ਰੂਸ ਨਾਲ ਭਾਰਤ ਦੇ ਰਿਸ਼ਤੇ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਹਾਲੀਆ ਜਰਮਨੀ ਦੌਰੇ ਮੌਕੇ ਰੂਸ ਨਾਲ ਭਾਰਤ ਦੇ ਕਰੀਬੀ ਰਿਸ਼ਤਿਆਂ ਨੂੰ ਇਕ ਵਾਰ ਫਿਰ ਮੁਨਾਸਬ ਠਹਿਰਾਇਆ ਹੈ। ਇਸ ਨੂੰ ਲੈ ਕੇ ਪੱਛਮੀ ਦੇਸ਼ਾਂ ਅੰਦਰ ਲਗਾਤਾਰ ਪ੍ਰਤੀਕਿਰਿਆ ਹੁੰਦੀ ਰਹੀ ਹੈ ਅਤੇ ਇਸ ਦੇ ਨਾਲ ਹੀ ਉੱਚ ਪੱਧਰੀ ਵਫ਼ਦ ਦਿੱਲੀ ਪਹੁੰਚਦੇ ਰਹੇ ਹਨ ਪਰ ਭਾਰਤ ਨੇ ਰੂਸ ਨਾਲ ਆਪਣੇ ਸਬੰਧ ਘਟਾਉਣ ਤੋਂ ਮਨ੍ਹਾ ਕਰ ਦਿੱਤਾ। ਜਿਵੇਂ ਐੱਸ ਜੈਸ਼ੰਕਰ ਨੇ ਇਸ ਦਾ ਖੁਲਾਸਾ ਕੀਤਾ ਹੈ, ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਵਿਚ ਕਦੇ ਵੀ ਰੂਸ ਨੇ ਉਸ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਸਾਰੀਆਂ ਸ਼ਕਤੀਆਂ ਦੇ ਸਬੰਧਾਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ ਪਰ ਰੂਸ ਨਾਲ ਭਾਰਤ ਦੇ ਰਿਸ਼ਤੇ ਸਥਿਰ ਅਤੇ ਦੋਸਤਾਨਾ ਬਣੇ ਰਹੇ ਹਨ।
ਯੂਕਰੇਨ ਦੇ ਸਵਾਲ ’ਤੇ ਜਿਵੇਂ ਭਾਰਤ ਨੇ ਰੂਸ ਦੀ ਦੱਬਵੀਂ ਸੁਰ ਵਿਚ ਆਲੋਚਨਾ ਕੀਤੀ ਹੈ, ਉਸ ਦਾ ਖੁਲਾਸਾ ਕਰਨ ਲਈ ਦੋ ਮੁੱਖ ਕਾਰਕ ਗਿਣਾਏ ਜਾਂਦੇ ਹਨ ਜਿਨ੍ਹਾਂ ਵਿਚ ਫ਼ੌਜੀ ਸਾਜ਼ੋ-ਸਾਮਾਨ ਅਤੇ ਤੇਲ ਦੀ ਸਪਲਾਈ ਸ਼ਾਮਲ ਹਨ। ਇਨ੍ਹਾਂ ਦੀ ਨਿਸ਼ਚਤਤਾ ਦਾ ਦੇਸ਼ ਦੇ ਰਾਸ਼ਟਰੀ ਹਿੱਤਾਂ ਉਪਰ ਗਹਿਰਾ ਪ੍ਰਭਾਵ ਪੈਂਦਾ ਹੈ। ਉਂਝ, ਨਿੱਘੇ ਸਬੰਧਾਂ ਦੇ ਕਿਤੇ ਲੰਮੇਰੇ ਅਤੀਤ ਨੂੰ ਅਕਸਰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਪਿਛਲੇ 67 ਸਾਲਾਂ ਤੋਂ ਰੂਸ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਆਪਣੀ ਵੀਟੋ ਸ਼ਕਤੀ ਦੇ ਸਹਾਰੇ ਭਾਰਤ ਲਈ ਕੂਟਨੀਤਕ ਢਾਲ ਬਣਿਆ ਰਿਹਾ ਹੈ ਅਤੇ ‘ਭਾਰਤ ਅਤੇ ਪਾਕਿਸਤਾਨ ਦੇ ਸਵਾਲ’ ਉਪਰ ਚਰਚਾ ਹੋਣ ਤੋਂ ਰੋਕਦਾ ਆ ਰਿਹਾ ਹੈ। 1971 ਵਿਚ ਜੇ ਪਾਕਿਸਤਾਨ ਦੋ ਟੁਕਡਿ਼ਆਂ ਵਿਚ ਵੰਡਿਆ ਗਿਆ ਸੀ ਤਾਂ ਇਹ ਵੀ ਸੋਵੀਅਤ ਸੰਘ ਨਾਲ ਸ਼ਾਂਤੀ, ਦੋਸਤੀ ਅਤੇ ਸਹਿਯੋਗ ਦੀ ਸੰਧੀ ਕਰ ਕੇ ਹੀ ਸੰਭਵ ਹੋ ਸਕਿਆ ਸੀ ਅਤੇ ਨਾਲ ਹੀ ਮਾਸਕੋ ਨੇ ਚੀਨ ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਦਖ਼ਲ ਦਿੱਤਾ ਤਾਂ ਉਹ ਹਮਲਾ ਕਰ ਦੇਵੇਗਾ।
ਯੂਕਰੇਨ ਟਕਰਾਅ ਦੇ ਪਿਛਲੇ ਦੋ ਸਾਲਾਂ ਦੌਰਾਨ ਭਾਰਤ ਵਲੋਂ ਮੋੜਵੇਂ ਰੂਪ ਵਿਚ ਰੂਸ ਦੀ ਕੂਟਨੀਤਕ ਮਦਦ ਕੀਤੀ ਜਾ ਰਹੀ ਹੈ। ਜੀ20 ਨਵੀਂ ਦਿੱਲੀ ਸਿਖਰ ਸੰਮੇਲਨ ਐਲਾਨਨਾਮੇ ਦੀ ਇਬਾਰਤ ਪਾਸ ਕਰਾਉਣ ਵਿਚ ਭਾਰਤ ਦੇ ਯਤਨ ਇਸ ਦੀ ਉਦਾਹਰਨ ਹਨ। ਪੱਛਮੀ ਦੇਸ਼ਾਂ ਨੂੰ ਇਹ ਤਸੱਲੀ ਸੀ ਕਿ ਉਨ੍ਹਾਂ ਦੇ ਪੱਖ ਨੂੰ ਜਗ੍ਹਾ ਮਿਲ ਗਈ; ਰੂਸ ਇਸ ਗੱਲੋਂ ਖੁਸ਼ ਸੀ ਕਿ ਖਰੜੇ ਵਿਚ ਉਸ ਦਾ ਨਾਂ ਨਹੀਂ ਲਿਆ ਗਿਆ। ਦੋਵੇਂ ਧਿਰਾਂ ਦੀਆਂ ਖਾਹਿਸ਼ਾਂ ਨੂੰ ਸਮੋਣ ਦੀ ਇਸ ਕਾਬਲੀਅਤ ਸਦਕਾ ਭਾਰਤ ਯੂਕਰੇਨ ਟਕਰਾਅ ਵਿਚ ਸਾਲਸੀ ਦਾ ਯੋਗ ਉਮੀਦਵਾਰ ਬਣਦਾ ਹੈ। ਉਂਝ, ਜਿਵੇਂ ਜੈਸ਼ੰਕਰ ਨੇ ਆਖਿਆ, ਭਾਰਤ ਇਸ ਮਾਮਲੇ ਵਿਚ ਕੋਈ ਪਹਿਲ ਨਹੀਂ ਕਰੇਗਾ। ਫਿਲਹਾਲ, ਭਾਰਤ ਨੂੰ ਇਸੇ ਗੱਲ ਦੀ ਤਸੱਲੀ ਹੈ ਕਿ ਰੂਸ ਨਾਲ ਇਸ ਦੀ ਵਿਲੱਖਣ ਸਾਂਝੇਦਾਰੀ ਦਾ ਨਵੇਂ ਖੇਤਰਾਂ ਵਿਚ ਪਸਾਰ ਹੋ ਰਿਹਾ ਹੈ; ਉਹ ਇਸ ਗੱਲੋਂ ਵੀ ਸਚੇਤ ਹੈ ਕਿ ਇਸ ਨੂੰ ਲੈ ਕੇ ਕਿਸੇ ਦੇ ਮਨ ਵਿਚ ਤਲਖ਼ੀ ਨਾ ਪੈਦਾ ਹੋਵੇ। ਇਸ ਮਸਲੇ ਨੂੰ ਬੜੇ ਸੰਜਮ ਤੇ ਜ਼ਬਤ ਨਾਲ ਨਜਿੱਠਿਆ ਗਿਆ ਹੈ, ਸਿੱਟੇ ਵਜੋਂ ਭਾਰਤ ਲਈ ਹਰ ਖਿੜਕੀ ਖੁੱਲ੍ਹੀ ਹੋਈ ਹੈ।