ਪਿਰਾਮਿਡਾਂ ਤੋਂ ਪੈਗੋਡਿਆਂ ਤੱਕ ਫੈਲੀ ਭਾਰਤੀ ਵਿਰਾਸਤ
ਸੁਰਿੰਦਰ ਸਿੰਘ ਤੇਜ
ਪੰਜ ਹਜ਼ਾਰ ਸਾਲ ਪਹਿਲਾਂ ਵਜੂਦ ਵਿੱਚ ਆਉਣੇ ਸ਼ੁਰੂ ਹੋਏ ਸਨ ਮਿਸਰ ਦੇ ਪਿਰਾਮਿਡ। ਰਾਜਿਆਂ-ਰਾਣਿਆਂ, ਉਨ੍ਹਾਂ ਦੀਆਂ ਪਟਰਾਣੀਆਂ ਤੇ ਮਹਿਬੂਬਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੇ ਮਕਬਰਿਆਂ ਦੇ ਰੂਪ ਵਿੱਚ। ਗੀਜ਼ਾ ਦੇ ਮਹਾਂ-ਪਿਰਾਮਿਡ ਸਮੇਤ 118 ਪਿਰਾਮਿਡ ਹਨ ਮਿਸਰ ਵਿੱਚ। 80-84 ਦੇ ਕਰੀਬ ਸੂਡਾਨ ਵਿੱਚ ਵੀ ਹਨ ਅਤੇ 18 ਦੇ ਕਰੀਬ ਇੱਕ ਹੋਰ ਅਫਰੀਕੀ ਮੁਲਕ ਨਾਈਜਰ ਵਿੱਚ। ਇਨ੍ਹਾਂ ਪਿਰਾਮਿਡਾਂ ਵਿੱਚੋਂ ਕੁਝ ਵਿੱਚ ਮਾਨਵੀ ਦੇਹਾਂ ਅਜੇ ਵੀ ‘ਮੰਮੀਆਂ’ ਦੇ ਰੂਪ ਵਿੱਚ ਮੌਜੂਦ ਹਨ। ਜਿਹੜੇ ਪਿਰਾਮਿਡ ਵਿਦੇਸ਼ੀ ਧਾੜਵੀਆਂ ਜਾਂ ਹੋਰਨਾਂ ਚੋਰ-ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਏ, ਉਨ੍ਹਾਂ ਵਿੱਚੋਂ ਦੇਹਾਂ ਵੀ ਗਾਇਬ ਹਨ ਅਤੇ ਉਹ ਸਾਜ਼ੋ-ਸਾਮਾਨ ਵੀ ਜੋ ਦੇਹ ਵਾਲੇ ਬਕਸੇ (ਕੌਫਿਨ ਜਾਂ ਕਫ਼ਨ) ਦੇ ਅੰਦਰ ਰੱਖਿਆ ਜਾਂਦਾ ਸੀ: ਮੁਰਦੇ ਦੇ ਪੁਨਰ-ਜੀਵਿਤ ਹੋਣ ਦੀ ਸੂਰਤ ਵਿੱਚ ਉਸ ਦੇ ਭੋਜਨ, ਪਹਿਰਾਵੇ ਤੇ ਹਾਰ-ਸ਼ਿੰਗਾਰ ਲਈ। ਇਸੇ ਸਾਜ਼ੋ-ਸਾਮਾਨ ਵਿੱਚ ਭਾਰਤੀ ਕਾਲੀਆਂ ਮਿਰਚਾਂ ਵੀ ਸ਼ਾਮਲ ਹਨ ਤੇ ਮੋਤੀ-ਮਣਕੇ ਵੀ। ਕਈ ਬਕਸੇ ਵੀ ਮਾਲਾਬਾਰੀ ਸਾਗਵਾਨ ਦੇ ਬਣੇ ਹੋਏ ਹਨ। ਇਹ ਲੱਕੜ ਸਿਰਫ਼ ਭਾਰਤ ਦੇ ਕੇਰਲਾ ਪ੍ਰਾਂਤ ਵਿੱਚ ਹੀ ਮਿਲਦੀ ਹੈ, ਹੋਰ ਕਿਸੇ ਸੂਬੇ ਜਾਂ ਆਲਮੀ ਖ਼ਿੱਤੇ ਵਿੱਚ ਨਹੀਂ (ਹੁਣ ਮਾਲਾਬਾਰ ਵਿੱਚ ਵੀ ਬਹੁਤ ਘੱਟ ਮਿਲਦੀ ਹੈ)। ਇਸ ਤੋਂ ਇਹੋ ਹਕੀਕਤ ਜ਼ਾਹਿਰ ਹੁੰਦੀ ਹੈ ਕਿ ਉਸ ਸਮੇਂ ਵੀ ਭਾਰਤ ਤੇ ਮਿਸਰ ਦਰਮਿਆਨ ਵਣਜ-ਵਪਾਰ ਮੌਜੂਦ ਸੀ।
ਦਰਅਸਲ, 10 ਹਜ਼ਾਰ ਸਾਲ ਪਹਿਲਾਂ ਆਦਮ ਜ਼ਾਤ ਵੱਲੋਂ ਆਦਿ ਮਾਨਵ ਤੋਂ ਮਾਨਵ ਵਾਲਾ ਰੂਪ ਗ੍ਰਹਿਣ ਕਰਨ ਮਗਰੋਂ ਉਸ ਅੰਦਰਲੀ ਘੁਮੱਕੜ ਬਿਰਤੀ ਨੇ ਜ਼ੋਰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਬਿਰਤੀ ਨੇ ਵਸਤਾਂ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਰਾਹ ਖੋਲ੍ਹੇ ਅਤੇ ਸੱਭਿਅਤਾਵਾਂ ਨੂੰ ਜਨਮ ਦਿੱਤਾ। ਮੁੱਢ ਵਿੱਚ ਸੱਭਿਅਤਾਵਾਂ ਜਲ ਸੋਮਿਆਂ ਦੇ ਆਸ-ਪਾਸ ਪਿੰਡਾਂ-ਸ਼ਹਿਰਾਂ ਦੇ ਰੂਪ ਵਿੱਚ ਉੱਭਰੀਆਂ ਅਤੇ ਫਿਰ ਦਰਿਆਵਾਂ ਦੇ ਆਸ-ਪਾਸ, ਕਿਉਂਕਿ ਦਰਿਆ ਆਵਾਜਾਈ ਦਾ ਆਸਾਨ ਤੇ ਸਸਤਾ ਸਾਧਨ ਸਨ। ਮਿਸਰ ਵਿੱਚ ਨੀਲ ਘਾਟੀ ਦੀ ਸੱਭਿਅਤਾ ਨੀਲ ਦਰਿਆ ਦੇ ਕੰਢਿਆਂ ’ਤੇ ਵਿਕਸਤ ਹੋਈ। ਮੈਸੋਪੋਟੇਮੀਆ/ ਬੈਬੀਲੋਨੀਆ/ ਅਸਰੀਰੀਆ ਦੀ ਸੱਭਿਅਤਾ ਨੇ ਮੱਧ-ਪੂਰਬ ਵਿੱਚ ਦਜਲਾ (ਟਿਗਰਿਸ) ਤੇ ਫ਼ਰਾਤ (ਯੂਫ਼ਰੇਟਸ) ਦਰਿਆਵਾਂ ਦੇ ਆਸ-ਪਾਸ ਪੈਰ ਪਸਾਰੇ। ਭਾਰਤੀ ਸੱਭਿਅਤਾ, ਸਿੰਧ ਘਾਟੀ ਵਿੱਚੋਂ ਬੁਲੰਦ ਹੋਈ ਅਤੇ ਚੀਨੀ ਸੱਭਿਅਤਾ ਯਾਂਗ-ਸੀ ਤੇ ਪੀਲੇ (ਯੈਲੋ) ਦਰਿਆਵਾਂ ਦੇ ਆਲੇ-ਦੁਆਲੇ ਉੱਭਰੀ। ਯੂਰੋਪ ਨੂੰ ਇਨ੍ਹਾਂ ਸੱਭਿਅਤਾਵਾਂ ਦੇ ਹਾਣ ਦਾ ਬਣਦਿਆਂ ਇੱਕ ਦਹਿਸਦੀ (ਮਿਲੇਨੀਅਮ) ਦਾ ਸਮਾਂ ਹੋਰ ਲੱਗ ਗਿਆ। ਇਨ੍ਹਾਂ ਸੱਭਿਅਤਾਵਾਂ ਦਰਮਿਆਨ ਵਣਜ-ਵਪਾਰ ਅਤੇ ਬੌਧਿਕਤਾ ਦੇ ਆਦਾਨ-ਪ੍ਰਦਾਨ ਦਾ ਧੁਰਾ ਬਣਿਆ ਰਿਹਾ ਭਾਰਤ। ਕਮਾਲ ਇਹ ਵੀ ਰਿਹਾ ਕਿ ਭਾਰਤ ਨੇ ਹੋਰਨਾਂ ਸੱਭਿਅਤਾਵਾਂ ਨੂੰ ਦਿੱਤਾ ਵੱਧ, ਲਿਆ ਘੱਟ। ਉਹ ਵੀ 2800 ਵਰ੍ਹੇ ਈਸਾ ਪੂਰਵ ਤੋਂ ਲੈ ਕੇ 1200 ਈਸਵੀ ਤੱਕ। ਮਿਸਰ ਤੋਂ ਲੈ ਕੇ ਮੌਜੂਦਾ ਈਸਟ ਤਿਮੋਰ ਤਕ ਭਾਰਤੀ ਸਾਜ਼ੋ-ਸਾਮਾਨ ਤੇ ਵਿਦਵਤਾ ਦਾ ਬੋਲਬਾਲਾ ਰਿਹਾ।
ਇਹ ਸਾਰੀ ਕਹਾਣੀ ਪੁਰਲੁਤਫ਼ ਅੰਦਾਜ਼ ਵਿੱਚ ਪੇਸ਼ ਕਰਦੀ ਹੈ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਦੀ ਨਵੀਂ ਪੁਸਤਕ ‘ਦਿ ਗੋਲਡਨ ਰੋਡ’ (ਸੁਨਹਿਰੀ ਸੜਕ; ਬਲੂਮਜ਼ਬਰੀ; ਪੰਨੇ 490 32; 998 ਰੁਪਏ)। ਗਿਆਨ ਤੇ ਕਥਾ-ਰਸ ਦਾ ਸੁਮੇਲ ਹੈ ਇਹ ਪੁਸਤਕ। ਮਿਹਨਤ ਵੀ ਬਹੁਤ ਹੋਈ ਹੈ ਇਸ ਉੱਪਰ; ਇਸ ਦਾ ਅੰਦਾਜ਼ਾ ਨੋਟਸ ਵਾਲੇ 98 ਪੰਨਿਆਂ ਤੋਂ ਲਾਇਆ ਜਾ ਸਕਦਾ ਹੈ। ਇਹ ਨੋਟਸ ਭਵਿੱਖੀ ਖੋਜੀਆਂ ਲਈ ਖ਼ਜ਼ਾਨੇ ਵਾਂਗ ਹਨ। ਡੈਲਰਿੰਪਲ ਅਨੁਸਾਰ ਭਾਰਤ ਤੇ ਚੀਨ ਤੋਂ ਮੱਧ ਏਸ਼ੀਆ ਜਾਂ ਯੂਰੋਪ ਵੱਲ ਸੜਕੀ ਵਪਾਰ ਵਾਲੇ ਰਸਤੇ ਤਿੰਨ ਕੁ ਹਜ਼ਾਰ ਵਰ੍ਹੇ ਪਹਿਲਾਂ ਵਿਕਸਤ ਹੋਏ। ਸੁਨਹਿਰੀ ਰਾਹ ਉਸ ਤੋਂ ਦੋ ਦਹਿਸਦੀਆਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕਾ ਸੀ। ਇਹ ਨਾ ਸਿਰਫ਼ ਭਾਰਤੀ ਕੱਪੜੇ, ਦਸਤਕਾਰੀਆਂ, ਹੀਰੇ-ਜਵਾਹਰਾਤ, ਗਹਿਣਿਆਂ ਤੇ ਖ਼ੁਰਾਕੀ ਵਸਤਾਂ ਦੂਰ-ਦੁਰਾਡੇ ਪਹੁੰਚਾਉਣ ਦਾ ਵਸੀਲਾ ਸੀ ਬਲਕਿ ਇਸ ਰਾਹੀਂ ਭਾਰਤੀ ਸੱਭਿਅਤਾ, ਆਚਾਰ-ਵਿਹਾਰ, ਧਰਮ ਤੇ ਵਿਗਿਆਨਕ ਸੋਚ-ਸੁਹਜ ਵੀ ਪ੍ਰਸ਼ਾਂਤ ਮਹਾਸਾਗਰੀ ਮੁਲਕਾਂ ਤੱਕ ਪਹੁੰਚੀ। ਬੁੱਧ ਮੱਤ, ਈਸਵੀ ਯੁੱਗ ਦੀ ਆਰੰਭਤਾ ਤੋਂ ਢਾਈ ਸਦੀਆਂ ਪਹਿਲਾਂ ਸ੍ਰੀਲੰਕਾ, ਬਰਮਾ, ਚੀਨ, ਜਪਾਨ ਤੇ ਕੋਰੀਆ ਤੱਕ ਫੈਲ ਗਿਆ ਸੀ। ਹਿੰਦੂ ਮੱਤ ਮਲਾਯਾ ਤੇ ਇੰਡੋਨੇਸ਼ੀਆ ਦੇ ਲੋਕਾਂ ਦਾ ਮੁੱਖ ਧਰਮ ਈਸਵੀ ਯੁੱਗ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ ਬਣਿਆ। ਇਸੇ ਧਰਮ ਨੂੰ ਥਾਈਲੈਂਡ, ਕੰਬੋਡੀਆ ਤੇ ਲਾਓਸ ਦੇ ਲੋਕਾਂ ਤੋਂ ਵੀ ਚੰਗਾ ਹੁੰਗਾਰਾ ਮਿਲਿਆ। ਧਰਮ ਤੇ ਗਿਆਨ ਦੇ ਸਾਧਕ ਤੇ ਉਪਾਸ਼ਕ ਈਸਵੀ ਯੁੱਗ ਤੋਂ ਪਹਿਲਾਂ ਭਾਰਤ ਆਉਣੇ ਸ਼ੁਰੂ ਹੋਏ। ਸਿਕੰਦਰ ਨੇ ਵੀ ਏਸ਼ੀਆ ਮਾਈਨਰ ਤੇ ਦੱਖਣੀ ਯੂਰੋਪ ਵਿੱਚ ਫੈਲੀ ਭਾਰਤੀ ਸਾਖ਼ ਦੇ ਮੱਦੇਨਜ਼ਰ ਭਾਰਤ ਉੱਪਰ ਹਮਲਾ ਕੀਤਾ। ਉਸ ਨੇ ਸੁਪਨਾ ਤਾਂ ਦੁਨੀਆ ਜਿੱਤਣ ਦਾ ਲਿਆ ਸੀ, ਪਰ ਸਿੰਧ ਘਾਟੀ ਤੱਕ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਬਸ ਹੋ ਗਈ। ਦਰਅਸਲ, ਇਹ ਬਸ ਤਾਂ ਬਲੋਚਾਂ ਨੇ ਕਰਵਾਈ, ਉਸ ਦੇ ਤਿੰਨ ਹਜ਼ਾਰ ਫ਼ੌਜੀ ਮਾਰ ਕੇ। ਏਨਾ ਵੱਡਾ ਜਾਨੀ ਨੁਕਸਾਨ ਪਹਿਲੀ ਵਾਰ ਉਸ ਦੀਆਂ ਫ਼ੌਜਾਂ ਦਾ ਹੋਇਆ।
ਉੱਤਰੀ ਅਮਰੀਕਾ ਤੇ ਏਸ਼ੀਆ ਦੇ ਧੁਰ ਪੱਛਮੀ ਹਿੱਸਿਆਂ ਵਿੱਚੋਂ ਮਿਸਰ ਦੀ ਚੜ੍ਹਤ ਰੋਮਨਾਂ ਨੇ ਖ਼ਤਮ ਕੀਤੀ। ਉਨ੍ਹਾਂ ਨੇ 2100 ਵਰ੍ਹੇ ਪਹਿਲਾਂ ਮਿਸਰ ਨੂੰ ਰੋਮਨ ਸਾਮਰਾਜ ਦਾ ਹਿੱਸਾ ਬਣਾ ਲਿਆ। ਇਹ ਗ਼ਲਬਾ 1200 ਈਸਵੀ ਤਕ ਰਿਹਾ। ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਤੇ ਇਸਲਾਮ ਦੀ ਪੈਦਾਇਸ਼ ਵੇਲੇ ਅਰਬਿਸਤਾਨ, ਤਕਨੀਕੀ ਤੌਰ ’ਤੇ ਰੋਮਨ ਸਾਮਰਾਜ ਦਾ ਹੀ ਹਿੱਸਾ ਸੀ। ਇਹ ਵੱਖਰੀ ਗੱਲ ਹੈ ਕਿ ਇਸਤੰਬੁਲ ਜਾਂ ਯੋਰੋਸ਼ਲਮ ਸਥਿਤ ਰੋਮਨ ਗਵਰਨਰ, ਅਰਬਾਂ ਦੇ ਮਾਮਲਿਆਂ ਵਿੱਚ ਬਹੁਤਾ ਦਖ਼ਲ ਨਹੀਂ ਸੀ ਦਿੰਦੇ; ਦੇ ਵੀ ਨਹੀਂ ਸੀ ਸਕਦੇ। ਸੈਂਕੜੇ ਮੀਲਾਂ ਤੱਕ ਫੈਲੇ ਰੇਗਜ਼ਾਰੀ ਖ਼ਿੱਤੇ ਵਿੱਚ ਰੋਮਨਾਂ ਵਾਲਾ ਅਨੁਸ਼ਾਸਨ ਲਾਗੂ ਕਰਨਾ ਸੰਭਵ ਹੀ ਨਹੀਂ ਸੀ। ਬਹਰਹਾਲ, ਮਿਸਰ ਉੱਪਰ ਜਿੱਤ ਮਗਰੋਂ ਰੋਮਨਾਂ ਨੂੰ ਪਹਿਲੀ ਵਾਰ ਭਾਰਤੀ ਵਪਾਰਕ ਗ਼ਲਬੇ ਦਾ ਅਹਿਸਾਸ ਹੋਇਆ। ਇਸ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਜਾਂ ਤਾਂ ਭਾਰਤੀ ਕਾਲੀਆਂ ਮਿਰਚਾਂ ਬਾਰੇ ਪਤਾ ਸੀ ਅਤੇ ਜਾਂ ਫਿਰ ਦਾਲਚੀਨੀ ਬਾਰੇ। ਇਹ ਦੋਵੇਂ ਮਸਾਲੇ ਉਨ੍ਹਾਂ ਦੀਆਂ ਡਬਲਰੋਟੀਆਂ ਨੂੰ ਨਿੱਤ ਖਾਣਯੋਗ ਬਣਾਉਂਦੇ ਸਨ। (ਹਰੀਆਂ-ਲਾਲ ਮਿਰਚਾਂ ਕ੍ਰਿਸਟੋਫਰ ਕੋਲੰਬਸ ਦੇ 1503 ਵਿੱਚ ਮੈਕਸਿਕੋ ਪੁੱਜਣ ਮਗਰੋਂ ਪਹਿਲਾਂ ਯੂਰੋਪ ਤੇ ਫਿਰ ਪੁਰਤਗੀਜ਼ਾਂ ਰਾਹੀਂ ਭਾਰਤ ਪਹੁੰਚੀਆਂ)। ਕਾਲੀਆਂ ਮਿਰਚਾਂ ਦੇ ਮਹੱਤਵ ਤੇ ਮੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ 403 ਈਸਵੀ ਵਿੱਚ ਆਇਰਲੈਂਡ ਵਿੱਚ ਤਾਇਨਾਤ ਰੋਮਨ ਸੈਨਿਕਾਂ ਨੂੰ ਕਈ ਦਿਨ ਰਾਸ਼ਨ ਵਿੱਚ ਕਾਲੀਆਂ ਮਿਰਚਾਂ ਨਾ ਮਿਲੀਆਂ ਤਾਂ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ। ਆਇਰਲੈਂਡ ਉੱਤਰ-ਪੱਛਮੀ ਯੂਰੋਪ ਵਿੱਚ ਰੋਮਨ ਸਾਮਰਾਜ ਦਾ ਆਖ਼ਰੀ ਹਿੱਸਾ ਸੀ। ਉੱਥੇ ਹੋਈ ਬਗ਼ਾਵਤ ਨੇ ਰੋਮਨ ਸਮਰਾਟ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ। ਉਸ ਨੇ ਕਾਲੀਆਂ ਮਿਰਚਾਂ ਦਾ ਇੰਤਜ਼ਾਮ ਫੌਰੀ ਕਰਵਾਇਆ, ਵੈਨਿਸ ਵਾਲਿਆਂ ਦੇ ਕੋਟੇ ’ਚ ਕਟੌਤੀ ਕਰਕੇ।
ਮਿਸਰ ਉੱਤੇ ਕਬਜ਼ੇ ਤੋਂ ਬਾਅਦ ਰੋਮਨਾਂ ਨੂੰ ਭਾਰਤ ਤੋਂ ਆਉਂਦੀਆਂ ਐਸ਼ੋ-ਇਸ਼ਰਤ ਦੀਆਂ ਵਸਤਾਂ ਬਾਰੇ ਪਤਾ ਲੱਗਾ। ਇਨ੍ਹਾਂ ਵਿੱਚ ਮਹੀਨ ਤੋਂ ਮਹੀਨ ਸੂਤੀ ਕੱਪੜੇ (ਖ਼ਾਸ ਕਰਕੇ ਮਲਮਲ), ਪਤਲੇ ਤੇ ਮੁਲਾਇਮ ਊਨੀ ਕੱਪੜੇ, ਹਾਥੀ ਦੰਦ ਦੀਆਂ ਵਸਤਾਂ, ਰਤਨ, ਪੰਨੇ ਤੇ ਮੋਤੀ-ਮਣਕੇ, ਦਰਜਨਾਂ ਕਿਸਮਾਂ ਦੀਆਂ ਦਸਤਕਾਰੀਆਂ, ਹਾਥੀ ਦੰਦ ਤੋਂ ਤਿਆਰ ਗਹਿਣੇ ਤੇ ਕੰਗਣ, ਕਈ ਕਿਸਮਾਂ ਦੇ ਇਤਰ-ਫੁਲੇਲ, ਛੋਟੀਆਂ ਤੇ ਵੱਡੀਆਂ ਇਲਾਇਚੀਆਂ, ਲੌਂਗ ਤੇ ਹੋਰ ਮਸਾਲੇ ਆਦਿ ਸ਼ਾਮਲ ਹਨ। ਇਹ ਸਾਰੀਆਂ ਵਸਤਾਂ ਸੋਨੇ ਜਾਂ ਚਾਂਦੀ ਦੀ ਅਦਾਇਗੀ ਰਾਹੀਂ ਖਰੀਦੀਆਂ ਜਾਂਦੀਆਂ ਸਨ। ਇਸ ਵਪਾਰ ਰਾਹੀਂ ਏਨਾ ਜ਼ਿਆਦਾ ਸੋਨਾ-ਚਾਂਦੀ ਭਾਰਤ ਜਾਣ ਲੱਗਾ ਕਿ ਯੋਰੋਸ਼ਲਮ ਵਿੱਚ ਤਾਇਨਾਤ ਰੋਮਨ ਫ਼ੌਜੀ ਕਮਾਂਡਰ (ਤੇ ਬਾਅਦ ਵਿੱਚ ਰੋਮਨ ਬਾਦਸ਼ਾਹ) ਪਲਾਇਨੀ ਘੋਰ ਫ਼ਿਕਰਮੰਦ ਹੋ ਗਿਆ। ਉਹ ਭਾਰਤ ਨਾਲ ਵਪਾਰ ਉੱਤੇ ਪਾਬੰਦੀ ਲਾਉਣ ਬਾਰੇ ਸੋਚਣ ਲੱਗਾ। ਤਤਕਾਲੀ ਰੋਮਨ ਸਮਰਾਟ ਦੇ ਨਾਮ ਇੱਕ ਖ਼ਤ ਵਿੱਚ ਉਸ ਨੇ ਲਿਖਿਆ: ‘‘ਪਤਾ ਨਹੀਂ ਕਿਹੜਾ ਸ਼ੁਦਾਅ ਸਾਡੇ ਲੋਕਾਂ ’ਤੇ ਹਾਵੀ ਹੋ ਗਿਆ ਹੈ। ਔਰਤਾਂ ਨੂੰ ਅਧਨੰਗਾ ਛੱਡ ਦੇਣ ਵਾਲੇ ਪਾਰਦਰਸ਼ੀ ਭਾਰਤੀ ਕੱਪੜੇ (ਮਲਮਲ) ਬਦਲੇ ਸੋਨੇ ਦੇ ਸੈਂਕੜੇ ਸਿੱਕੇ ਅਦਾ ਕੀਤੇ ਜਾ ਰਹੇ ਹਨ। ਇਨ੍ਹਾਂ ਕੱਪੜਿਆਂ ਨੇ ਬੇਹਿਆਈ ਵਧਾ ਦਿੱਤੀ ਹੈ। ਔਰਤਾਂ ਇਹ ਪਹਿਨ ਕੇ ਸ਼ਰਮ ਹੀ ਨਹੀਂ ਮਹਿਸੂਸ ਕਰਦੀਆਂ।’’ ਡੈਲਰਿੰਪਲ ਲਿਖਦਾ ਹੈ ਕਿ ਕਿਉਂਕਿ ਲਾਲ ਸਾਗਰ ਤੋਂ ਕਿਸ਼ਤੀਆਂ ਰਾਹੀਂ ਵਪਾਰੀ ਮੁੱਖ ਤੌਰ ’ਤੇ ਪੱਛਮੀ ਭਾਰਤ ਹੀ ਪੁੱਜਦੇ ਸਨ, ਇਸ ਲਈ ਸੋਨਾ-ਚਾਂਦੀ ਅਮੂਮਨ ਉੱਤਰੀ ਭਾਰਤ ਦੀ ਬਜਾਏ ਦੱਖਣੀ ਭਾਰਤ ਵਿੱਚ ਹੀ ਜਮ੍ਹਾਂ ਹੋਈ ਜਾਂਦੇ ਸਨ। ਜ਼ਾਹਿਰ ਹੈ ਕਿ ਸੋਨਾ ਵੱਧ ਤੋਂ ਵੱਧ ਜਮ੍ਹਾਂ ਕਰਨ ਅਤੇ ਕਿਸੇ ਵੀ ਪਰਿਵਾਰ ਦੀ ਹੈਸੀਅਤ ਉਸ ਕੋਲ ਜਮ੍ਹਾਂ ਸੋਨੇ ਰਾਹੀਂ ਆਂਕਣ ਦੀ ਦੱਖਣ ਭਾਰਤੀ ਪ੍ਰਵਿਰਤੀ ਦਾ ਮੁੱਢ, ਰੋਮਨਾਂ ਨਾਲ ਵਪਾਰ ਦੇ ਨਾਲ ਬੱਝਿਆ ਹੋਇਆ ਹੈ। ਡੈਲਰਿੰਪਲ ਇੱਕ ਥਾਂ ਲਿਖਦਾ ਹੈ ਕਿ ‘‘ਪਲਾਇਨੀ ਨੇ ਇੱਕ ਸਮੇਂ ਭਾਰਤ ਉੱਪਰ ਹਮਲਾ ਕਰ ਕੇ ਕੀਮਤੀ ਧਾਤਾਂ ਦਾ ਭੰਡਾਰ ਹਥਿਆਉਣ’’ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ, ਪਰ ਉਸ ਦੇ ਇੱਕ ਅਰਬ ਕਮਾਂਡਰ ਨੇ ਉਸ ਨੂੰ ਸਮਝਾਇਆ ਕਿ ‘‘ਯੋਰੋਸ਼ਲਮ ਤੋਂ ਭਾਰਤ ਵੱਲ ਫ਼ੌਜੀ ਚੜ੍ਹਾਈ ਆਪਣੀ ਮੌਤ ਆਪ ਸਹੇੜਨ ਤੋਂ ਘੱਟ ਨਹੀਂ।’’
ਕਿਤਾਬ ਦੇ ਵੱਖ ਵੱਖ ਅਧਿਆਇ ਜੋ ਕੁਝ ਦੱਸਦੇ ਹਨ, ਉਨ੍ਹਾਂ ਵਿੱਚੋਂ ਕੁਝ ਨੁਕਤੇ ਇਸ ਤਰ੍ਹਾਂ ਹਨ:
- ਯੂਰੇਸ਼ੀਅਨਾਂ ਲਈ ਭਾਰਤ ਨਾ ਸਿਰਫ਼ ਵਪਾਰਕ ਮੰਜ਼ਿਲ ਸੀ, ਬਲਕਿ ਧਾਰਮਿਕ ਤੇ ਦਾਰਸ਼ਨਿਕ ਮਹਾਂਸ਼ਕਤੀ ਵੀ ਸੀ।
- ਰੋਮਨ ਸਾਮਰਾਜ ਤੋਂ ਲੈ ਕੇ ਕੋਰੀਆ-ਜਾਪਾਨ ਤੱਕ ਭਾਰਤ ਦਾ ਬੋਲਬਾਲਾ ਸੀ। ਇਹ ਬੋਲਬਾਲਾ 250 ਈਸਾ ਪੂਰਵ ਤੋਂ ਲੈ ਕੇ 1200 ਈਸਵੀ ਤਕ ਰਿਹਾ। ਦਰਜਨਾਂ ਕਿਸਮਾਂ ਦੀਆਂ ਵਸਤਾਂ ਤੋਂ ਇਲਾਵਾ ਭਾਰਤੀ ਵਿਦਵਤਾ, ਫਲਸਫ਼ੇ, ਵਿਗਿਆਨ ਤੇ ਗਣਿਤ ਨੇ ਦੋ ਮਹਾਂਦੀਪਾਂ ਦੇ ਹਰ ਕੋਨੇ ਤਕ ਆਪਣਾ ਮੁਕਾਮ ਬਣਾਇਆ।
- ਉਪਰੋਕਤ ਡੇਢ ਦਹਿਸਦੀ ਦੌਰਾਨ ਬੁੱਧ ਮਤ ਦਾ ਤਾਂ ਸੁਦੂਰ ਪੂਰਬ ਤੇ ਪੂਰਬੀ ਏਸ਼ੀਆ ਵਿੱਚ ਪਾਸਾਰਾ ਹੋਇਆ ਹੀ, ਹਿੰਦੂ ਮੱਤ ਵੀ ਦੱਖਣ ਪੂਰਬੀ ਏਸ਼ੀਆ ਵਿੱਚ ਤੇਜ਼ੀ ਨਾਲ ਮਕਬੂਲ ਹੋਇਆ। ਇਸੇ ਸਦਕਾ ਭਾਰਤੀ ਗਰੰਥਾਂ ਦਾ ਕਈ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਭਾਰਤੀ ਲਿੱਪੀਆਂ ਕਈ ਨਵੀਆਂ ਲਿੱਪੀਆਂ ਦੇ ਵਿਕਾਸ ਦਾ ਆਧਾਰ ਬਣੀਆਂ।
- ਭਾਰਤ ਵਿੱਚ ਵਿਕਸਿਤ ਤਾਰਾ ਵਿਗਿਆਨ ਤੇ ਗਣਿਤ ਦੇ ਵੱਖ ਵੱਖ ਫਾਰਮੂਲੇ ਪਹਿਲਾਂ ਦੋ ਮਹਾਂਦੀਪਾਂ ਤੇ ਫਿਰ ਉੱਥੋਂ ਅੱਗੇ ਬਾਕੀ ਜਹਾਨ ਵਿੱਚ ਫੈਲੇ। ਆਧੁਨਿਕ ਅੰਕ ਪ੍ਰਣਾਲੀ, ਅਲਜਬਰਾ, ਟ੍ਰਿਗਨੋਮੈਟਰੀ ਤੇ ਅਲਗੋਰਿਦਮ ਦਾ ਗਿਆਨ ਭਾਰਤ ਤੋਂ ਹੀ ਹੋਰਨਾਂ ਦੇਸ਼ਾਂ, ਖ਼ਾਸ ਕਰਕੇ ਯੂਰੋਪ ਵਿੱਚ ਪਹੁੰਚਿਆ।
- ਆਧੁਨਿਕ ਸ਼ਤਰੰਜ (ਚੈੱਸ), ਭਾਰਤੀ ਚੌਪੜ ਦਾ ਹੀ ਵਿਕਸਿਤ ਰੂਪ ਹੈ। ਇਸੇ ਤਰ੍ਹਾਂ ਭਾਰਤੀ ਮੱਲ-ਯੁੱਧ, ਆਧੁਨਿਕ ਪਹਿਲਵਾਨੀ ਦੇ ਜਨਮਦਾਤਾ ਹਨ।
ਕਿਤਾਬ ਵਿੱਚ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਹਨ , ਪਰ ਬਰਮਾ (ਮਿਆਂਮਾਰ) ਜਾਂ ਬਾਲੀ ਬਾਰੇ ਵੇਰਵੇ ਬਹੁਤ ਸੰਖੇਪ ਹਨ। ਬਰਮਾ ਵਾਲਾ ਪੱਖ ਸਮਝ ਆਉਂਦਾ ਹੈ ਕਿਉਂਕਿ ਉੱਥੋਂ ਦੀ ਫ਼ੌਜੀ ਹਕੂਮਤ ਕਿਸੇ ਵਿਦੇਸ਼ੀ (ਖ਼ਾਸ ਕਰਕੇ ਗੋਰੇ ਵਿਦੇਸ਼ੀ) ਨੂੰ ਉੱਥੇ ਖੋਜ ਜਾਂ ਅਧਿਐਨ ਕਰਨ ਦੀ ਖੁੱਲ੍ਹ ਨਹੀਂ ਦਿੰਦੀ। ਬਾਲੀ, ਜੋ ਕਿ ਇੰਡੋਨੇਸ਼ਿਆਈ ਜਜ਼ੀਰਾ ਤੇ ਸੂਬਾ ਹੈ, ਅਜੇ ਵੀ ਭਾਰਤ ਤੋਂ ਬਾਹਰ ਹਿੰਦੂ ਮੱਤ ਦਾ ਗੜ੍ਹ ਹੈ। ਉੱਥੋਂ ਦੀ 80 ਫ਼ੀਸਦੀ ਵਸੋਂ ਹਿੰਦੂ ਹੈ। ਉਸ ਬਾਰੇ ਕਿਉਂਕਿ ਬਹੁਤ ਕੁਝ ਪਹਿਲਾਂ ਹੀ ਛਪ ਚੁੱਕਾ ਹੈ, ਸ਼ਾਇਦ ਇਸੇ ਕਾਰਨ ਡੈਲਰਿੰਪਲ ਨੇ ਉਸ ਨੂੰ ਇੱਕ ਪੰਨੇ ਤਕ ਮਹਿਦੂਦ ਕਰਨਾ ਮੁਨਾਸਿਬ ਸਮਝਿਆ।
ਪੁਸਤਕ ਦਾ ਦਿਲਚਸਪ ਪਹਿਲੂ ਇਹ ਹੈ ਕਿ ਇਸ ਦੀ ਸਮੱਗਰੀ ਉਹੀ ਕੁਝ ਦੱਸਦੀ ਹੈ, ਜੋ ਨਰਿੰਦਰ ਮੋਦੀ ਜਾਂ ਸੰਘ ਪਰਿਵਾਰ ਵਾਲੇ ਪ੍ਰਚਾਰਦੇ ਆਏ ਹਨ। ਫ਼ਰਕ ਇਹ ਹੈ ਕਿ ਸੰਘ ਵਾਲੇ ਇਤਿਹਾਸ ਨੂੰ ਮਿਥਿਹਾਸ ਦੀ ਚਾਸ਼ਨੀ ਚੜ੍ਹਾ ਕੇ ਪੇਸ਼ ਕਰਦੇ ਹਨ ਜਦੋਂਕਿ ਵਿਲੀਅਮ ਡੈਲਰਿੰਪਲ, ਜੋ ਕਿ ਮੋਦੀ ਦਾ ਕੱਟੜ ਆਲੋਚਕ ਹੈ, ਸਾਰੇ ਤੱਤ-ਤੱਥ ਵਿਗਿਆਨਕ ਖੋਜਾਂ ਦੇ ਆਧਾਰ ’ਤੇ ਪੇਸ਼ ਕਰਦਾ ਹੈ। ਉਸ ਦਾ ਨਜ਼ਰੀਆ ਇਹੋ ਹੈ ਕਿ ਭਾਰਤ ਦੀ ਅਮੀਰ ਧਰਮ-ਨਿਰਪੇਖ ਵਿਰਾਸਤ ਨੂੰ ਬ੍ਰਿਟਿਸ਼ ਸਾਮਰਾਜ ਨੇ ਤਾਂ ਰੋਲਿਆ ਹੀ, ਕਾਂਗਰਸ ਨੇ ਵੀ ਇਸ ਦੀ ਹਿਫ਼ਾਜ਼ਤ ਨਹੀਂ ਕੀਤੀ; ਹੁਣ ਭਾਜਪਾ ਤੋਂ ਤਾਂ ਇਸ ਕਿਸਮ ਦੀ ਤਵੱਕੋ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਭਾਰਤੀ ਇਤਿਹਾਸ ਦਾ ਸ਼ੈਦਾਈ
ਇਤਿਹਾਸ ’ਤੇ ਕਥਾ-ਰਸ ਦੀ ਚਾਸ਼ਨੀ ਚੜ੍ਹਾਉਣ ਦੀ ਜੋ ਮੁਹਾਰਤ ਵਿਲੀਅਮ ਡੈਲਰਿੰਪਲ ਨੂੰ ਹਾਸਿਲ ਹੈ, ਉਹ ਬਹੁਤ ਘੱਟ ਇਤਿਹਾਸਕਾਰਾਂ ਦੇ ਹਿੱਸੇ ਆਈ ਹੈ। ਉਸ ਨੇ ਆਪਣੇ ਇਸ ਹੁਨਰ ਦਾ ਸਬੂਤ 1989 ਵਿੱਚ ਪ੍ਰਕਾਸ਼ਿਤ ਆਪਣੀ ਪਹਿਲੀ ਪੁਸਤਕ ‘ਇਨ ਜਨਾਡੂ : ਏ ਕੁਐੱਸਟ’ ਰਾਹੀਂ ਦੇ ਦਿੱਤਾ ਸੀ। ਮਾਰਕੋ ਪੋਲੋ ਦੀ ਇਟਲੀ ਤੋਂ ਚੀਨ ਤੱਕ ਦੀ ਯਾਤਰਾ ਨੂੰ ਉਸ ਨੇ ਭੌਤਿਕ ਰੂਪ ਵਿੱਚ ਸੁਰਜੀਤ ਕੀਤਾ ਸੀ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ। ਇਹ ਯਾਤਰਾ ਉਸ ਨੇ ਆਪਣੀਆਂ ਦੋ ਮਹਿਲਾ ਮਿੱਤਰਾਂ ਨਾਲ ਅੱਧੀ-ਅੱਧੀ ਕੀਤੀ। ਇਹ ਦੋਵੇਂ ਉਸ ਦੀਆਂ ਪ੍ਰੇਮਿਕਾਵਾਂ ਨਹੀਂ ਸਨ; ਸਿਰਫ਼ ਹਮਸਫ਼ਰ ਸਨ। ਇਹ ਕਿਤਾਬ ਇਤਿਹਾਸ ਵੀ ਸੀ, ਸਫ਼ਰਨਾਮਾ ਵੀ ਅਤੇ ਇਤਿਹਾਸਕ ਉਪਨਿਆਸ ਵੀ। ਆਪਣੇ ਇਸ ਐਡਵੈਂਚਰ ਮਗਰੋਂ ਉਹ ਭਾਰਤ ਆਇਆ ਅਤੇ ਫਿਰ ਭਾਰਤ ਦਾ ਹੀ ਹੋ ਕੇ ਰਹਿ ਗਿਆ। ਭਾਰਤ ਬਾਰੇ ਪਹਿਲੀ ਕਿਤਾਬ ਦਿੱਲੀ ਦੇ ਨੌਂ ਜਨਮਾਂ ਬਾਰੇ ਸੀ ‘ਦਿ ਸਿਟੀ ਆਫ ਜਿੰਨਜ਼’ (ਪ੍ਰੇਤਾਂ ਦੀ ਨਗਰੀ)। ਉਂਜ, ਭਾਰਤ ਨਾਲ ਰਿਸ਼ਤਾ ਉਸ ਨੂੰ ਵਿਰਾਸਤ ਵਿੱਚ ਮਿਲਿਆ ਸੀ। ਸਕੌਟਿਸ਼ ਮੂਲ ਦੇ ਉਸ ਦੇ ਕਈ ਵਡੇਰੇ ਪਹਿਲਾਂ ਈਸਟ ਇੰਡੀਆ ਕੰਪਨੀ ਤੇ ਫਿਰ ਬ੍ਰਿਟਿਸ਼-ਭਾਰਤੀ ਸਰਕਾਰ ਵਿੱਚ ਨੌਕਰ ਰਹੇ ਸਨ। ਤਕਰੀਬਨ ਹਰ ਡੈਲਰਿੰਪਲ ਨੂੰ ਭਾਰਤ ਨਾਲ ਸਨੇਹ ਰਿਹਾ ਅਤੇ ਭਾਰਤ ਦਾ ਪਹਿਲਾ ਆਧੁਨਿਕ ਕਾਰਟੋਗ੍ਰਾਫਰ (ਨਕਸ਼ਾਨਵੀਸ) ਅਲੈਗਜ਼ਾਂਡਰ ਡੈਲਰਿੰਪਲ, ਵਿਲੀਅਮ ਦਾ ਵਡੇਰਾ ਸੀ। ਇਸੇ ਤਰ੍ਹਾਂ ਨਾਮਵਰ ਬ੍ਰਿਟਿਸ਼ ਉਪਨਿਆਸਕਾਰਾ ਵਰਜੀਨੀਆ ਵੁਲਫ਼ ਉਸ ਦੀ ਦੂਰਲੀ ਪੜਨਾਨੀ ਸੀ।
ਭਾਰਤ ਵਿੱਚ ਟਿਕਣ ਮਗਰੋਂ ਵਿਲੀਅਮ ਡੈਲਰਿੰਪਲ ਨੇ ਅਫ਼ਗ਼ਾਨ ਇਤਿਹਾਸ ਨਾਲ ਜੁੜੀ ਇੱਕ ਕਿਤਾਬ ‘ਦਿ ਰਿਟਰਨ ਆਫ ਏ ਕਿੰਗ’ ਨੂੰ ਛੱਡ ਕੇ ਬਾਕੀ ਸਾਰੀਆਂ ਕਿਤਾਬਾਂ ਭਾਰਤੀ ਉਪ-ਮਹਾਂਦੀਪ ਬਾਰੇ ਹੀ ਲਿਖੀਆਂ। ‘ਦਿ ਲਾਸਟ ਮੁਗਲ’, ‘ਵ੍ਹਾਈਟ ਮੁਗਲਜ਼’, ‘ਨਾਈਨ ਲਾਈਵਜ਼’, ‘ਦਿ ਏਜ ਆਫ ਕਾਲੀ’, ‘ਕੋਹਿਨੂਰ’ (ਅਨੀਤਾ ਆਨੰਦ ਨਾਲ ਮਿਲ ਕੇ) ਇਨ੍ਹਾਂ ਨਾਵਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਭਾਰਤੀ ਇਤਿਹਾਸ ਅਤੇ ਕਲਾਵਾਂ ਨਾਲ ਉਸ ਦਾ ਮੋਹ ਕਿਸ ਹੱਦ ਤੱਕ ਹੈ। ਉਸ ਦੀ ਪਿਛਲੀ ਕਿਤਾਬ ‘ਦਿ ਅਨਾਰਕੀ’ (2019), ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਵਿੱਚ ਮਚਾਈ ਲੁੱਟ ਦੀ ਕਹਾਣੀ ਬੇਹੱਦ ਰੋਹਮਈ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਇਤਿਹਾਸ ਲੇਖਣ ਨਾਲ ਜੁੜਿਆ ਕੋਈ ਵੀ ਕੌਮਾਂਤਰੀ ਪੁਰਸਕਾਰ ਅਜਿਹਾ ਨਹੀਂ ਜੋ ਡੈਲਰਿੰਪਲ ਨੂੰ ਨਾ ਮਿਲਿਆ ਹੋਵੇ। ਹਾਂ, ਭਾਰਤ ਵਿੱਚ ਵੱਖ ਵੱਖ ਹਕੂਮਤਾਂ ਦਾ ਨੁਕਤਾਚੀਨ ਹੋਣ ਕਾਰਨ ਉਹ ‘ਪਦਮ ਸ੍ਰੀ’ ਤੋਂ ਅੱਗੇ ਨਹੀਂ ਜਾ ਸਕਿਆ। ਜੈਪੁਰ ਅਦਬੀ ਮੇਲੇ ਦਾ ਉਹ ਸਹਿ-ਪ੍ਰਬੰਧਕ ਹੈ। ਦਿੱਲੀ ਦੇ ਬਾਹਰਵਾਰ ਆਪਣੇ ਫਾਰਮ ਵਿੱਚ ਉਹ ਆਪਣੀ ਚਿੱਤਰਕਾਰ ਪਤਨੀ ਓਲਿਵੀਆ ਫਰੇਜ਼ਰ ਤੇ ਤਿੰਨ ਬੱਚਿਆਂ ਨਾਲ 2002 ਤੋਂ ਰਹਿੰਦਾ ਆ ਰਿਹਾ ਹੈ। ਉਸ ਤੋਂ ਪਹਿਲਾਂ 12 ਵਰ੍ਹੇ ਉਹ ਦੱਖਣੀ ਦਿੱਲੀ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਿਹਾ।