For the best experience, open
https://m.punjabitribuneonline.com
on your mobile browser.
Advertisement

ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਦੇ ਸੰਕੇਤ

08:41 AM Sep 16, 2023 IST
ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਦੇ ਸੰਕੇਤ
Advertisement

ਦਰਬਾਰਾ ਸਿੰਘ ਕਾਹਲੋਂ

6 ਰਾਜਾਂ ਦੇ 7 ਵਿਧਾਨ ਸਭਾ ਹਲਕਿਆਂ ਵਿਚ 5 ਸਤੰਬਰ ਨੂੰ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਨੇ 2024 ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਬਾਰੇ ਸੰਕੇਤ ਦੇ ਦਿੱਤੇ ਹਨ ਕਿ ਵੋਟਰ ਭਵਿੱਖ ਵਿਚ ਕੈਸਾ ਆਗੂ ਚਾਹੁੰਦੇ ਹਨ। ਵੋਟਰਾਂ ਨੂੰ ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਕਿਲ ਇੰਡੀਆ, ਖੇਲ ਇੰਡੀਆ ਨੂੰ ‘ਭਾਰਤ’ ਵਿਚ ਬਦਲਣ ਵਿਚ ਕੋਈ ਦਿਲਚਸਪੀ ਨਹੀਂ। ਦੱਖਣੀ ਭਾਰਤੀ ਤਾਂ ਵੈਸੇ ਵੀ ਇਸ ਨੂੰ ਭਾਜਪਾ ਦਾ ਜੁਮਲਾ ਹੀ ਸਮਝਦੇ ਹਨ। ਉਨ੍ਹਾਂ ਨੂੰ ਆਪਣੇ ਤੇ ਆਪਣੀਆਂ ਭਵਿੱਖੀ ਪੀੜ੍ਹੀਆਂ ਲਈ ਰੋਜ਼ੀ-ਰੋਟੀ, ਚੰਗੀ ਛੱਤ, ਰੁਜ਼ਗਾਰ ਅਤੇ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਭਰੀ ਜਿ਼ਲਤ ਤੋਂ ਨਜਾਤ ਦੀ ਫਿਕਰ ਰਾਤ-ਦਿਨ ਸਤਾਉਂਦੀ ਹੈ। ਕੈਸਾ ਆਧੁਨਿਕ ਭਾਰਤ ਹੈ ਜਿਸ ਦਾ ਪ੍ਰਧਾਨ ਮੰਤਰੀ ਦਿੱਲੀ ਵਿਚ ਝੁੱਗੀ-ਝੌਂਪੜੀ ਵਿਚ ਵਸੇ ਹਜ਼ਾਰਾਂ ਲੋਕਾਂ ਨੂੰ ਬੁਲਡੋਜ਼ਰ ਚਲਾ ਵਗ੍ਹਾ ਬਾਹਰ ਮਾਰਦਾ ਹੈ। ਉਹ ਬੱਚੇ-ਬੁੱਢੇ, ਲਾਚਾਰ ਨੌਜਵਾਨ ਮਰਦ-ਔਰਤਾਂ ਦੋ ਵਕਤ ਦੀ ਰੋਟੀ ਲਈ ਬੇਜਾਰ ਹੁੰਦੇ ਹਨ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜੀ ਚਾਂਦੀ ਦੀ ਚਮਕ ਵਾਲੇ ਬਰਤਨਾਂ ਵਿਚ ਵਿਦੇਸ਼ੀ ਮਹਿਮਾਨਾ ਨਾਲ ਭਾਂਤ ਭਾਂਤ ਦੇ ਸੁਆਦੀ ਖਾਣੇ ਦਾ ਆਨੰਦ ਮਾਣਦੇ ਹਨ। ਰਾਜ ਧਰਮ ਕੀ ਹੈ? ਭਾਰਤੀ ਇਤਿਹਾਸ ਇਸ ਨਾਲ ਲਬਾਲਬ ਹੈ। ਰਾਜਾ ਹਰਸ਼ ਵਰਧਨ ਆਪਣੇ ਕੱਪੜੇ ਤੱਕ ਉਤਾਰ ਕੇ ਨੰਗੇ ਧੜ ਵਾਲੇ ਭਾਰਤੀਆਂ ਨੂੰ ਦਾਨ ਕਰ ਦਿੰਦਾ ਹੈ। ਆਪਣਾ ਤਨ ਢੱਕਣ ਲਈ ਭੈਣ ਤੋਂ ਧੋਤੀ ਮੰਗਦਾ ਹੈ।
ਖੈਰ! ਉਪ ਚੋਣਾਂ ਵਿਚ ਨਵਾਂ ਰਾਜਨੀਤਕ ਗਠਜੋੜ ‘ਇੰਡੀਆ’, ਸੱਤਾਧਾਰੀ ਐਨਡੀਏ ਨੂੰ ਲਤਾੜਦਾ ਨਜ਼ਰ ਆਉਂਦਾ ਹੈ। 7 ਵਿਚੋਂ 4 ’ਤੇ ‘ਇੰਡੀਆ’ ਜਿੱਤ ਪ੍ਰਾਪਤ ਕਰਦਾ ਹੈ। ਐਨਡੀਏ ਨੂੰ ਤਿੰਨ ’ਤੇ ਸਬਰ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਕਰਾਰੀ ਸੱਟ ਭਾਜਪਾ ਅਤੇ ਐਨਡੀਏ ਨੂੰ ਉੱਤਰ ਪ੍ਰਦੇਸ਼ ਦੀ ਵੱਕਾਰੀ ਸੀਟ ਤੇ ਵੱਜਦੀ ਹੈ ਜਿੱਥੇ ਯੋਗੀ ਅਦਿਤਿਆ ਨਾਥ ਮੁੱਖ ਮੰਤਰੀ ਹਨ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੇ ਤ੍ਰਿਪੁਰਾ ਦੀਆਂ ਦੋ ਅਤੇ ਉੱਤਰਾਖੰਡ ਦੀ ਇੱਕ ਸੀਟ ’ਤੇ ਜਿੱਤ ਹਾਸਿਲ ਕੀਤੀ ਜਦਕਿ ਨਵੇਂ ਵਿਰੋਧੀ ਧਿਰਾਂ ਦੇ ਉਭਰ ਰਹੇ ਗਠਜੋੜ ‘ਇੰਡੀਆ’ ਨੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਅਤੇ ਕੇਰਲ ਅੰਦਰ 4 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ।
ਉੱਤਰ ਪ੍ਰਦੇਸ਼ ਅੰਦਰ ਘੋਸੀ ਵਿਧਾਨ ਸਭਾ ਹਲਕੇ ਵਿਚ ਕੁਰੂਕਸ਼ੇਤਰ ਵਰਗਾਂ ਚੋਣ ਘਮਾਸਾਨ ਦੇਖਣ ਨੂੰ ਮਿਲਿਆ। ਇਸ ਉਪ ਚੋਣ ਲਈ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਅਤੇ ਸੰਘ ਪਰਿਵਾਰ ਨੇ ਵਿਰੋਧੀ ਧਿਰਾਂ ਤੇ ਨਵ-ਗਠਤ ‘ਇੰਡੀਆ’ ਗਠਜੋੜ ਨੂੰ ਆਪਣੀ ਤਾਕਤ ਦਿਖਾਉਣ ਲਈ ਚੱਕਰਵਿਊ ਰਚਿਆ ਪਰ ਇਸ ਵਿਚ ਆਪ ਹੀ ਫਸ ਕੇ ਰਹਿ ਗਏ। ਭਾਜਪਾ ਦੇ ਦੋ ਦਰਜਨ ਮੰਤਰੀ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਅਗਵਾਈ ਵਿਚ 50 ਸਟਾਰ ਪ੍ਰਚਾਰਕਾਂ ਸਮੇਤ ਕਰੀਬ 20 ਦਿਨ ਚੋਣ ਘਮਾਸਾਨ ਵਿਚ ਡਟੇ ਰਹੇ। ਓਮ ਪ੍ਰਕਾਸ਼ ਰਾਜਭਾਰ ਜਿਸ ਨੇ ਦਲਬਦਲੂ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਸਮੇਤ ਇਸ ਚੋਣ ਵਿਚ ਜਿੱਤ ਤੋਂ ਬਾਅਦ ਯੋਗੀ ਕੈਬਨਿਟ ਵਿਚ ਸ਼ਮੂਲੀਅਤ ਦੇ ਸੰਕੇਤ ਦਿਤੇ ਸਨ। ਯੋਗੀ ਨੇ 2 ਸਤੰਬਰ ਨੂੰ ਵੱਡੀ ਰੈਲੀ ਕੀਤੀ। ਮੁਕਾਬਲਾ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਅਤੇ ਸਮਾਜਵਾਦੀ ਪਾਰਟੀ ਦੇ ਸੁਧਾਕਰ ਸਿੰਘ ਦਰਮਿਆਨ ਸਿੱਧਾ ਸੀ। ਕਾਂਗਰਸ ਅਤੇ ਬਸਪਾ ਨੇ ਉਮੀਦਵਾਰ ਨਹੀਂ ਸਨ ਉਤਾਰੇ। ਦਾਰਾ ਸਿੰਘ ਚੌਹਾਨ ਐਨਡੀਏ ਅਤੇ ਸੁਧਾਕਰ ਸਿੰਘ ‘ਇੰਡੀਆ’ ਗਠਜੋੜ ਦਾ ਉਮੀਦਵਾਰ ਸੀ।
ਇਸ ਘਮਾਸਾਨ ਵਿਚ ‘ਇੰਡੀਆ’ ਉਮੀਦਵਾਰ ਸੁਧਾਕਰ ਸਿੰਘ ਨੇ ਐਨਡੀਏ ਉਮੀਦਵਾਰ ਦਾਰਾ ਸਿੰਘ ਚੌਹਾਨ ਨੂੰ 42759 ਵੋਟਾਂ ਦੇ ਫਰਕ ਨਾਲ ਧੂੜ ਚਟਾਈ। ਸੁਧਾਕਰ ਸਿੰਘ ਨੂੰ 124427 ਭਾਵ 59.19 ਪ੍ਰਤੀਸ਼ਤ ਅਤੇ ਦਾਰਾ ਸਿੰਘ ਚੌਹਾਨ ਨੂੰ 81668 ਭਾਵ 37.54 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ। ਹੈਰਾਨੀ ਇਸ ਗੱਲ ਦੀ ਹੈ ਕਿ ਇਸੇ ਦਲਬਦਲੂ ਦਾਰਾ ਸਿੰਘ ਚੌਹਾਨ ਨੇ 2022 ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ 108430 ਵੋਟ ਲੈ ਕੇ ਭਾਜਪਾ ਦੇ ਵਿਜੈ ਕੁਮਾਰ ਰਾਜਭਰ ਨੂੰ 22216 ਵੋਟਾਂ ਨਾਲ ਹਰਾਇਆ ਸੀ ਜਿਸ ਨੇ 83214 ਵੋਟ ਹਾਸਿਲ ਕੀਤੇ ਸਨ। ਉਦੋਂ ਬਸਪਾ ਉਮੀਦਵਾਰ ਵਾਸਿਮ ਇਕਬਾਲ ਨੇ 53953 ਵੋਟ ਹਾਸਿਲ ਕੀਤੇ ਸਨ। ਇਉਂ ਭਾਜਪਾ ਦਾ ਮੋਦੀ-ਯੋਗੀ ਚਿਹਰਾ, ਗਰੀਬਾਂ ਦਲਿਤਾਂ ਲਈ ਕੀਤੇ ਕੰਮ, ਵਿਕਾਸ ਦਾ ਡਬਲ ਇੰਜਨ, ਬਲਡੋਜ਼ਰ ਬਾਹੂਬਲ ਆਦਿ ਸਭ ਬੁਰੀ ਤਰ੍ਹਾਂ ਚਿਤ ਹੋ ਗਏ। ਜਾਤੀਵਾਦੀ, ਫਿਰਕੂ ਡਰ-ਸਹਿਮ, ‘ਭਾਰਤ’ ਨਾਮਕਰਨ ਨੀਤੀਆਂ ਠੁੱਸ ਹੋ ਕੇ ਰਹਿ ਗਈਆਂ।
ਯਾਦ ਰਹੇ ਕਿ ਦਾਰਾ ਸਿੰਘ ਚੌਹਾਨ ਬਦਨਾਮ ਦਲਬਦਲੂ ਹੈ ਜਿਸ ਨੇ 30 ਸਾਲ ਵਿਚ 9 ਵਾਰ ਦਲ ਬਦਲੇ ਹਨ। ਭਾਜਪਾ ਵੱਲੋਂ ਉਸ ਨੂੰ ਗਲੇ ਲਗਾਉਣਾ ਰਾਜਨੀਤਕ ਨਾਸਮਝੀ ਸਾਬਤ ਹੋਈ ਹੈ। ਇਹ ਸ਼ਖ਼ਸ ਸਮਾਜਵਾਦੀ ਪਾਰਟੀ ਤੋਂ ਕਾਂਗਰਸ, ਕਾਂਗਰਸ ਤੋਂ ਬਸਪਾ, ਬਸਪਾ ਤੋਂ ਭਾਜਪਾ, ਭਾਜਪਾ ਤੋਂ ਸਮਾਜਵਾਦੀ ਪਾਰਟੀ, ਸਮਾਜਵਾਦੀ ਪਾਰਟੀ ਤੋਂ ਫਿਰ ਭਾਜਪਾ ਵਿਚ ਦਲ-ਬਦਲੀ ਦਾ ਰਿਕਾਰਡ ਰੱਖਦਾ ਹੈ। 1996 ਤੋਂ 2006 ਤੱਕ ਰਾਜ ਸਭਾ ਮੈਂਬਰ ਰਿਹਾ। ਪਹਿਲਾਂ ਬਸਪਾ ਅਤੇ ਫਿਰ ਸਮਾਜਵਾਦੀ ਪਾਰਟੀ ਵਲੋਂ ਰਾਜ ਸਭਾ ਵਿਚ ਭੇਜਿਆ ਗਿਆ। 2009 ਵਿਚ ਘੋਸੀ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਵਜੋਂ ਜਿੱਤਿਆ ਪਰ 2014 ਵਿਚ ਹਾਰ ਗਿਆ। ਲੋਕਾਂ ਨੇ ਇਸ ਦਲਬਦਲੂ ਨੂੰ ਸਬਕ ਸਿਖਾ ਦਿੱਤਾ ਹੈ। ਜੇ ਭਾਜਪਾ ਨੇ ਸਾਮ, ਦਾਮ, ਦੰਡ, ਭੇਦ ਦੀ ਰੱਜ ਕੇ ਵਰਤੋਂ ਨਾ ਕੀਤੀ ਹੁੰਦੀ ਤਾਂ ਲੋਕਾਂ ਜ਼ਮਾਨਤ ਜ਼ਬਤ ਕਰਾ ਦੇਣੀ ਸੀ। ਹਲਕੇ ਦੇ ਕੁੱਲ 4.5 ਲੱਖ ਵੋਟਰਾਂ ਵਿਚੋਂ 90000 ਦਲਿਤ ਐਤਕੀਂ ਭਾਜਪਾ ਖਿਲਾਫ ਵੱਡੀ ਗਿਣਤੀ ਵਿਚ ਭੁਗਤੇ। ਓਮ ਪ੍ਰਕਾਸ਼ ਰਾਜਭਰ ਨੂੰ ਵੀ ਲੋਕਾਂ ਨੇ ਸਬਕ ਸਿਖਾਇਆ।
ਝਾਰਖੰਡ ਅੰਦਰ ਡੁਮਰੀ ਵਿਧਾਨ ਸਭਾ ਹਲਕਾ ਝਾਰਖੰਡ ਮੁਕਤੀ ਮੋਰਚਾ ਦੇ ਸਾਬਕਾ ਸਿੱਖਿਆ ਮੰਤਰੀ ਜਗਰ ਨਾਥ ਮਹਤੋ ਦੀ ਮੌਤ ਕਾਰਨ ਖਾਲੀ ਹੋਇਆ ਸੀ। ਇਥੋਂ ਜੇਐਮਐਮ ਨੇ ਉਸ ਦੀ ਪਤਨੀ ਬੇਬੀ ਦੇਵੀ ਨੂੰ ਉਮੀਦਵਾਰ ਬਣਾਇਆ। ਐਨਡੀਏ ਤੇ ਭਾਜਪਾ ਦੇ ਸਮਰਥਨ ਨਾਲ ਏਜੇਐਸਯ. ਪਾਰਟੀ ਉਮੀਦਵਾਰ ਯਸ਼ੋਧਾ ਦੇਵੀ ਨੂੰ ਉਸ ਮੁਕਾਬਲੇ ਉਤਾਰਿਆ ਗਿਆ। ਬੇਬੀ ਦੇਵੀ ਨੂੰ 100317 ਅਤੇ ਯਸ਼ੋਧਾ ਦੇਵੀ ਨੂੰ 83164 ਵੋਟ ਪ੍ਰਾਪਤ ਹੋਏ। ਇਉਂ ਬੇਬੀ ਦੇਵੀ 17153 ਵੋਟਾਂ ਨਾਲ ਜਿੱਤੀ। ‘ਇੰਡੀਆ’ ਨੇ ਜੇਐਮਐਮ ਦੀ ਹਮਾਇਤ ਕੀਤੀ ਸੀ। ਇੰਡੀਆ ਗਠਜੋੜ ਦੀ ਜੇਐਮਐਮ ਨੂੰ 52 ਪ੍ਰਤੀਸ਼ਤ ਅਤੇ ਐਨਡੀਏ ਗਠਜੋੜ ਦੀ ਏਜੇਐਸਯੂ ਨੂੰ 43 ਪ੍ਰਤੀਸ਼ਤ ਵੋਟ ਮਿਲੇ।
ਉਤਰਖੰਡ ਵਿਚ ਭਾਜਪਾ ਦੀ ਉਮੀਦਵਾਰ ਪਾਰਵਤੀ ਦਾਸ ਜੇਤੂ ਰਹੀ। ਕਾਂਗਰਸ ਦਾ ਬਸੰਤ ਕੁਮਾਰ ਹਾਰ ਗਿਆ। ਇਥੇ ‘ਇੰਡੀਆ’ ਗਠਜੋੜ ਦੀ ਸਮਾਜਵਾਦੀ ਪਾਰਟੀ ਨੇ ਕਾਂਗਰਸ ਮੁਕਾਬਲੇ ਉਮੀਦਵਾਰ ਖੜ੍ਹਾ ਕਰ ਦਿਤਾ ਸੀ। ਉਸ ਨੂੰ ਇੱਕ ਪ੍ਰਤੀਸ਼ਤ ਹੀ ਵੋਟ ਪਏ। ਭਾਜਪਾ ਭਾਵ ਐਨਡੀਏ ਉਮੀਦਵਾਰ ਨੇ 50 ਅਤੇ ਕਾਂਗਰਸ ਨੇ 46 ਪ੍ਰਤੀਸ਼ਤ ਵੋਟ ਹਾਸਿਲ ਕੀਤੇ।
ਤ੍ਰਿਪੁਰਾ ਅੰਦਰ ਬਾਕਸਨਗਰ ਅਤੇ ਧਾਨਪੁਰ, ਦੋਵੇਂ ਉਪ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ। ‘ਇੰਡੀਆ’ ਗਠਜੋੜ ਵਲੋਂ ਸੀਪੀਐਮ ਨੇ ਉਮੀਦਵਾਰ ਖੜ੍ਹੇ ਕੀਤੇ ਸਨ। ਬਾਕਸਨਗਰ ਤੋਂ ਭਾਜਪਾ ਦੇ ਤਫਜ਼ਲ ਹੁਸੈਨ ਨੇ 88 ਪ੍ਰਤੀਸ਼ਤ ਵੋਟ ਹਾਸਿਲ ਕੀਤੇ। ਥਾਨਪੁਰ ਤੋਂ ਭਾਜਪਾ ਉਮੀਦਵਾਰ ਬਿੰਦੂ ਦੇਸ਼ ਨਾਥ ਨੇ 70 ਵੋਟ ਪ੍ਰਾਪਤ ਕੀਤੇ। ‘ਇੰਡੀਆ’ ਦੀ ਸੀਪੀਐਮ ਨੂੰ 18.47 ਪ੍ਰਤੀਸ਼ਤ ਨਾਲ ਸਬਰ ਕਰਨਾ ਪਿਆ। ਇਹ ਉਹ ਰਾਜ ਹੈ ਜਿਥੇ ਸੀਪੀਐਮ ਦੀ ਅਗਵਾਈ ਵਾਲੀ ਖੱਬੇ ਪੱਖੀ ਧਿਰ ਨੇ 1978-1988 ਅਤੇ 1993-2018 ਤੱਕ ਸ਼ਾਸਨ ਚਲਾਇਆ ਸੀ।
ਕੇਰਲ ਅੰਦਰ ‘ਇੰਡੀਆ’ ਗਠਜੋੜ ਦੀਆਂ ਦੋ ਪਾਰਟੀਆਂ- ਸੱਤਾਧਾਰੀ ਸੀਪੀਐਮ ਤੇ ਕਾਂਗਰਸ, ਆਹਮੋ-ਸਾਹਮਣੇ ਸਨ। ਹੈਰਾਨੀ ਇਹ ਵੀ ਹੈ ਕਿ ‘ਇੰਡੀਆ’ ਗਠਜੋੜ ਦੀ ਤੀਸਰੀ ਧਿਰ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਖੜ੍ਹਾ ਕੀਤਾ। ਪੁਥੂਪਲੀ ਵਿਧਾਨ ਸਭਾ ਕਾਂਗਰਸ ਦਾ ਗੜ੍ਹ ਹੈ ਜਿਥੋਂ ਮਰਹੂਮ ਊਮਨ ਚਾਂਡੀ ਜੋ ਮੁੱਖ ਮੰਤਰੀ ਵੀ ਰਹੇ, 53 ਸਾਲ ਲਗਾਤਾਰ ਵਿਧਾਇਕ ਰਹੇ। ਉਸ ਦੇ ਪੁੱਤਰ ਐਡਵੋਕੇਟ ਚਾਂਡੀ ਊਮਨ ਨੇ 8014 ਵੋਟਾਂ ਲੈ ਕੇ ਕੇਸੀਪੀਐਮ ਉਮੀਦਵਾਰ ਜੈਕ ਥਾਮਸ ਨੂੰ 37719 ਵੋਟਾਂ ਨਾਲ ਹਰਾਇਆ। ਥਾਮਸ ਨੇ 42425 ਵੋਟ ਹਾਸਿਲ ਕੀਤੇ। ਆਪ ਉਮੀਦਵਾਰ ਲਿਊਕ ਥਾਮਸ ਨੂੰ 835 ਵੋਟ ਮਿਲੇ। ਭਾਜਪਾ ਦੇ ਲਿਗਨ ਲਾਲ ਨੂੰ 6558 ਵੋਟ ਮਿਲੇ।
ਪੱਛਮੀ ਬੰਗਾਲ ਵਿਚ ਧੂਮਗੁੜੀ ਤੋਂ ਸੱਤਾਧਾਰੀ ਟੀਐਮਸੀ ਮੁਕਾਬਲਾ ‘ਇੰਡੀਆ’ ਗਠਜੋੜ ਦੀ ਸੀਪੀਐਮ ਅਤੇ ਐਨਡੀਏ ਗਠਜੋੜ ਦੀ ਭਾਜਪਾ ਦੇ ਉਮੀਦਵਾਰ ਖੜ੍ਹੇ ਸਨ। ਟੀਐਮਸੀ ਉਮੀਦਵਾਰ ਨਿਰਮਲ ਚੰਦਰ ਰਾਏ ਨੇ ਭਾਜਪਾ ਦੀ ਤਾਪਸੀ ਰਾਏ ਨੂੰ ਤਿੱਖੇ ਮੁਕਾਬਲੇ ਵਿਚ 4309 ਵੋਟਾਂ ਨਾਲ ਹਰਾਇਆ। ਪਹਿਲਾਂ ਇਹ ਸੀਟ ਭਾਜਪਾ ਕੋਲ ਸੀ। ਟੀਐਮਸੀ ਨੇ 46, ਭਾਜਪਾ ਨੇ 44 ਅਤੇ ਸੀਪੀਐਮ ਨੇ 7 ਪ੍ਰਤੀਸ਼ਤ ਵੋਟ ਲਏ।
ਇਨ੍ਹਾਂ ਚੋਣਾਂ ਵਿਚ ਇੰਡੀਆ ਗਠਜੋੜ ਨੂੰ 506053 ਵੋਟ ਭਾਵ 48.65 ਪ੍ਰਤੀਸ਼ਤ ਜਦਕਿ ਐਨਡੀਏ ਨੂੰ 362104 ਭਾਵ 46.46 ਪ੍ਰਤੀਸ਼ਤ ਵੋਟ ਹਾਸਿਲ ਹੋਏ। ਸਾਫ ਸੰਕੇਤ ਹਨ ਕਿ ਜੇ ‘ਇੰਡੀਆ’ ਇੱਕਜੁਟ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਦਾ ਹੈ ਤਾਂ ਐਨਡੀਏ ਨੂੰ ਹਰਾ ਸਕਦਾ ਹੈ। ਖੈਰ! ਭਾਜਪਾ ਦੇ ਤਰਕਸ਼ ਵਿਚ ਵਿਹੁ ਭਿੱਜੇ ਤੀਰ ਅਤੇ ਪ੍ਰਧਾਨ ਮੰਤਰੀ ਦੀ ਲਲਕਾਰ ਭਰੀ ਅਗਵਾਈ ਕਿਵੇਂ ਨਵ-ਗਠਤ ‘ਇੰਡੀਆ’ ਗਠਜੋੜ ਨੂੰ ਟਕਰਦੇ ਹਨ, ਮੁਕਾਬਲਾ ਦਿਲਚਸਪ ਹੋ ਸਕਦਾ। ਐਤਕੀਂ ਜਿੱਤ ਹਾਰ ਦਾ ਫੈਸਲਾ ਭਾਰਤੀ ਵੋਟਰਾਂ ਦੀ ਸੂਝ ਅਤੇ ਸੋਚ ਅੰਦਰ ਪੈਦਾ ਬਦਲਾਅ ਕਰੇਗਾ। ਜੋ ਕੱਲ੍ਹ ਇੰਡੀਆ ਨਾਲ ਪਿਆਰ ਕਰਦੇ ਸਨ, ਜੇ ਉਨ੍ਹਾਂ ਨੂੰ ਅੱਜ ਭਾਰਤ ਪਿਆਰਾ ਲਗਦਾ ਹੈ ਤਾਂ ਉਨ੍ਹਾਂ ਨੂੰ ਮੁਬਾਰਕ, ਇਹ ਸੋਚ ਲੋਕਾਂ ’ਤੇ ਨਹੀਂ ਠੋਸੀ ਜਾ ਸਕੇਗੀ।
ਸੰਪਰਕ: +1-289-829-2929

Advertisement

Advertisement
Advertisement
Author Image

joginder kumar

View all posts

Advertisement