ਧੁੰਦ ਦੀ ਚਾਦਰ ’ਚ ਲਿਪਟਿਆ ਸਨਅਤੀ ਸ਼ਹਿਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਦਸੰਬਰ
ਲਗਾਤਾਰ ਵਧ ਰਹੀ ਠੰਢ ਤੇ ਧੁੰਦ ਕਾਰਨ ਸਨਅਤੀ ਸ਼ਹਿਰ ਸਵੇਰੇ ਤੇ ਸ਼ਾਮ ਧੁੰਦ ਦੀ ਚਾਦਰ ਵਿੱਚ ਲਿਪਟਿਆ ਨਜ਼ਰ ਆਉਂਦਾ ਹੈ। ਪੋਹ ਮਹੀਨੇ ਦੇ ਇਨ੍ਹਾਂ ਦਿਨਾਂ ਵਿੱਚ ਲਗਾਤਾਰ ਠੰਢ ਵੱਧਦੀ ਜਾ ਰਹੀ ਹੈ। ਘੱਟੋ-ਘੱਟ ਤਾਪਮਾਨ ਵੀ ਲਗਾਤਾਰ ਡਿੱਗਦਾ ਜਾ ਰਿਹਾ ਹੈ। ਇਸ ਕਾਰਨ ਸਵੇਰੇ ਤੇ ਸ਼ਾਮ ਨੂੰ ਤਾਂ ਹੱਢ ਚੀਰਵੀਂ ਠੰਢ ਪੈ ਰਹੀ ਹੈ। ਸਨਅਤੀ ਸ਼ਹਿਰ ਵਿੱਚ ਧੁੰਦ ਕਾਰਨ, ਰੋਜ਼ਾਨਾ ਸਵੇਰੇ ਸਾਢੇ 11 ਵਜੇ ਤੋਂ ਬਾਅਦ ਹੀ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਹਨ। ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਸੰਘਣੀ ਧੁੰਦ ਪੈ ਰਹੀ ਹੈ। ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਭਾਵੇਂ ਕੁੱਝ ਨਜ਼ਰ ਆਉਂਦਾ ਹੈ ਪਰ ਹਾਈਵੇਅ ਅਤੇ ਖੁੱਲ੍ਹੇ ਇਲਾਕਿਆਂ ਵਿੱਚ ਤਾਂ ਵਿਜ਼ੀਬਿਲਟੀ ਬਹੁਤ ਘਟ ਜਾਂਦੀ ਹੈ। ਇਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਘਟ ਗਈ ਹੈ। ਦੁਪਹਿਰ ਤੋਂ ਬਾਅਦ ਸੂਰਜ ਨਿਕਲਣ ਤੋਂ ਬਾਅਦ ਵੀ ਤਾਪਮਾਨ ’ਚ ਕੋਈ ਜ਼ਿਆਦਾ ਵਾਧਾ ਨਹੀਂ ਹੋਇਆ। ਦਿਨ ’ਚ ਘੱਟੋ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਠੰਢ ਦੇ ਕਾਰਨ ਲੋਕਾਂ ਸਾਰਾ ਦਿਨ ਘਰਾਂ ਵਿੱਚ ਹੀ ਬੈਠੇ ਰਹੇ। ਬਾਹਰ ਕੰਮ ਕਰਨ ਵਾਲੇ ਲੋਕ ਵੀ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਨਜ਼ਰ ਆਏ। ਘਰਾਂ ’ਚ ਵੀ ਲੋਕ ਹੀਟਰ ਅਤੇ ਅੰਗੀਠੀਆਂ ਬਾਲ ਕੇ ਠੰਢ ਤੋਂ ਬਚਾ ਕਰ ਰਹੇ ਹਨ। ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਇਸੇ ਤਰ੍ਹਾਂ ਪੈਂਦੀ ਰਹੇਗੀ ਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਹੋਰ ਠੰਢ ਦੀ ਪੇਸ਼ੀਨਗੋਈ ਹੈ।