ਮਾਲਦੀਵ ਨੂੰ ਰੱਖਿਆ ਸਮਰੱਥਾ ਵਧਾਉਣ ’ਚ ਸਹਿਯੋਗ ਦੇਵੇਗਾ ਭਾਰਤ
ਨਵੀਂ ਦਿੱਲੀ, 8 ਜਨਵਰੀ
ਭਾਰਤ ਨੇ ਅੱਜ ਮਾਲਦੀਵ ਨੂੰ ਦੱਸਿਆ ਕਿ ਉਹ ਉਸ ਦੀਆਂ ਰੱਖਿਆ ਤਿਆਰੀਆਂ ਨੂੰ ਵਧਾਉਣ ’ਚ ਸਹਿਯੋਗ ਦੇਣ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮੁੰਦਰੀ ਸੁਰੱਖਿਆ ਸਹਿਯੋਗ ’ਤੇ ਕੇਂਦਰਿਤ ਵਿਸਥਾਰਤ ਵਾਰਤਾ ਲਈ ਮਾਲਦੀਵ ਦੇ ਆਪਣੇ ਹਮਰੁਤਬਾ ਮੁਹੰਮਦ ਘਾਸਨ ਮੌਮੂਨ ਦੀ ਮੇਜ਼ਬਾਨੀ ਕੀਤੀ।
ਭਾਰਤ ਵੱਲੋਂ ਜਾਰੀ ਬਿਆਨ ਅਨੁਸਾਰ ਮੀਟਿੰਗ ’ਚ ਦੋਵਾਂ ਮੁਲਕਾਂ ਦੇ ਰੱਖਿਆ ਮੰਤਰੀਆਂ ਨੇ ਭਾਰਤ-ਮਾਲਦੀਵ ਆਰਥਿਕ ਤੇ ਸਮੁੰਦਰੀ ਸੁਰੱਖਿਆ ਭਾਈਵਾਲੀ ਲਈ ਸਾਂਝੇ ਨਜ਼ਰੀਏ ਨੂੰ ਅਮਲ ’ਚ ਲਿਆਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਮੌਮੂਨ ਭਾਰਤ ਦੀ ਤਿੰਨ ਰੋਜ਼ਾ ਯਾਤਰਾ ’ਤੇ ਹਨ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਮੰਗ ’ਤੇ ਭਾਰਤ ਵੱਲੋਂ ਆਪਣੇ ਸੈਨਿਕ ਮਾਲਦੀਵ ਤੋਂ ਵਾਪਸ ਸੱਦੇ ਜਾਣ ਤੋਂ ਤਕਰਬੀਨ ਅੱਠ ਮਹੀਨੇ ਬਾਅਦ ਇਸ ਟਾਪੂਨੁਮਾ ਮੁਲਕ ਦੇ ਰੱਖਿਆ ਮੰਤਰੀ ਇੱਥੋਂ ਦੀ ਯਾਤਰਾ ’ਤੇ ਆਏ ਹਨ। ਚੀਨ ਹਮਾਇਤੀ ਮੰਨੇ ਜਾਣ ਵਾਲੇ ਮੁਇਜ਼ੂ ਦੇ ਇਸ ਕਦਮ ਮਗਰੋਂ ਭਾਰਤ-ਮਾਲਦੀਵ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਬਿਆਨ ’ਚ ਕਿਹਾ ਗਿਆ, ‘ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਭਾਰਤ-ਮਾਲਦੀਵ ਆਰਥਿਕ ਤੇ ਸਮੁੰਦਰੀ ਸੁਰੱਖਿਆ ਭਾਈਵਾਲੀ ਦੇ ਸਾਂਝੇ ਨਜ਼ਰੀਏ ਨੂੰ ਅਮਲ ’ਚ ਲਿਆ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ।’ ਬਿਆਨ ਅਨੁਸਾਰ ਰਾਜਨਾਥ ਸਿੰਘ ਨੇ ਮਾਲਦੀਵ ਨੂੰ ਰੱਖਿਆ ਤਿਆਰੀਆਂ ਲਈ ਸਮਰੱਥਾ ’ਚ ਵਾਧੇ ’ਚ ਸਹਿਯੋਗ ਦੇਣ ਲਈ ਭਾਰਤ ਤਿਆਰ ਹੈ। ਇਸ ’ਚ ਮਾਲਦੀਵ ਦੀਆਂ ਕੌਮੀ ਤਰਜੀਹਾਂ ਅਨੁਸਾਰ ਤੇ ਭਾਰਤ ਦੀ ‘ਗੁਆਂਢੀ ਪਹਿਲਾਂ’ ਦੀ ਨੀਤੀ ਅਨੁਸਾਰ ਉਸ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਸ਼ਾਮਲ ਹੈ। -ਪੀਟੀਆਈ