ਭਾਰਤੀ ਰਿਕਰਵ ਤੀਰਅੰਦਾਜ਼ ਪੂਜਾ ਕੁਆਰਟਰਜ਼ ’ਚ ਹਾਰੀ
ਪੈਰਿਸ, 3 ਸਤੰਬਰ
ਭਾਰਤੀ ਤੀਰਅੰਦਾਜ਼ ਪੂਜਾ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਮਹਿਲਾ ਰਿਕਰਵ ਓਪਨ ਕੁਆਰਟਰ ਫਾਈਨਲ ਵਿੱਚ ਚੀਨ ਦੀ ਵੂ ਚੁਨਯਾਨ ਤੋਂ 4-6 ਨਾਲ ਹਾਰ ਗਈ। ਇਸ ਤੋਂ ਪਹਿਲਾਂ ਵਿਸ਼ਵ ਪੈਰਾ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪੂਜਾ ਨੇ ਤੁਰਕੀ ਦੀ ਯਾਗਮੁਰ ਸੇਂਗੁਲ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। 27 ਸਾਲਾ ਪੂਜਾ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਬਾਈ ਮਿਲਿਆ ਸੀ। ਉਸ ਨੇ 6-0 ਨਾਲ ਜਿੱਤ ਦਰਜ ਕੀਤੀ। ਪੂਜਾ ਨੇ ਲਗਾਤਾਰ ਤਿੰਨ ਨੌਂ ਅੰਕ ਲੈ ਕੇ ਪਹਿਲਾ ਸੈੱਟ ਜਿੱਤਿਆ ਅਤੇ ਦੂਜਾ ਸੈੱਟ 26-22 ਨਾਲ ਆਪਣੇ ਨਾਮ ਕੀਤਾ। ਤੀਜੇ ਸੈੱਟ ਵਿੱਚ ਸੇਂਗੁਲ ਨੇ ਦੋ ਨੌਂ ਅਤੇ ਇੱਕ ਅੱਠ ਅੰਕਾਂ ਦਾ ਨਿਸ਼ਾਨਾ ਲਾਇਆ ਪਰ ਪੂਜਾ ਇੱਕ ਅੰਕ ਨਾਲ ਜਿੱਤ ਗਈ। 1997 ਵਿੱਚ ਤੇਜ਼ ਬੁਖਾਰ ਅਤੇ ਗਲਤ ਟੀਕੇ ਕਾਰਨ ਪੂਜਾ ਦੀ ਖੱਬੀ ਲੱਤ ਵਿੱਚ ਪੋਲੀਓ ਹੋ ਗਿਆ ਸੀ। ਉਸ ਵੇਲੇ ਉਹ ਦੋ ਸਾਲ ਦੀ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਚਪਨ ਤੋਂ ਹੀ ਤੀਰਅੰਦਾਜ਼ੀ ਕਰ ਰਹੀ ਹੈ। ਉਸ ਨੇ ਏਸ਼ਿਆਈ ਪੈਰਾ ਚੈਂਪੀਅਨਸ਼ਿਪ 2023 ’ਚ ਮਹਿਲਾ ਟੀਮ ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। -ਪੀਟੀਆਈ