ਭਾਰਤ ਦਾ ਦਰਵੇਸ਼ ਸਿਆਸਤਦਾਨ ਬੁੱਧਦੇਬ ਭੱਟਾਚਾਰਜੀ
ਡਾ. ਕ੍ਰਿਸ਼ਨ ਕੁਮਾਰ ਰੱਤੂ
“ਰਾਜਨੀਤੀ ਵਿੱਚ ਆਮ ਆਦਮੀ ਦਿਖਾਈ ਦੇਣਾ ਚਾਹੀਦਾ ਹੈ।”
-ਬੁੱਧਦੇਬ ਭੱਟਾਚਾਰਜੀ
ਭਾਰਤੀ ਰਾਜਨੀਤੀ ਦੇ ਦਰਵੇਸ਼ ਸਿਆਸਤਦਾਨ ਅਤੇ ਬੰਗਾਲੀ ਭੱਦਰ ਲੋਕ ਦੇ ਆਮ ਆਦਮੀ ਬੁੱਧਦੇਬ ਭੱਟਾਚਾਰਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਖੱਬੇ ਪੱਖੀ ਰਾਜਨੀਤੀ ਦਾ ਐਸਾ ਚਿਹਰਾ ਸੀ ਜਿਸ ’ਤੇ ਲੋਕਾਂ ਨੂੰ ਫ਼ਖ਼ਰ ਹੋਣਾ ਚਾਹੀਦਾ ਹੈ। ਉਹ ਅਜਿਹੇ ਕੱਦਾਵਰ ਸਿਆਸਤਦਾਨ ਸਨ ਜੋ ਪੰਜ ਦਹਾਕੇ ਸਰਗਰਮ ਰਾਜਨੀਤੀ ਵਿੱਚ ਰਹਿਣ ਦੇ ਬਾਵਜੂਦ ਆਪਣੇ ਦੋ ਕਮਰਿਆਂ ਦੇ ਫਲੈਟ ਵਿੱਚ ਬਿਨਾਂ ਕਿਸੇ ਦਿਖਾਵੇ ਦੇ ਰਹਿੰਦੇ ਰਹੇ, ਮੁੱਖ ਮੰਤਰੀ ਹੋਣ ਦੇ ਬਾਵਜੂਦ।
80 ਵਰ੍ਹਿਆਂ ਦੇ ਬੁੱਧਦੇਬ ਭੱਟਾਚਾਰਜੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਬੰਗਾਲ ਦੇ ਮੁੱਖ ਮੰਤਰੀ ਦੀ ਕੁਰਸੀ ਉਨ੍ਹਾਂ ਨੂੰ ਵਿਰਾਸਤ ਵਿੱਚ ਕਾਮਰੇਡ ਜਯੋਤੀ ਬਾਸੂ ਤੋਂ ਬਾਅਦ ਮਿਲੀ ਸੀ। ਉਨ੍ਹਾਂ ਦਾ ਸਬੰਧ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਨਾਲ ਸੀ ਜਿਸ ਨੇ ਬੰਗਾਲ ਦੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਕਹਾਣੀ ਬੇਹੱਦ ਦਿਲਚਸਪ ਹੈ। ਬੰਗਾਲੀ ਜਨ ਮਾਨਸ ਵਿੱਚ ਭੱਦਰ ਪੁਰਸ਼ ਵਜੋਂ ਜਾਣੇ ਜਾਂਦੇ ਬੁੱਧਦੇਬ ਭੱਟਾਚਾਰਜੀ ਨੇ ਕਲਕੱਤਾ ਵਿੱਚ ਪੜ੍ਹਾਈ ਕੀਤੀ। ਸ਼ੁਰੂ ਵਿੱਚ ਉਹ ਸਰਕਾਰੀ ਅਧਿਆਪਕ ਵੀ ਬਣੇ।
ਉਹ ਪਹਿਲੀ ਮਾਰਚ 1944 ਨੂੰ ਕਲਕੱਤਾ ਵਿੱਚ ਪੈਦਾ ਹੋਏ। ਪ੍ਰੈਜੀਡੈਂਸੀ ਕਾਲਜ ਤੋਂ ਉਨ੍ਹਾਂ ਬੰਗਾਲੀ ਸਾਹਿਤ ਵਿੱਚ ਗ੍ਰੈਜੂਏਸ਼ਨ ਕੀਤੀ। ਪਰਿਵਾਰ ਦੇ ਸਾਹਿਤਕ ਪਿਛੋਕੜ ਕਾਰਨ ਉਹ ਸਿਆਸਤ ਦੇ ਨਾਲ-ਨਾਲ ਸਾਹਿਤ, ਫਿਲਮਾਂ, ਨਾਟਕ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਸਰਗਰਮ ਰਹੇ। ਉਹ ਕਲਕੱਤੇ ਤੋਂ ‘ਪੁਜਾਰੀ ਦਰਪਣ’ ਨਾਮਕ ਪਰਚਾ ਕੱਢਦੇ ਰਹੇ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ। 1968 ਵਿੱਚ ਉਹ ਸੀਪੀਆਈ-ਐੱਮ ਦੇ ਵਿਦਿਆਰਥੀ ਸੰਗਠਨ ਡੈਮੋਕਰੇਟਿਕ ਯੂਥ ਫੈਡਰੇਸ਼ਨ ਦੇ ਸੈਕਟਰੀ ਬਣ ਗਏ। 1977 ਵਿੱਚ ਉਨ੍ਹਾਂ ਨੇ ਕਲਕੱਤਾ ਦੀ ਕਾਸ਼ੀਪੁਰ ਬੇਲਛੀਆ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਜਿੱਤ ਹਾਸਿਲ ਕੀਤੀ, ਫਿਰ 1987 ਵਿੱਚ ਯਾਦਵਪੁਰ ਤੋਂ ਐੱਮਐੱਲਏ ਅਤੇ 2011 ਤੱਕ ਰਹੇ। ਕਾਮਰੇਡ ਜੋਤੀ ਬਾਸੂ ਦੀ ਸਰਕਾਰ ਵੇਲੇ 1987 ਵਿੱਚ ਉਨ੍ਹਾਂ ਨੂੰ ਸੂਚਨਾ ਤੇ ਸੱਭਿਆਚਾਰ ਮਹਿਕਮੇ ਦੇ ਮੰਤਰੀ ਦਾ ਜਿ਼ੰਮਾ ਮਿਲਿਆ। ਕਾਮਰੇਡ ਜਯੋਤੀ ਬਾਸੂ ਤੋਂ ਬਾਅਦ ਉਹ 6 ਨਵੰਬਰ 2000 ਤੋਂ 13 ਮਈ 2011 ਤੱਕ ਮੁੱਖ ਮੰਤਰੀ ਰਹੇ। 2015 ਵਿੱਚ ਉਨ੍ਹਾਂ ਰਾਜਨੀਤੀ ਛੱਡ ਦਿੱਤੀ ਸੀ ਪਰ ਉਹ ਹਮੇਸ਼ਾ ਚਰਚਾ ਵਿੱਚ ਰਹੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਕਿਹਾ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਇਸ ਦੁਨੀਆ ਨੂੰ ਅਲਵਿਦਾ ਆਖੀ ਤਾਂ ਉਹ ਆਪਣੇ ਪਾਮ ਐਵਨਿਊ ਵਾਲੇ ਦੋ ਕਮਰਿਆਂ ਵਾਲੇ ਫਲੈਟ ਵਿੱਚ ਸਨ।
ਮੈਨੂੰ ਉਨ੍ਹਾਂ ਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਜਦੋਂ ਉਹ ਮੁੱਖ ਮੰਤਰੀ ਸਨ। ਮੇਰੇ ਮਨ ਵਿੱਚ ਉਨ੍ਹਾਂ ਦੀ ਬਤੌਰ ਲੇਖਕ ਅਤੇ ਫਿਲਮ ਸਮੀਖਿਅਕ ਦੇ ਨਾਲ-ਨਾਲ ਅਨੁਵਾਦਕ ਦਾ ਅਕਸ ਬਣਿਆ ਹੋਇਆ ਸੀ। ਉਹ ਅਸਲ ਵਿੱਚ ਦਿਖਾਵੇ ਤੋਂ ਦੂਰ ਸਾਧਾਰਨ ਮਨੁੱਖ ਸਨ ਜਿਨ੍ਹਾਂ ਨੇ ਰਾਜਨੀਤੀ ਵਿੱਚ ਹੁੰਦਿਆਂ ਵੀ ਸਾਹਿਤ, ਕਲਾ, ਸੱਭਿਆਚਾਰ ਅਤੇ ਫਿਲਮਾਂ ਲਈ ਆਪਣਾ ਜਨੂਨ ਜਿੰਦਾ ਰੱਖਿਆ। ਉਨ੍ਹਾਂ ਦੇ ਲਿਬਾਸ ਕਾਰਨ ਉਨ੍ਹਾਂ ਨੂੰ ਸਤਿਕਾਰ ਨਾਲ ਦੇਖਿਆ ਜਾਂਦਾ ਸੀ। ਆਪਣੇ ਅੰਤਾਂ ਦੇ ਰੁਝੇਵਿਆਂ ਵਾਲੇ ਸਮੇਂ ਵਿੱਚੋਂ ਸਮਾਂ ਕੱਢ ਕੇ ਉਹ ਬੰਗਾਲੀ ਫਿਲਮਾਂ ਦੇ ਨਾਲ-ਨਾਲ ਵਿਦੇਸ਼ੀ ਫਿਲਮਾਂ ਦੇ ਸਮੀਖਿਆਕਾਰ ਦੇ ਤੌਰ ’ਤੇ ਖ਼ੁਦ ਨੂੰ ਅਪਡੇਟ ਰੱਖਦੇ ਸਨ। ਬੰਗਾਲੀ ਸਾਹਿਤ, ਥੀਏਟਰ, ਸਿਨੇਮਾ ਤੇ ਸੰਗੀਤ ਬਾਰੇ ਉਨ੍ਹਾਂ ਦੀ ਗਹਿਰੀ ਸਮਝ ਸੀ। ਉਹ ਤੁਹਾਨੂੰ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਰਬਿੰਦਰ ਨਾਥ ਟੈਗੋਰ ਦੀਆਂ ਕਈ ਕਵਿਤਾਵਾਂ ਜ਼ਬਾਨੀ ਸੁਣਾ ਸਕਦੇ ਸਨ। ਉਹ ਆਪਣੀਆਂ ਮੁਲਾਕਾਤਾਂ ਵਿੱਚ ਸਦਾ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਜਿ਼ਕਰ ਕਰਦੇ ਸਨ। ਉਹ ਘੰਟਿਆਂ ਬੱਧੀ ਸਤਿਆਜੀਤ ਰੇਅ, ਰਿਤਵਿਕ ਘਟਕ, ਬੁੱਧਦੇਬ ਦਾਸਗੁਪਤਾ, ਗੌਤਮ ਘੋਸ਼ ਵਰਗੇ ਫਿਲਮਸਾਜ਼ਾਂ ਤੇ ਨਾਟਕਕਾਰਾਂ ਦੀਆਂ ਰਚਨਾਵਾਂ ਬਾਰੇ ਗੱਲ ਕਰ ਸਕਦੇ ਸਨ। ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਕੋਲੰਬੀਆ ਦੇ ਮਸ਼ਹੂਰ ਲੇਖਕ ਗੈਬਰੀਅਲ ਗਾਰਸ਼ੀਆ ਮਾਰਖੇਜ਼ ਦੀ ਰਚਨਾ ‘ਕਲਾਟਿਸ’ ਦਾ ਅਨੁਵਾਦ 1953 ਵਿੱਚ ਕੀਤਾ ਸੀ। ਉਨ੍ਹਾਂ 1993 ਵਿੱਚ ਉਨ੍ਹਾਂ ‘ਦਿ ਬੈਡ ਟਾਈਮਜ਼’ ਨਾਟਕ ਲਿਖਿਆ। ਉਨ੍ਹਾਂ ਰੂਸੀ ਕਵੀ ਮਾਇਕੋਵਸਕੀ ਦੀਆਂ ਕਵਿਤਾਵਾਂ ਵੀ ਅਨੁਵਾਦ ਕੀਤੀਆਂ। ਬਾਅਦ ਵਿੱਚ ਇਨ੍ਹਾਂ ਕਵਿਤਾਵਾਂ ਦਾ ਮੰਚਨ ਵੀ ਹੋਇਆ। ਉਨ੍ਹਾਂ ‘ਦਿ ਰਾਈਜ਼ ਐਂਡ ਫਾਲ ਆਫ ਨਾਜ਼ੀ ਜਰਮਨੀ’ ਕਿਤਾਬ ਲਿਖੀ।
ਖੱਬੇ ਪੱਖੀ ਅਤੇ ਬੰਗਾਲ ਦੇ ਉੱਘੇ ਕਵੀ ਸੁਕਾਂਤਤੋਂ ਭੱਟਾਚਾਰੀਆ ਦੇ ਉਹ ਭਤੀਜੇ ਸਨ। ਉਨ੍ਹਾਂ ਮੰਤਰੀ ਹੁੰਦਿਆਂ ਵੀ ਕੁਝ ਨਾਟਕ ਲਿਖੇ ਜਿਨ੍ਹਾਂ ਦਾ ਕਲਕੱਤਾ ਦੇ ਬੰਗ ਭਵਨ ਅਤੇ ਨੰਦਨ ਵਿੱਚ ਮੰਚਨ ਵੀ ਹੋਇਆ। ‘ਖਰਾਬ ਸਮਯ’ ਨਾਮ ਦਾ ਨਾਟਕ ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦਾ ਸੀ। ਫਿਰ ਇੱਕ ਮੌਕਾ ਅਜਿਹਾ ਆਇਆ ਜਦੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਪਰ ਉਨ੍ਹਾਂ ਪਾਰਟੀ ਲਾਈਨ ’ਤੇ ਚਲਦੇ ਹੋਏ ਇਨਕਾਰ ਕਰ ਦਿੱਤਾ।
ਬੰਗਾਲ ਦੇ ਬੌਧਿਕ ਜਗਤ ਵਿੱਚ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆਂ ਜਾਵੇਗਾ ਕਿਉਂਕਿ ਉਨ੍ਹਾਂ ਰਾਜਨੀਤੀ ਦੇ ਨਾਲ-ਨਾਲ ਚਿੰਤਕ ਵਾਲਾ ਰੋਲ ਵੀ ਨਿਭਾਇਆ। ਉਨ੍ਹਾਂ ਦੀ ਮੌਤ ਨਾਲ ਇਹ ਸਭ ਕੁਝ ਅਚਾਨਕ ਰੁਕ ਗਿਆ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਬਿਨਾਂ ਸਰਮਾਏ ਦੇ ਕੁਝ ਨਹੀਂ ਹੋ ਸਕਦਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਅਪਣਾਉਣਾ ਹੀ ਪਏਗਾ। ਇਸ ਲਈ ਉਨ੍ਹਾਂ ਨੇ ਨੰਦੀਗ੍ਰਾਮ ਅਤੇ ਸਿੰਗੂਰ ਦੀ ਜ਼ਮੀਨ ’ਤੇ ਸਨਅਤ ਵਾਸਤੇ ਆਗਿਆ ਦਿੱਤੀ ਸੀ। ਇਹ ਵੀ ਸੰਯੋਗ ਹੀ ਹੈ ਕਿ ਨਿਰਮਾਤਾ ਨਿਰਦੇਸ਼ਕ ਅਰਪਨਾ ਸੇਨ ਨੇ ਇਨ੍ਹੀਂ ਥਾਈਂ ਹੋਈ ਕਾਰਵਾਈ ਬਾਰੇ ਕਿਹਾ ਸੀ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਪੁਲੀਸ ਗਰੀਬ ਖੇਤ ਮਜ਼ਦੂਰਾਂ ’ਤੇ ਗੋਲੀਆਂ ਚਲਾ ਸਕਦੀ ਹੈ!
ਬੁੱਧਦੇਬ ਭੱਟਾਚਾਰਜੀ ਸਰਕਾਰੀ ਖਰਚੇ ਤੋਂ ਹਮੇਸ਼ਾ ਕਤਰਾਉਂਦੇ ਰਹੇ। ਇਹ ਵੀ ਦਿਲਚਸਪ ਹੈ ਕਿ ਉਹ ਆਪਣੀ ਤਨਖਾਹ ਦਾ ਵੱਡਾ ਹਿੱਸਾ ਪਾਰਟੀ ਫੰਡ ਵਿੱਚ ਜਮ੍ਹਾਂ ਕਰਵਾ ਦਿੰਦੇ ਸਨ। ਉਂਝ, ਉਹ ਬੜੀ ਲੰਮੀ ਫਿਲਟਰ ਵਾਲੀ ਮਹਿੰਗੀ ਸਿਗਰਟ ਪੀਂਦੇ ਸਨ; ਬਾਅਦ ਵਿੱਚ ਉਨ੍ਹਾਂ ਦੀ ਇਸ ਆਦਤ ਕਾਰਨ ਕਈ ਬਿਮਾਰੀਆਂ ਨੇ ਉਨ੍ਹਾਂ ਨੂੰ ਜਕੜ ਲਿਆ।
ਉਹ ਚੀਨੀ ਸਮਾਜ ਦੇ ਨਾਲ-ਨਾਲ ਚੀਨ ਦੇ ਰਾਜਨੀਤੀਵਾਨਾਂ ਤੋਂ ਪ੍ਰਭਾਵਿਤ ਰਹੇ। ਉਹ ਚੀਨ ਦੇ ਕਈ ਰਾਜਨੀਤਕ ਪੈਂਤੜਿਆਂ ਦੇ ਆਲੋਚਕ ਵੀ ਰਹ। ਆਪਣੀ ਮਾਰਕਸਵਾਦੀ ਪਾਰਟੀ ਅਤੇ ਕਮਿਊਨਿਜ਼ਮ ਬਾਰੇ ਉਨ੍ਹਾਂ ਦਾ ਮਹੱਤਵਪੂਰਨ ਕਥਨ ਇਹ ਸੀ ਕਿ ਮਾਰਕਸਵਾਦ ਵਿਚਾਰਾਂ ਦੀ ਸੰਰਚਨਾ ਹੈ ਜਿਸ ਦਾ ਰਚਨਾਤਮਕ ਇਸਤੇਮਾਲ ਕਿਸੇ ਨੂੰ ਵੀ ਆਪਣੇ ਹਾਲਾਤ ਮੁਤਾਬਕ ਕਰਨਾ ਚਾਹੀਦਾ ਹੈ।
ਬੁੱਧਦੇਬ ਭੱਟਾਚਾਰਜੀ ਨੇ ਮੀਰਾ ਭੱਟਾਚਾਰਜੀ ਨਾਲ ਸ਼ਾਦੀ ਕੀਤੀ। ਸੰਚੇਤਨ ਭੱਟਾਚਾਰੀਆ ਉਨ੍ਹਾਂ ਦੀ ਔਲਾਦ ਹੈ। ਬੁੱਧਦੇਬ ਭੱਟਾਚਾਰਜੀ ਦੇ ਜਾਣ ਨਾਲ ਭਾਰਤੀ ਰਾਜਨੀਤੀ ਦਰਵੇਸ਼ ਸਿਆਸਤਦਾਨ ਤੋਂ ਵਾਂਝੀ ਹੋ ਗਈ ਹੈ। ਉਹ ਸਹੀ ਮਾਇਨਿਆਂ ਵਿੱਚ ਸਟੇਟਸਮੈਨ ਸਨ। ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਸਨ ਅਤੇ ਆਮ ਲੋਕਾਂ ਨਾਲ ਲਗਾਤਾਰ ਸੰਵਾਦ ਰੱਖਦੇ ਸਨ। ਉਹ ਖੱਬੇ ਪੱਖੀ ਸਿਆਸਤ ਦਾ ਅਜਿਹਾ ਸਿਤਾਰਾ ਸਨ ਜਿਨ੍ਹਾਂ ਨੂੰ ਯਾਦ ਰੱਖਿਆ ਜਾਏਗਾ। ਇਸ ਦਰਵੇਸ਼ ਸਿਆਸਤਦਾਨ ਨੂੰ ਲਾਲ ਸਲਾਮ!
*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਂ ਨਿਰਦੇਸ਼ਕ ਹਨ।
ਸੰਪਰਕ: 94878-30156