ਦਿੱਲੀ ਪੁਲੀਸ ਦੇ ਮੁਲਾਜ਼ਮ ਵੱਲੋਂ ਭੈਣ ਦੇ ਘਰ ਅੰਨ੍ਹੇਵਾਹ ਫਾਈਰਿੰਗ
ਗੁਰਦੀਪ ਸਿੰਘ
ਟੋਹਾਣਾ, 29 ਜੂਨ
ਦਿੱਲੀ ਦੇ ਇੱਕ ਪੁਲੀਸ ਮੁਲਾਜ਼ਮ ਨੇ ਅੱਜ ਤੜਕ ਸਵੇਰੇ ਤਿੰਨ ਵਜੇ ਆਪਣੀ ਭੈਣ ਆਸ਼ਾ ਦੇ ਸਹੁਰੇ ਘਰ ਵਿੱਚ ਪਿੰਡ ਘਸੌਲਾ ’ਚ ਜਾ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ ਉਸ ਦਾ ਜੀਜਾ ਰਜਿਤ ਬਚ ਨਿਕਲਿਆ, ਜਦੋਂਕਿ ਉਸ ਦੇ ਦਾਦਾ ਛੋਟੂਰਾਮ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਰਜਿਤ ਦੀ ਦਾਦੀ ਨੂੰ ਸੱਤ ਫਾਇਰ ਲੱਗੇ, ਪਿਤਾ ਸੁਰਿੰਦਰ ਤੇ ਚਚੇਰਾ ਭਰਾ ਸ਼ਿਵਮ ਵੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੀਜੀਆਈ ਰੋਹਤਕ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸੁਭਾਸ਼ ਚੰਦਰ ਪੁਲੀਸ ਟੀਮਾਂ ਨਾਲ ਮੌਕੇ ’ਤੇ ਪੁੱਜੇ। ਪੁਲੀਸ ਨੇ ਆਸ਼ਾ ਦੇ ਪਤੀ ਰਜਿਤ ਦੀ ਸ਼ਿਕਾਇਤ ’ਤੇ ਦਿੱਲੀ ਪੁਲੀਸ ਦੇ ਮੁਲਾਜ਼ਮ ਅਤੇ ਰਿਸ਼ਤੇਦਾਰੀ ਵਿੱਚ ਸਾਲੇ ਸਾਕੇਤ ਕੁਮਾਰ ਵਾਸੀ ਭਿਵਾਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲੀਸ ਮੁਤਾਬਕ ਸਾਕੇਤ ਕੁਮਾਰ ਦੀ ਭੈਣ ਆਸ਼ਾ ਦਾ ਵਿਆਹ ਪਿੰਡ ਘਸੌਲਾ ਦੇ ਰਜਿਤ ਨਾਲ ਹੋਇਆ ਸੀ। ਸਾਕੇਤ ਇਸ ਗੱਲ ਤੋਂ ਨਿਰਾਸ਼ ਸੀ ਕਿ ਸਹੁਰਾ ਪਰਿਵਾਰ ਨੇ ਝੂਠ ਬੋਲ ਕੇ ਵਿਆਹ ਕੀਤਾ ਹੈ ਕਿਉਂਕਿ ਰਿਸ਼ਤਾ ਹੋਣ ਮੌਕੇ ਆਸ਼ਾ ਦੇ ਪਰਿਵਾਰ ਨੂੰ ਰਜਿਤ ਨੇ ਹੋਮ ਮਨਿਸਟਰੀ ਵਿੱਚ ਸਰਕਾਰੀ ਨੌਕਰੀ ਕਰਨ ਦਾ ਦਾਅਵਾ ਕੀਤਾ ਸੀ, ਜਦੋਂਕਿ ਉਹ ਲੁਧਿਆਣਾ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਸਾਕੇਤ ਕੁਮਾਰ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਪਰਿਵਾਰ ਨੂੰ ਝੂਠ ਬੋਲ ਕੇ ਵਿਆਹ ਕਰਨ ਦੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ।