500) ਭਾਰਤ (172) ਨਾਲੋਂ ਕਾਫ਼ੀ ਅਗਾਂਹ ਹੈ। ਉਂਝ, ਭਾਰਤ ਦੇ ਅਮਰੀਕਾ ਅਤੇ ਰੂਸ ਨਾਲ ਕਰੀਬੀ ਸਬੰਧ ਹਨ ਜਿਨ੍ਹਾਂ ਕੋਲ 1700-1700 ਪਰਮਾਣੂ ਹਥਿਆਰ ਹਨ। ਹਿੰਦ ਮਹਾਸਗਾਰ ਖ਼ਿੱਤੇ ਅੰਦਰ ਚੀਨ ਵੱਲੋਂ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਨਾਲ ਦਿੱਲੀ ਨੂੰ ਪੱਬਾਂ ਭਾਰ ਰਹਿਣਾ ਪੈ ਰਿਹਾ ਹੈ। ਸਵੀਡਿਸ਼ ਵਿਚਾਰਸ਼ੀਲ ਸੰਸਥਾ ਸਿਪਰੀ (ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ) ਮੁਤਾਬਿਕ ਭਾਰਤ ਸਮੁੰਦਰ ਵਿਚਲੇ ਆਪਣੇ ਪਰਮਾਣੂ ਟ੍ਰਾਇਡ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਲੰਮੀ ਦੂਰੀ ਦੀਆਂ ਮਿਸਾਈਲਾਂ ਵੀ ਵਿਕਸਤ ਕਰ ਰਿਹਾ ਹੈ।
ਆਈਐੱਨਐੱਸ ਅਰੀਘਾਤ ਦੀ ਮੌਜੂਦਗੀ ਨਾਲ ਚੀਨ ਨੂੰ ਇਹ ਮਜ਼ਬੂਤ ਸੰਦੇਸ਼ ਜਾਵੇਗਾ ਕਿ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਉਸ ਨਾਲ ਪੰਗਾ ਨਹੀਂ ਲਿਆ ਜਾ ਸਕਦਾ। ਪ੍ਰਸ਼ੰਸਾਯੋਗ ਗੱਲ ਇਹ ਹੈ ਕਿ ਪਣਡੁੱਬੀ ਵਿੱਚ ਘਰੋਗੀ ਸਿਸਟਮ ਅਤੇ ਉਪਕਰਨ ਵਰਤੇ ਗਏ ਹਨ ਜਿਨ੍ਹਾਂ ਦਾ ਸੰਕਲਪ, ਡਿਜ਼ਾਈਨ ਅਤੇ ਨਿਰਮਾਣ ਭਾਰਤੀ ਸਾਇੰਸਦਾਨਾਂ ਵੱਲੋਂ ਕੀਤਾ ਗਿਆ ਹੈ। ਇਹ ਰੱਖਿਆ ਖੇਤਰ ਵਿੱਚ ਇੱਕ ਅਜਿਹੇ ਦੇਸ਼ ਲਈ ਆਤਮ-ਨਿਰਭਰਤਾ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ ਜੋ ਕਿ ਦੁਨੀਆ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਹਿੱਤਧਾਰਕਾਂ ਨੂੰ ਆਪਣੀ ਪਿੱਠ ਥਾਪੜਦਿਆਂ ਢਿੱਲ-ਮੱਠ ਵਰਤਣ ਤੋਂ ਬਚਣਾ ਚਾਹੀਦਾ ਹੈ। ਚੀਨ ਦੀ ਪਰਮਾਣੂ ਮਾਅਰਕੇਬਾਜ਼ੀ ਦਾ ਕੋਈ ਹੱਦ ਬੰਨ੍ਹਾ ਨਹੀਂ ਹੈ ਅਤੇ ਇਸੇ ਤਰ੍ਹਾਂ ਇਸ ਦੇ ਅਪਰੇਸ਼ਨਾਂ ਦੀ ਰਾਜ਼ਦਾਰੀ ਦੀ ਵੀ ਕੋਈ ਹੱਦ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਮਰੀਕਾ ਚੀਨ ਵੱਲੋਂ ਪਰਮਾਣੂ ਹਥਿਆਰ ਇਕੱਠੇ ਕਰਨ ਦੇ ਰੁਝਾਨ ਤੋਂ ਫ਼ਿਕਰਮੰਦ ਹੈ ਅਤੇ ਇਸ ਨੇ ਪਰਮਾਣੂ ਹਥਿਆਰਾਂ ਬਾਰੇ ਗੱਲਬਾਤ ਨਵੇਂ ਸਿਰਿਓਂ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ’ਤੇ ਨਜ਼ਰ ਰੱਖਦਿਆਂ ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦਾ ਬੈਲਿਸਟਿਕ ਪਣਡੁੱਬੀ ਪ੍ਰੋਗਰਾਮ ਭਰੋਸੇਮੰਦ ਘੱਟੋ-ਘੱਟ ਡਰਾਵੇ ਅਤੇ ਪਹਿਲਾਂ ਵਰਤੋਂ ਨਾ ਕਰਨ ਦੇ ਅਹਿਦ ਨਾਲ ਮੇਲ ਖਾਂਦਾ ਰਹੇ।

Advertisement
Advertisement
Author Image

sukhwinder singh

View all posts

Advertisement