ਭਾਰਤੀ ਫ਼ਿਲਮ ਮੇਲਾ: ‘ਅਮਰ ਸਿੰਘ ਚਮਕੀਲਾ’ ਸਾਲ ਦੀ ਸਭ ਤੋਂ ਵਧੀਆ ਫਿਲਮ ਐਲਾਨੀ
ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਭੂਮਿਕਾ ਵਾਲੀ ਫ਼ਿਲਮ ‘ਚੰਦੂ ਚੈਂਪੀਅਨ’ ਅਤੇ ਵਿਕਰਾਂਤ ਮੈਸੀ ਦੀ ਫ਼ਿਲਮ ‘12ਵੀਂ ਫੇਲ੍ਹ’ ਨੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਵਿੱਚ ਸਿਖ਼ਰਲੇ ਐਵਾਰਡ ਜਿੱਤੇ ਹਨ। ਪੁਰਸਕਾਰ ਸਮਾਰੋਹ ਸ਼ੁੱਕਰਵਾਰ ਨੂੰ ਆਈਕੋਨਿਕ ਪੈਲੇਸ ਥੀਏਟਰ ਮੈਲਬਰਨ ਵਿੱਚ ਸ਼ੁਰੂ ਹੋਇਆ ਅਤੇ ਇਸ ਵਿੱਚ ਭਾਰਤੀ ਸਿਨੇਮਾ, ਫਿਲਮਾਂ ਅਤੇ ਓਟੀਟੀ ਲਈ ਸਰਵੋਤਮ ਐਵਾਰਡ ਦਿੱਤੇ ਗਏ। ਆਰੀਅਨ ਨੇ ਸਪੋਰਟਸ ਡਰਾਮਾ ‘ਚੰਦੂ ਚੈਂਪੀਅਨ’ ’ਚ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਬਦਲੇ ਸਰਵੋਤਮ ਅਦਾਕਾਰ ਦਾ ਐਵਾਰਡ ਹਾਸਲ ਕੀਤਾ। ਫਿਲਮਸਾਜ਼ ਕਬੀਰ ਖ਼ਾਨ ਨੂੰ ਵਿਜੈ ਸੇਤੂਪਤੀ ਦੀ ਭੂਮਿਕਾ ਵਾਲੀ ਫ਼ਿਲਮ ‘ਮਹਾਰਾਜਾ’ ਲਈ ਨਿਥੀਲਨ ਸਵਾਮੀਨਾਥਨ ਨਾਲ ਸਾਂਝੇ ਤੌਰ ’ਤੇ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ। ਸਾਲ ਦਾ ਸਰਵੋਤਮ ਪ੍ਰਦਰਸ਼ਨ (ਆਲੋਚਕ) ਐਵਾਰਡ ਮੈਸੀ ਨੂੰ ਫਿਲਮ ‘12ਵੀਂ ਫੇਲ੍ਹ’ ਵਿੱਚ ਆਈਪੀਐੱਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਭੂਮਿਕਾ ਲਈ ਦਿੱਤਾ ਗਿਆ। ਵਿਧੂ ਵਿਨੋਦ ਚੋਪੜਾ ਨੂੰ ਵੀ ਨਿਰਦੇਸ਼ਨ ਬਦਲੇ ਸਰਵੋਤਮ ਫ਼ਿਲਮ ਦਾ ਐਵਾਰਡ ਮਿਲਿਆ। ਅਦਾਕਾਰਾ ਪਾਰਵਤੀ ਤਿਰੂਵੋਥੂੁ ਨੂੰ ਮਲਿਆਲਮ ਡਰਾਮੇ ‘ਉਲੋਜ਼ੁੱਕੂ’ (ਅੰਡਰਕਰੰਟ) ਵਿੱਚ ਭੂਮਿਕਾ ਲਈ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਕ੍ਰਿਟਿਕਸ ਚੁਆਇਸ ਸ਼੍ਰੇਣੀ ਵਿੱਚ ਕਿਰਨ ਰਾਓ ਦੀ ‘ਲਾਪਤਾ ਲੇਡੀਜ਼’ ਨੂੰ ਕਹਾਣੀ ਅਤੇ ਨਵੀਂ ਪਹੁੰਚ ਬਦਲੇ ਸਰਵੋਤਮ ਫ਼ਿਲਮ ਜਦਕਿ ਡੋਮਿਨਿਕ ਸੰਗਮਾ ਨੂੰ ‘ਰਿਮਡੋਗਿਟਾਂਗਾ’ (ਰੈਪਚਰ) ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ। ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਾਲ ਦੀ ਸਭ ਤੋਂ ਵਧੀਆ ਫਿਲਮ ਦਾ ਐਵਾਰਡ ਮਿਲਿਆ। ਸ਼ਾਹਰੁਖ ਖ਼ਾਨ ਦੀ ‘ਡੰਕੀ’ ਨੂੰ ਸਿਨੇਮਾ ’ਚ ਸਮਾਨਤਾ ਐਵਾਰਡ ਨਾਲ ਸਨਮਾਨਿਆ ਗਿਆ। ਸੁਰਵਿੰਦਰ ਵਿੱਕੀ ਅਤੇ ਬਰੁਣ ਸੋਬਤੀ ਦੀ ਭੂਮਿਕਾ ਵਾਲੀ ਵੈੱਬ ਸੀਰੀਜ਼ ‘ਕੋਹਰਾ’ ਨੇ ਸਰਵੋਤਮ ਸੀਰੀਜ਼ ਦਾ ਐਵਾਰਡ ਆਪਣੇ ਨਾਂ ਕੀਤਾ। ਅਦਾਕਾਰ ਅਰਜੁਨ ਮਾਥੁਰ ਅਤੇ ਨਿਮਿਸ਼ਾ ਸਜਾਯਨ ਨੂੰ ਕ੍ਰਮਵਾਰ ‘ਮੇਡ ਇਨ ਹੈਵਨ ਸੀਜ਼ਨ-2’ ਅਤੇ ‘ਪੋਚਰ’ ’ਚ ਕੰਮ ਬਦਲੇ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ। ‘ਆਰਆਰਆਰ’ ਸਟਾਰ ਰਾਮ ਚਰਨ ਅਤੇ ਸੰਗੀਤਕਾਰ ਏਆਰ ਰਹਿਮਾਨ ਨੂੰ ਸਿਨੇਮੈਟਿਕ ਪ੍ਰਾਪਤੀਆਂ ਬਦਲੇ ਦੋ ਐਵਾਰਡ ਮਿਲੇ। -ਪੀਟੀਆਈ