For the best experience, open
https://m.punjabitribuneonline.com
on your mobile browser.
Advertisement

ਭਾਰਤ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ: ਮੋਦੀ

06:57 AM Dec 09, 2023 IST
ਭਾਰਤ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ  ਮੋਦੀ
ਦੇਹਰਾਦੂਨ ਵਿੱਚ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਨ੍ਹਾਂ ਨਾਲ ਹਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ। -ਫੋਟੋ: ਪੀਟੀਆਈ
Advertisement

ਦੇਹਰਾਦੂਨ, 8 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਦੌਰਾਨ ਮੁਲਕ ਅਗਲੇ ਕੁਝ ਸਾਲਾਂ ’ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਲਈ ਤਿਆਰ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਉੱਤਰਾਖੰਡ ਦੀ ਵੱਖ ਵੱਖ ਸੈਕਟਰਾਂ ’ਚ ਅਸੀਮਤ ਸਮਰੱਥਾ ਦਾ ਲਾਹਾ ਲੈਂਦਿਆਂ ਉਸ ਨੂੰ ਮੌਕਿਆਂ ’ਚ ਤਬਦੀਲ ਕਰਨ। ਉਨ੍ਹਾਂ ਕਿਹਾ, ‘‘ਭਾਰਤੀ ਕੰਪਨੀਆਂ ਅਤੇ ਨਿਵੇਸ਼ਕਾਂ ਲਈ ਇਹ ਸਹੀ ਸਮਾਂ ਹੈ। ਭਾਰਤ ਕੁਝ ਹੀ ਸਾਲਾਂ ’ਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਲਈ ਤਿਆਰ ਹੈ। ਮੇਰੇ ਤੀਜੇ ਕਾਰਜਕਾਲ ’ਚ ਅਜਿਹਾ ਹੋਣਾ ਤੈਅ ਹੈ।’’ ਇਥੇ ਜੰਗਲਾਤ ਖੋਜ ਇੰਸਟੀਚਿਊਟ ’ਚ ਉੱਤਰਾਖੰਡ ਆਲਮੀ ਨਿਵੇਸ਼ਕ ਸੰਮੇਲਨ ਦੇ ਉਦਘਾਟਨ ਮਗਰੋਂ ਉਹ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਅਧਿਆਤਮ ਅਤੇ ਵਿਕਾਸ ਦਾ ਸੁਮੇਲ ਹੈ। ‘ਕੁਦਰਤ, ਸੱਭਿਆਚਾਰ, ਵਿਰਾਸਤ-ਉੱਤਰਾਖੰਡ ’ਚ ਸਭ ਕੁਝ ਹੈ। ਤੁਸੀਂ ਉਸ ਦਾ ਲਾਹਾ ਲੈਂਦਿਆਂ ਮੌਕਿਆਂ ’ਚ ਤਬਦੀਲ ਕਰਨਾ ਹੈ।’
ਕੇਦਾਰਨਾਥ ਦੇ ਦੌਰੇ ਸਮੇਂ ਦਿੱਤੇ ਗਏ ਆਪਣੇ ਬਿਆਨ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਸਦੀ ਦਾ ਤੀਜਾ ਦਹਾਕਾ ਉੱਤਰਾਖੰਡ ਦਾ ਹੈ ਅਤੇ ਇਹ ਭਵਿੱਖਬਾਣੀ ਸੱਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਅਭਿਲਾਸ਼ੀ ਭਾਰਤ ਦਾ ਉਭਾਰ ਦੇਖਿਆ ਗਿਆ ਹੈ। ਮੋਦੀ ਨੇ ਮਹਿਲਾਵਾਂ ਦੇ ਸਵੈ-ਸਹਾਇਤਾ ਗਰੁੱਪਾਂ ਦੀ ਆਮਦਨ ਵਧਾਉਣ ਲਈ ਬ੍ਰਾਂਡ ‘ਹਾਊਸ ਆਫ਼ ਹਿਮਾਲਿਆਜ਼’ ਦੀ ਵੀ ਸ਼ੁਰੂਆਤ ਕੀਤੀ। ਬ੍ਰਾਂਡ ਦੀ ਸ਼ੁਰੂਆਤ ਲਈ ਸੂਬਾ ਸਰਕਾਰ ਨੂੰ ਵਧਾਈ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਵੋਕਲ ਫਾਰ ਲੋਕਲ ਅਤੇ ਲੋਕਲ ਤੋਂ ਗਲੋਬਲ ਦੀ ਧਾਰਨਾ ਨੂੰ ਪੂਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੋ ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਉਨ੍ਹਾਂ ਦਾ ਅਹਿਦ ਆਉਂਦੇ ਸਮੇਂ ’ਚ ਪੂਰਾ ਹੋ ਜਾਵੇਗਾ।
ਸੰਮੇਲਨ ’ਚ 2.5 ਲੱਖ ਕਰੋੜ ਰੁਪਏ ਦੇ ਸਮਝੌਤਿਆਂ (ਐੱਮਓਯੂ) ’ਤੇ ਦਸਤਖ਼ਤ ਹੋਣੇ ਸਨ ਪਰ ਇਸ ਟੀਚੇ ਨੂੰ ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਰ ਕਰ ਲਿਆ ਗਿਆ। ਹੁਣ ਤੱਕ ਤਿੰਨ ਲੱਖ ਕਰੋੜ ਰੁਪਏ ਦੇ ਐੱਮਓਯੂ ਹੋ ਚੁੱਕੇ ਹਨ। ਨਿਵੇਸ਼ਕ ਸੰਮੇਲਨ ਲਈ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੰਡਨ, ਬਰਮਿੰਘਮ, ਦੁਬਈ ਅਤੇ ਅਬੂ ਧਾਬੀ ’ਚ ਰੋਡ ਸ਼ੋਅ ਕੀਤੇ ਸਨ। -ਪੀਟੀਆਈ

Advertisement

ਲੋਕਾਂ ਤੋਂ ਲੁੱਟਿਆ ਇਕ-ਇਕ ਪੈਸਾ ਮੋੜਨਾ ਪਵੇਗਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿਰੋਧੀ ਧਿਰ ਨੂੰ ਘੇਰਦਿਆਂ ਕਿਹਾ ਹੈ ਕਿ ਇਹ ‘ਮੋਦੀ ਦੀ ਗਾਰੰਟੀ’ ਹੈ ਕਿ ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਮੋੜਿਆ ਜਾਵੇਗਾ। ਮੋਦੀ ਨੇ ‘ਐਕਸ’ ’ਤੇ ਇਨਕਮ ਟੈਕਸ ਵਿਭਾਗ ਦੀ ਰਿਪੋਰਟ ਨੂੰ ਨੱਥੀ ਕੀਤਾ ਹੈ ਜਿਸ ’ਚ ਝਾਰਖੰਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਨਾਲ ਜੁੜੇ ਇਕ ਕਾਰੋਬਾਰੀ ਗਰੁੱਪ ਦੇ ਵੱਖ ਵੱਖ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ’ਚ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਦਾ ਜ਼ਿਕਰ ਹੈ। ਉਨ੍ਹਾਂ ਆਪਣੀ ਪੋਸਟ ’ਚ ਕਈ ਇਮੋਜੀ ਦੀ ਵਰਤੋਂ ਕਰਦਿਆਂ ਕਿਹਾ,‘‘ਦੇਸ਼ਵਾਸੀ ਕਰੰਸੀ ਨੋਟਾਂ ਦੇ ਇਨ੍ਹਾਂ ਬੰਡਲਾਂ ਵੱਲ ਦੇਖਣ ਅਤੇ ਫਿਰ ਇਨ੍ਹਾਂ (ਕਾਂਗਰਸ) ਆਗੂਆਂ ਦੇ ਇਮਾਨਦਾਰੀ ਬਾਰੇ ਭਾਸ਼ਨ ਸੁਣੋ। ਲੋਕਾਂ ਤੋਂ ਲੁੱਟਿਆ ਗਿਆ ਇਕ-ਇਕ ਪੈਸਾ ਮੋੜਨਾ ਹੋਵੇਗਾ। ਇਹ ਮੋਦੀ ਦੀ ਗਾਰੰਟੀ ਹੈ।’’ ਰਿਪੋਰਟ ’ਚ ਕਈ ਅਲਮਾਰੀਆਂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ ਜਿਸ ’ਚ ਨੋਟਾਂ ਦੇ ਬੰਡਲ ਭਰੇ ਹੋਏ ਹਨ। -ਪੀਟੀਆਈ

Advertisement

ਦੇਸ਼ ਨੇ ਤਕਨਾਲੋਜੀ ਰਾਹੀਂ ਕੁਝ ਹੀ ਸਾਲਾਂ ’ਚ ਬਹੁਤ ਕੁਝ ਹਾਸਲ ਕੀਤਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਆਪਣੇ ਨਾਗਰਿਕਾਂ ਨੂੰ ਮਜ਼ਬੂਤ ਬਣਾਉਣ ਲਈ ਮਸਨੂਈ ਬੌਧਿਕਤਾ (ਏਆਈ) ਦੇ ਖੇਤਰ ’ਚ ਇਕ ਵੱਡੀ ਪੁਲਾਂਘ ਪੁੱਟਣ ਦੀ ਕੋਸ਼ਿਸ਼ ’ਚ ਹੈ। ਉਨ੍ਹਾਂ ਕਿਹਾ ਕਿ ਇਹ ਆਖਣਾ ਗਲਤ ਨਹੀਂ ਹੋਵੇਗਾ ਕਿ ਤਕਨਾਲੋਜੀ ਰਾਹੀਂ ਦੇਸ਼ ਨੇ ਕੁਝ ਹੀ ਸਾਲਾਂ ’ਚ ਉਹ ਹਾਸਲ ਕਰ ਲਿਆ ਹੈ ਜਿਸ ਨੂੰ ਹਾਸਲ ਕਰਨ ’ਚ ਬਾਕੀਆਂ ਨੂੰ ਇਕ ਪੀੜ੍ਹੀ ਲੱਗ ਗਈ ਸੀ। ‘ਲਿੰਕਡਇਨ’ ’ਤੇ ਇਕ ਪੋਸਟ ’ਚ ਉਨ੍ਹਾਂ ਲੋਕਾਂ ਨੂੰ ਏਆਈ ਤੇ ਆਲਮੀ ਭਾਈਵਾਲੀ ਸਿਖਰ ਸੰਮੇਲਨ 2023 ਦਾ ਸੱਦਾ ਦਿੱਤਾ। ਸੰਮੇਲਨ ਨੂੰ ਮੋਦੀ ਨੇ ਏਆਈ ਅਤੇ ਨਵੀਆਂ ਕਾਢਾਂ ’ਚ ਪ੍ਰਗਤੀ ਦਾ ਜਸ਼ਨ ਮਨਾਉਣ ਵਾਲਾ ਦਿਲ ਖਿੱਚਵਾਂ ਪ੍ਰੋਗਰਾਮ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਏਆਈ ਦੇ ਵਿਕਾਸ ’ਚ ਪੂਰੀ ਸਰਗਰਮੀ ਨਾਲ ਯੋਗਦਾਨ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਸਿਹਤ ਸੇਵਾਵਾਂ ਵਧੇਰੇ ਆਸਾਨ ਬਣਾਉਣ ਅਤੇ ਖੇਤੀ ਸੈਕਟਰ ’ਚ ਵਧੇਰੇ ਜਾਣਕਾਰੀ ਉਪਲੱਬਧ ਕਰਾਉਣ ਦੇ ਟੀਚਿਆਂ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਦੇਸ਼ ਵੱਖ ਵੱਖ ਸਾਰਥਕ ਉਦੇਸ਼ਾਂ ਲਈ ਏਆਈ ਦੀ ਵਰਤੋਂ ਕਰ ਰਿਹਾ ਹੈ। -ਪੀਟੀਆਈ

Advertisement
Author Image

Advertisement