ਪੈਰਿਸ ਓਲੰਪਿਕਸ ’ਚ ਉਮੀਦਾਂ ’ਤੇ ਖ਼ਰੇ ਨਾ ਉਤਰੇ ਭਾਰਤੀ ਮੁੱਕੇਬਾਜ਼
ਨਵੀਂ ਦਿੱਲੀ, 12 ਅਗਸਤ
ਨਿਖ਼ਤ ਜ਼ਰੀਨ ਅਤੇ ਲਵਲੀਨਾ ਬੋਰਗੋਹੇਨ ਜਿਹੀਆਂ ਦੋ ਮੌਜੂਦਾ ਵਿਸ਼ਵ ਚੈਂਪੀਅਨ ਖਿਡਾਰਨਾਂ ਦੇ ਬਾਵਜੂਦ ਭਾਰਤੀ ਮੁੱਕੇਬਾਜ਼ ਪੈਰਿਸ ਓਲੰਪਿਕ ’ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਮੁੱਕੇਬਾਜ਼ੀ ਦਲ ਤਗ਼ਮਿਆਂ ਤੋਂ ਸੱਖਣਾ ਹੀ ਪਰਤਿਆ ਹੈ। ਵਿਜੇਂਦਰ ਸਿੰਘ ਵੱਲੋਂ ਪੇਈਚਿੰਗ ਓਲੰਪਿਕ-2008 ’ਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਓਲੰਪਿਕ ’ਚ ਭਾਰਤੀ ਮੁੱਕੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਜਾਗੀ ਸੀ। ਇਸ ਤੋਂ ਚਾਰ ਵਰ੍ਹੇ ਬਾਅਦ ਰੀਓ ਓਲੰਪਿਕ ’ਚ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀ ਕੌਮ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਟੋਕੀਓ ਓਲੰਪਿਕ ’ਚ ਸਿਰਫ ਲਵਲੀਨਾ ਹੀ ਕਾਂਸੀ ਦਾ ਤਗ਼ਮਾ ਜਿੱਤ ਸਕੀ ਸੀ। ਇਸ ਵਾਰ ਭਾਰਤੀ ਮੁੱਕੇਬਾਜ਼ਾਂ ਤੋਂ ਤਗ਼ਮੇ ਜਿੱਤਣ ਦੀ ਕਾਫੀ ਉਮੀਦ ਸੀ ਪਰ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਖੇਡ ਮਾਹਿਰਾਂ ਨੇ ਕੁਆਲੀਫਾਈ ਕਰਨ ਵਾਲੇ ਛੇ ਮੁੱਕੇਬਾਜ਼ਾਂ ਤੋਂ ਘੱਟੋ-ਘੱਟ ਇੱਕ ਤਗ਼ਮੇ ਦੀ ਉਮੀਦ ਜਤਾਈ ਸੀ। ਦੋ ਵਾਰ ਦੀ ਆਲਮੀ ਚੈਂਪੀਅਨ ਨਿਖ਼ਤ ਜ਼ਰੀਨ (50 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ) ਅਤੇ ਵਿਸ਼ਵ ਚੈਂਪੀਅਨਸ਼ਿਪ 2023 ’ਚ ਕਾਂਸੀ ਦਾ ਤਗਮਾ ਜੇਤੂ ਨਿਸ਼ਾਂਤ ਦੇਵ (71 ਕਿਲੋ) ਪੋਡੀਅਮ ’ਤੇ ਪਹੁੰਚਣ ਦਾ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਅਜਿਹਾ ਨਾ ਹੋ ਸਕਿਆ। ਹਾਲਾਂਕਿ ਨਿਸ਼ਾਂਤ ਦੇਵ ਕੁਆਰਟਰ ਫਾਈਨਲ ’ਚ ਵਿਵਾਦਤ ਨਤੀਜੇ ਕਾਰਨ ਤਗ਼ਮੇ ਤੋਂ ਖੁੰਝ ਗਿਆ ਜਦਕਿ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਲਵਲੀਨਾ ਵਿਰੋਧੀ ਮੁੱਕੇਬਾਜ਼ਾਂ ਸਾਹਮਣੇ ਸੰਘਰਸ਼ ਕਰਦੀ ਨਜ਼ਰ ਆਈ। ਅਮਿਤ ਪੰਘਾਲ (51 ਕਿਲੋ) ਆਪਣਾ ਪਿਛਲਾ ਪ੍ਰਦਰਸ਼ਨ ਦਿਖਾਉਣ ’ਚ ਅਸਫਲ ਰਿਹਾ। ਲਵਲੀਨਾ, ਪੰਘਾਲ ਤੇ ਨਿਸ਼ਾਂਤ ਨੂੰ ਤਗ਼ਮਾ ਪੱਕਾ ਕਰਨ ਲਈ ਸਿਰਫ ਦੋ ਜਿੱਤਾਂ ਦੀ ਲੋੜ ਸੀ। ਭਾਵੇਂਕਿ ਲਵਲੀਨਾ ਤੇ ਜ਼ਰੀਨ ਨੂੰ ਮੁਸ਼ਕਲ ਡਰਾਅ ਮਿਲਿਆ ਸੀ ਪਰ ਆਲਮੀ ਚੈਂਪੀਅਨ ਹੋਣ ਨਾਤੇ ਉਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ ਹਾਲਾਂਕਿ ਇਨ੍ਹਾਂ ਦੋਵੇਂ ਮਹਿਲਾ ਮੁੱਕੇਬਾਜ਼ਾਂ ਚੀਨ ਦੀਆਂ ਖਿਡਾਰਨਾਂ ਅੱਗੇ ਕੋਈ ਪੇਸ਼ ਨਾ ਚੱਲੀ। ਅਮਿਤ ਪੰਘਾਲ ਜ਼ਾਂਬੀਆ ਦੇ ਪੈਟਰਿਕ ਚਿਨਯੇਂਬਾ ਖ਼ਿਲਾਫ਼ ਆਪਣੀ ਹਮਲਾਵਰ ਖੇਡ ਨਾ ਦਿਖਾ ਸਕਿਆ। ਭਾਰਤ ਦੀ ਜੈਸਮੀਨ ਲੰਬੋਰੀਆ (57 ਕਿਲੋ) ਨੂੰ ਟੋਕੀਓ ਓਲੰਪਿਕ ਦੀ ਉਪਜੇਤੂ ਨੈਸਥੀ ਪੈਟੈਸੀਓ ਤੋਂ ਜਦਕਿ ਪ੍ਰੀਤੀ ਪੰਵਾਰ (54 ਕਿੱਲੋ) ਨੂੰ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਯੇਨੀ ਮਾਰਸੈਲਾ ਏਰੀਅਸ ਤੋਂ ਹਾਰ ਝੱਲਣੀ ਪਈ। -ਪੀਟੀਆਈ