For the best experience, open
https://m.punjabitribuneonline.com
on your mobile browser.
Advertisement

ਕੁਦਰਤ ਦੀ ਅਨੰਤਤਾ ਅਤੇ ਮਨੁੱਖ

08:43 AM Mar 30, 2024 IST
ਕੁਦਰਤ ਦੀ ਅਨੰਤਤਾ ਅਤੇ ਮਨੁੱਖ
Advertisement

ਪ੍ਰੋ. ਰਾਜੇਸ਼ ਕੁਮਾਰ ਥਾਣੇਵਾਲ

Advertisement

ਕੁਦਰਤ ਦਾ ਵਰਤਾਰਾ ਬੜਾ ਬੇਅੰਤ ਅਤੇ ਅਨੰਤ ਹੈ, ਇਸ ਦਾ ਕੋਈ ਵੀ ਅੰਤ ਨਹੀਂ ਹੈ। ਮਨੁੱਖ ਜਿਵੇਂ ਜਿਵੇਂ ਇਸ ਦੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਇਹ ਹੋਰ ਰਹੱਸਮਈ ਹੁੰਦਾ ਜਾਂਦਾ ਹੈ ਜਿਸ ਕਰਕੇ ਰੋਜ਼ ਨਵੀਆਂ ਨਵੀਆਂ ਕੁਦਰਤੀ ਅਵਸਥਾਵਾਂ ਅਤੇ ਘਟਨਾਵਾਂ ਦਾ ਮਨੁੱਖ ਨੂੰ ਪਤਾ ਲੱਗਦਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਕੁਦਰਤ ਦੇ ਵਰਤਾਰੇ ਨੂੰ ਅਸੀਮ ਦੱਸਿਆ ਗਿਆ ਹੈ। ਇਸ ਦੀ ਕੋਈ ਵੀ ਹੱਦ ਨਹੀਂ ਹੈ ਅਤੇ ਨਾ ਹੀ ਮਨੁੱਖ ਇਸ ਦਾ ਅੰਤ ਪਾ ਸਕਦਾ ਹੈ। ਰੋਜ਼ ਕੁਦਰਤ ਦੇ ਨਜ਼ਾਰਿਆਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜੋ ਮਨੁੱਖ ਨੂੰ ਹੈਰਾਨ ਕਰ ਦਿੰਦੀਆਂ ਹਨ।
ਮਨੁੱਖ ਦੀ ਕਲਪਨਾ ਤੋਂ ਅਗਾਂਹ ਕੁਦਰਤ ਦਾ ਵਰਤਾਰਾ ਨਿਰੰਤਰ ਚੱਲਦਾ ਰਹਿੰਦਾ ਹੈ। ਕੁਦਰਤ ਦੇ ਇਸ ਵਰਤਾਰੇ ਵਿੱਚ ਕੋਈ ਰੋਕ ਟੋਕ ਨਹੀਂ ਹੈ। ਬੇਸ਼ੱਕ ਮਨੁੱਖ ਨੇ ਕੁਝ ਕੁ ਘਟਨਾਵਾਂ ਉੱਪਰ ਕਾਬੂ ਪਾ ਲਿਆ ਹੈ ਪਰ ਅਜੇ ਵੀ ਮਨੁੱਖ ਵਿਗਿਆਨਕ ਤੌਰ ’ਤੇ ਇੰਨਾ ਪ੍ਰਭਾਵਸ਼ਾਲੀ ਨਹੀਂ ਹੋਇਆ ਕਿ ਉਹ ਸਮੁੱਚੀ ਕੁਦਰਤ ਨੂੰ ਆਪਣੇ ਕੰਟਰੋਲ ਵਿੱਚ ਕਰ ਸਕੇ। ਇਸ ਲਈ ਕੁਦਰਤ ਦੀਆਂ ਕੁਝ ਘਟਨਾਵਾਂ ਅਤੇ ਮੌਕਾ ਮੇਲ ਅਜਿਹਾ ਚੱਲਦਾ ਹੈ ਜਿਹੜਾ ਮਨੁੱਖੀ ਜ਼ਿੰਦਗੀ ਨੂੰ ਹਰ ਪੱਖ ਤੋਂ ਪ੍ਰਭਾਵਿਤ ਕਰਦਾ ਹੈ। ਕਈ ਵਾਰੀ ਅਜਿਹਾ ਲੱਗਦਾ ਹੈ ਕਿ ਕੁਦਰਤ ਕਿਸੇ ਅਨੰਤ ਸ਼ਕਤੀ ਰਾਹੀਂ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਹੁਕਮ ਵਿੱਚ ਚਲਾਉਂਦੀ ਹੈ। ਬੇਸ਼ੱਕ ਅੱਜ ਸਾਇੰਸ ਦੇ ਪ੍ਰਭਾਵ ਹੇਠ ਮਨੁੱਖ ਇਸ ਗੱਲ ਨਾਲ ਸਹਿਮਤੀ ਨਹੀਂ ਪ੍ਰਗਟਾਉਂਦਾ ਅਤੇ ਇਨ੍ਹਾਂ ਨੂੰ ਸੰਭਾਵੀ ਘਟਨਾਵਾਂ ਵਜੋਂ ਹੀ ਬਿਆਨ ਕਰਦਾ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਅਜਿਹਾ ਜ਼ਰੂਰ ਲੱਗਦਾ ਹੈ ਕਿ ਕੋਈ ਅਸੀਮ ਅਦਿਖ ਸ਼ਕਤੀ ਜਾਂ ਵਿਵਸਥਾ ਸਮੁੱਚੀ ਦੁਨੀਆ ਨੂੰ ਚਲਾਉਣ ਵਿੱਚ ਮਦਦ ਕਰਦੀ ਹੈ। ਧਾਰਮਿਕ ਤੇ ਅਧਿਆਤਮਕ ਰਹਬਿਰ ਹਮੇਸ਼ਾ ਕੁਦਰਤ ਦੇ ਇਸ ਵਰਤਾਰੇ ਵਿੱਚ ਰਹਿਣ ਦੀ ਗੱਲ ਕਰਦੇ ਹਨ ਅਤੇ ਇਸ ਦਾ ਕਿਸੇ ਕਿਸਮ ਦਾ ਵਿਰੋਧ ਕਰਨ ਦਾ ਵੀ ਸਮਰਥਨ ਨਹੀਂ ਕਰਦੇ।
ਇਸ ਕੁਦਰਤ ਦੇ ਵਰਤਾਰੇ ਦਾ ਪ੍ਰਭਾਵ ਮਨੁੱਖੀ ਭਾਵਨਾਵਾਂ ਅਤੇ ਸਮਾਜਿਕ, ਰਾਜਨੀਤਕ ਅਰਥਚਾਰੇ ਉੱਪਰ ਵੀ ਪੈਂਦਾ ਹੈ। ਕੁਦਰਤੀ ਆਫ਼ਤਾਂ ਹਮੇਸ਼ਾ ਮਨੁੱਖ ਲਈ ਦੁੱਖ ਲੈ ਕੇ ਆਉਂਦੀਆਂ ਹਨ। ਮਨੁੱਖ ਇਸ ਤੋਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਕੁਦਰਤ ਦਾ ਕਹਿਰ ਮਨੁੱਖ ਉੱਪਰ ਬਣਿਆ ਹੀ ਰਹਿੰਦਾ ਹੈ। ਦੂਜੇ ਪਾਸੇ ਕੁਦਰਤ ਦੀ ਸੋਹਣੀ ਅਵਸਥਾ ਮਨੁੱਖ ਲਈ ਜ਼ਿੰਦਗੀ ਜਿਊਣ ਦੇ ਸਾਰੇ ਸਾਧਨ ਪੈਦਾ ਕਰਦੀ ਹੈ ਜਿਨ੍ਹਾਂ ਦੀ ਬਦੌਲਤ ਮਨੁੱਖ ਆਪਣੇ ਆਪ ਨੂੰ ਇਸ ਧਰਤੀ ਉੱਪਰ ਜਿਊਂਦਾ ਰੱਖਦਾ ਹੈ। ਕੁਦਰਤ ਦੇ ਨਜ਼ਾਰਿਆਂ ਵਿੱਚ ਉਸ ਦੇ ਜੰਗਲ, ਜ਼ਮੀਨ, ਨਦੀਆਂ, ਪਹਾੜ ਅਤੇ ਇਸ ਤੋਂ ਵੀ ਅਗਾਂਹ ਦੂਜੇ ਗ੍ਰਹਿ ਮਨੁੱਖੀ ਮਨ ਦੀ ਅਵਸਥਾ ਲਈ ਕਈ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ ਜਿਹੜੇ ਮਨੁੱਖ ਨੂੰ ਜਿੱਥੇ ਇੱਕ ਪਾਸੇ ਆਨੰਦ ਪ੍ਰਦਾਨ ਕਰਦੇ ਹਨ, ਉਸ ਦੀ ਖ਼ੁਸ਼ੀ ਦਾ ਕਾਰਨ ਬਣਦੇ ਹਨ, ਉੱਥੇ ਕਈ ਵਾਰੀ ਮਨੁੱਖ ਲਈ ਦੁੱਖ ਦਾ ਕਾਰਨ ਵੀ ਬਣ ਜਾਂਦੇ ਹਨ ਜਿਹੜੇ ਮਨੁੱਖੀ ਭਾਵਨਾਵਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ। ਮਨੁੱਖ ਕਿਉਂਕਿ ਇੱਕ ਅਕਲਮੰਦ ਪ੍ਰਾਣੀ ਹੈ ਜਿਹੜਾ ਸੋਚਦਾ, ਵਿਚਾਰਦਾ, ਲਿਖਦਾ, ਪੜ੍ਹਦਾ ਅਤੇ ਗਾਉਂਦਾ ਹੈ। ਮਨੁੱਖ ਆਪਣੀਆਂ ਸਮੁੱਚੀਆਂ ਭਾਵਨਾਵਾਂ ਨੂੰ ਜੋ ਕਿ ਕੁਦਰਤੀ ਅਨੰਤਤਾ ਦੇ ਨਾਲ ਜੁੜੀਆਂ ਹੋਈਆਂ ਹਨ ਨੂੰ ਕਲਮਬੱਧ ਕਰਕੇ ਆਪਣੇ ਗਿਆਨ ਦਾ ਪ੍ਰਗਟਾਵਾ ਕਰਦਾ ਹੈ ਉੱਥੇ ਉਹ ਇਨ੍ਹਾਂ ਨੂੰ ਲਿਖਤੀ ਰੂਪ ਵਿੱਚ ਕਿਤਾਬਾਂ ਰਾਹੀਂ ਅਤੇ ਹੁਣ ਨਵੇਂ ਇੰਟਰਨੈੱਟ ਦੇ ਸਾਧਨਾਂ ਰਾਹੀਂ ਸਾਂਭ ਕੇ ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਵੀ ਇਕੱਠਾ ਕਰਨਾ ਲੋਚਦਾ ਹੈ। ਮਨੁੱਖੀ ਭਾਵਨਾਵਾਂ ਸਮਾਜਿਕ ਵਿਵਸਥਾ ਵਿੱਚ ਜਿੱਥੇ ਆਪਸ ਵਿੱਚ ਮਨੁੱਖਾਂ, ਜਾਨਵਰਾਂ, ਪਸ਼ੂ-ਪੰਛੀਆਂ ਦੇ ਨਾਲ ਗੜੁੱਚ ਹਨ ਉੱਥੇ ਉਹ ਕੁਦਰਤ ਦੀ ਅਨੰਤਤਾ ਦੇ ਨਾਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਜੁੜੀਆਂ ਹੋਈਆਂ ਹੁੰਦੀਆਂ ਹਨ। ਕੁਦਰਤ ਦੇ ਵਰਤਾਰੇ ਵਿੱਚ ਜੇਕਰ ਕਿਸੇ ਮਨੁੱਖ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਤਾਂ ਉਹ ਇਸ ਦਾ ਧੰਨਵਾਦ ਕੁਦਰਤ ਦੇ ਦੂਜੇ ਨਾਂ ਰੱਬ ਨੂੰ ਦਿੰਦਾ ਹੈ ਅਤੇ ਜੇਕਰ ਕਈ ਵਾਰੀ ਉਸ ਨੂੰ ਦੁੱਖ ਮਿਲਦਾ ਹੈ ਤਾਂ ਉਹ ਇਸ ਨੂੰ ਕੁਦਰਤ ਦਾ ਭਾਣਾ ਸਮਝ ਕੇ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ ਬੇਸ਼ੱਕ ਇਹ ਦੁੱਖ ਜਾਂ ਸੁੱਖ ਉਸ ਨੂੰ ਸਮਾਜਿਕ ਵਰਤਾਰੇ ਵਿੱਚ ਰਹਿੰਦੇ ਹੋਏ ਕਿਸੇ ਹਾਦਸੇ, ਬਿਮਾਰੀ ਜਾਂ ਕਿਸੇ ਵਿਰੋਧੀ ਦੇ ਕਾਰਨ ਮਿਲਦੇ ਹਨ।
ਸਮਾਜ ਵਿੱਚ ਰਹਿੰਦੇ ਹੋਏ ਮਨੁੱਖ ਆਪ ਕਈ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਹੜੀਆਂ ਉਸ ਦੀ ਜ਼ਿੰਦਗੀ ਨੂੰ ਬਦ ਤੋਂ ਬਦਤਰ ਕਰਨ ਵਾਲੇ ਪਾਸੇ ਲੈ ਕੇ ਜਾਂਦੀਆਂ ਹਨ। ਮਨੁੱਖੀ ਜ਼ਿੰਦਗੀ ਦਾ ਇੱਕ ਵੱਡਾ ਉਦੇਸ਼ ਧਰਤੀ ’ਤੇ ਰਹਿੰਦੇ ਹੋਏ ਜਿੱਥੇ ਆਪਣੀ ਜ਼ਿੰਦਗੀ ਨੂੰ ਸਰਬਪੱਖੀ ਵਿਕਾਸ ਵਾਲੇ ਪਾਸੇ ਲੈ ਕੇ ਜਾਣਾ ਹੈ ਅਤੇ ਇੱਕ ਚੰਗਾ ਮਨੁੱਖ ਬਣਨਾ ਹੈ, ਉੱਥੇ ਆਪਣੇ ਵਰਗੇ ਹੋਰ (ਬੱਚੇ) ਪੈਦਾ ਕਰ ਕੇ ਇਸ ਦੁਨੀਆ ਨੂੰ ਨਿਰੰਤਰ ਕੁਦਰਤੀ ਅਵਸਥਾ ਦੇ ਅਨੰਤ ਅਤੇ ਅਸੀਮ ਪ੍ਰਭਾਵ ਹੇਠ ਵੀ ਚਲਾਉਣਾ ਹੈ। ਇਹ ਮਨੁੱਖ ਦਾ ਸਰਬਪੱਖੀ ਉਦੇਸ਼ ਹੈ ਜਿਹੜਾ ਉਸ ਨੂੰ ਇਸ ਧਰਤੀ ਉੱਪਰ ਪੈਦਾ ਹੋਣ ਲਈ ਕੁਦਰਤੀ ਅਨੰਤਤਾ ਨਾਲ ਇੱਕ-ਮਿਕ ਕਰਦਾ ਹੈ।
ਅੱਜ ਮਨੁੱਖ ਕੁਦਰਤ ਦੀ ਇਸ ਅਨੰਤਤਾ ਤੋਂ ਬਾਹਰ ਇੱਕ ਸਮਾਜਿਕ ਅਵਸਥਾ ਵਿੱਚ ਵੀ ਆ ਚੁੱਕਾ ਹੈ। ਮਨੁੱਖ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਇੱਕ ਸਧਾਰਨ ਬੱਚੇ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਉਸ ਦੇ ਨਾਲ ਉਸ ਦੇ ਮਾਤਾ-ਪਿਤਾ ਦੀਆਂ ਪਿਆਰ ਸਤਿਕਾਰ ਤੇ ਦੁਰਕਾਰ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਅਜਿਹੀਆਂ ਹੀ ਭਾਵਨਾਵਾਂ ਮਨੁੱਖ ਦੀਆਂ ਆਪਣੇ ਬਚਪਨ ਵਿੱਚ ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ ਅਤੇ ਵਿਰੋਧੀਆਂ ਨਾਲ ਜੁੜੀਆਂ ਹੁੰਦੀਆਂ ਹਨ। ਮਨੁੱਖ ਦਾ ਮਨੁੱਖ ਨਾਲ ਪਿਆਰ ਅਤੇ ਵਿਰੋਧ ਦੋਵੇਂ ਹੀ ਬਣੇ ਹੁੰਦੇ ਹਨ ਜਿੱਥੇ ਮਨੁੱਖ ਦਾ ਪਿਆਰ ਹੁੰਦਾ ਹੈ ਉੱਥੇ ਉਹ ਆਪਣਾ ਸਭ ਕੁਝ ਲੁਟਾਉਣ ਲਈ ਤਿਆਰ ਰਹਿੰਦਾ ਹੈ। ਉਸ ਉੱਪਰੋਂ ਆਪਣੀ ਜਾਨ ਵੀ ਵਾਰਨ ਲਈ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਜਿੱਥੇ ਵਿਰੋਧ ਹੁੰਦਾ ਹੈ, ਮਨੁੱਖ ਉੱਥੇ ਵੀ ਆਪਣੇ ਆਪ ਨੂੰ ਬਚਾਉਣ ਅਤੇ ਦੂਸਰੇ ਨੂੰ ਖਤਮ ਕਰਨ ਵਿੱਚ ਲੱਗਾ ਰਹਿੰਦਾ ਹੈ। ਉਸ ਦੀਆਂ ਭਾਵਨਾਵਾਂ ਅੰਤਰ ਕਿਰਿਆਵਾਂ ਹਮੇਸ਼ਾ ਇਸੇ ਬਾਰੇ ਹੀ ਵਿਚਾਰ ਕਰਦੀਆਂ ਰਹਿੰਦੀਆਂ ਹਨ। ਬੇਸ਼ੱਕ ਵਿਰੋਧੀ ਭਾਵਨਾਵਾਂ ਕੁਦਰਤ ਦੇ ਵਰਤਾਰੇ ਦੇ ਖਿਲਾਫ਼ ਜਾਂਦੀਆਂ ਹਨ ਪਰ ਇਹ ਵੀ ਕੁਦਰਤ ਦੀ ਅਨੰਤਤਾ ਦਾ ਹੀ ਹਿੱਸਾ ਹਨ। ਕਈ ਵਾਰੀ ਕੁਦਰਤ ਦੇ ਵਰਤਾਰੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਜਿਹੜੀਆਂ ਮਨੁੱਖ ਨੂੰ ਅਜਿਹਾ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਇਹ ਕੁਦਰਤ ਦੀ ਅਨੰਤਤਾ ਦਾ ਸਬੂਤ ਹਨ ਜਾਂ ਕੁਦਰਤ ਪ੍ਰਤੀ ਉਸ ਦੀ ਪੂਰੀ ਤਰ੍ਹਾਂ ਨਾਸਮਝੀ ਦਾ ਸਬੂਤ ਹਨ। ਮਨੁੱਖ ਕਈ ਵਾਰੀ ਅਜਿਹੀ ਅਵਸਥਾ ਵਿੱਚ ਬੇਵੱਸ ਜਿਹਾ ਹੋ ਜਾਂਦਾ ਹੈ, ਇਸ ਲਈ ਕੁਦਰਤ ਦੀ ਪੂਰੀ ਸ਼ਕਤੀ ਨੂੰ ਸਮਝਣਾ ਇੱਕ ਸਧਾਰਨ ਮਨੁੱਖ ਦੇ ਦਿਮਾਗ਼ ਦੀ ਕਲਪਨਾ ਸ਼ਕਤੀ ਤੋਂ ਪਰੇ ਹੈ। ਅਜਿਹੀਆਂ ਘਟਨਾਵਾਂ ਅਤੇ ਹਾਲਾਤ ਨੂੰ ਮਨੁੱਖ ਕੁਦਰਤ ਦਾ ਭਾਣਾ ਮੰਨ ਕੇ ਹੀ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਸਮਾਜ ਵਿੱਚ ਰਹਿੰਦੇ ਹੋਏ ਜਿੱਥੇ ਸਮਾਜਿਕ ਪ੍ਰਾਣੀ ਹੈ ਉੱਥੇ ਉਹ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਇੱਕ ਸੂਤਰ ਵਿੱਚ ਬੰਨ੍ਹਿਆ ਹੋਇਆ ਹੁੰਦਾ ਹੈ। ਉਸ ਦੀਆਂ ਪਰਿਵਾਰਕ ਮੈਂਬਰਾਂ ਨਾਲ ਭਾਵਨਾਵਾਂ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ। ਜੇਕਰ ਕਿਸੇ ਕਾਰਨ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹ ਇਸ ਦਾ ਬਹੁਤ ਜ਼ਿਆਦਾ ਦੁੱਖ ਮਨਾਉਂਦਾ ਹੈ।
ਮਨੁੱਖ ਨਾਸ਼ਮਾਨ ਹੈ ਅਤੇ ਮਨੁੱਖ ਪੈਦਾ ਹੋਣ ਤੋਂ ਲੈ ਕੇ ਬਚਪਨ, ਜਵਾਨੀ ਤੇ ਬੁਢਾਪੇ ਦਾ ਸਮਾਂ ਪੂਰਾ ਕਰਕੇ ਅੰਤ ਨੂੰ ਇਹ ਦੁਨੀਆ ਛੱਡ ਕੇ ਚਲੇ ਜਾਂਦਾ ਹੈ ਪਰ ਕਈ ਵਾਰੀ ਮਨੁੱਖ ਦਾ ਕੋਈ ਪਿਆਰਾ ਸਾਥੀ, ਪਰਿਵਾਰਕ ਮੈਂਬਰ ਕਿਸੇ ਕਾਰਨ ਉਸ ਨੂੰ ਛੱਡ ਕੇ ਇਸ ਸੰਸਾਰਕ ਅਵਸਥਾ ਤੋਂ ਕੁਦਰਤ ਵਿੱਚ ਲੀਨ ਹੋ ਜਾਂਦਾ ਹੈ ਤਾਂ ਅਜਿਹੀ ਅਵਸਥਾ ਆਮ ਸਧਾਰਨ ਮਨੁੱਖ ਲਈ ਅਣਸੁਖਾਵੀਂ ਅਤੇ ਦੁਖਦਾਈ ਹੋ ਜਾਂਦੀ ਹੈ। ਅਜਿਹਾ ਮਨੁੱਖ ਇਸ ਘਟਨਾਕ੍ਰਮ ਨੂੰ ਸਹਿਣ ਨਹੀਂ ਕਰ ਪਾਉਂਦਾ ਅਤੇ ਉਸ ਦੀ ਅਜਿਹੀ ਮਨੋਬਿਰਤੀ ਉਸ ਦੀ ਜਿਊਣ ਸ਼ਕਤੀ ਨੂੰ ਘਟਾਉਂਦੀ ਹੈ। ਇਹ ਕਈ ਵਾਰੀ ਉਸ ਲਈ ਅਗਲੇਰੀ ਜ਼ਿੰਦਗੀ ਨੂੰ ਜਿਊਣ ਵਿੱਚ ਖੜੋਤ ਲਿਆ ਦਿੰਦੀ ਹੈ। ਅਜਿਹੀ ਹਾਲਤ ਵਿੱਚ ਉਹ ਕਈ ਵਾਰੀ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਬੈਠਦਾ ਹੈ। ਕਈ ਵਾਰੀ ਉਹ ਆਪਣੀ ਇਸ ਅਵਸਥਾ ਨੂੰ ਹਮਦਰਦੀ ਹਾਸਲ ਕਰਨ ਵਾਸਤੇ ਸਮਾਜਿਕ ਤਾਣੇ ਬਾਣੇ ਵਿੱਚ ਬਾਰ ਬਾਰ ਦੁਹਰਾਉਂਦਾ ਹੈ। ਅਜਿਹਾ ਕਰਨਾ ਜਿੱਥੇ ਉਸ ਨੂੰ ਮਾਨਸਿਕ ਤੌਰ ’ਤੇ ਕੁਝ ਸੁਖਾਵੇਂ ਹਾਲਾਤ ਪੈਦਾ ਕਰਦਾ ਹੈ ਉੱਥੇ ਉਸ ਨੂੰ ਸਮਾਜਿਕ ਤੌਰ ’ਤੇ ਤਰਸ ਦਾ ਪਾਤਰ ਬਣਾ ਦਿੰਦਾ ਹੈ। ਇਸ ਰਾਹੀਂ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਉਸ ਦੇ ਜੀਵਨ ਨੂੰ ਘਟਾਉਂਦਾ ਹੈ। ਜਿਹੜਾ ਕੁਦਰਤ ਦੀ ਅਨੰਤਤਾ ਦੇ ਵਿਰੋਧ ਵਿੱਚ ਖੜ੍ਹਦਾ ਹੈ। ਇਸ ਲਈ ਜਿਵੇਂ ਕੁਦਰਤ ਦੀ ਨਿਰੰਤਰਤਾ ਅਨੰਤਤਾ ਚੱਲਦੀ ਰਹਿੰਦੀ ਹੈ ਉਸੇ ਤਰੀਕੇ ਨਾਲ ਮਨੁੱਖ ਨੂੰ ਵੀ ਆਪਣੀ ਜ਼ਿੰਦਗੀ ਨੂੰ ਨਿਰੰਤਰ ਉਤਾਂਹ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਹੈ। ਕਿਸੇ ਸਾਥੀ ਸੰਗੀ ਦੇ ਛੱਡ ਜਾਣ ਵਾਲੀ ਹਾਲਤ ਤੋਂ ਬਾਹਰ ਆ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਵਿੱਚ ਹੀ ਕੁਦਰਤ ਦੀ ਅਨੰਤਤਾ ਛੁਪੀ ਹੋਈ ਹੈ। ਮਨੁੱਖ ਅਜੇ ਆਪਣੀ ਜ਼ਿੰਦਗੀ ਦੇ ਅਜਿਹੇ ਮੁਕਾਮ ਉੱਤੇ ਨਹੀਂ ਪਹੁੰਚ ਸਕਿਆ ਜਿੱਥੇ ਉਹ ਕੁਦਰਤ ਦੀ ਅਨੰਤਤਾ ਬਾਰੇ ਸਭ ਕੁਝ ਸਮਝ ਲੈਂਦਾ ਹੋਵੇ। ਅਜੇ ਮਨੁੱਖੀ ਜ਼ਿੰਦਗੀ ਨੂੰ ਇਸ ਪ੍ਰਤੀ ਲੰਬਾ ਰਸਤਾ ਤੈਅ ਕਰਨਾ ਪਵੇਗਾ।
ਸੰਪਰਕ: 98724-94996

Advertisement
Author Image

joginder kumar

View all posts

Advertisement
Advertisement
×