ਭਾਰਤ 15 ਮਾਰਚ ਤੱਕ ਆਪਣੇ ਸੈਨਿਕ ਵਾਪਸ ਸੱਦੇ: ਮਾਲਦੀਵ
ਮਾਲੇ: ਮਾਲਦੀਵਜ਼ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਆਪਣੀਆਂ ਫੌਜਾਂ ਉਨ੍ਹਾਂ ਦੇ ਮੁਲਕ ਵਿੱਚੋਂ ਵਾਪਸ ਸੱਦਣ ਲਈ ਕਿਹਾ ਹੈ। ਮਾਲੇ ਨੇ ਦੇਸ਼ ਵਿਚੋਂ ਭਾਰਤੀ ਫੌਜ ਦੀ ਵਾਪਸੀ ਸਬੰਧੀ ਰਸਮੀ ਮੰਗ ਦੋ ਮਹੀਨੇ ਪਹਿਲਾਂ ਕੀਤੀ ਸੀ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵਜ਼ ਵਿੱਚ 88 ਭਾਰਤੀ ਫੌਜੀ ਮੌਜੂਦ ਹਨ। ‘ਸਨ’ ਆਨਲਾਈਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਦਫ਼ਤਰ ਵਿੱਚ ਪਬਲਿਕ ਪਾਲਿਸੀ ਸਕੱਤਰ ਅਬਦੁੱਲਾ ਨਜ਼ੀਮ ਇਬਰਾਹਿਮ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਕਿ ਰਾਸ਼ਟਰਪਤੀ ਮੁਇਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਆਪਣੀਆਂ ਫੌਜਾਂ ਮਾਲਦੀਵਜ਼ ਵਿੱਚੋਂ ਵਾਪਸ ਸੱਦਣ ਬਾਰੇ ਰਸਮੀ ਤੌਰ ’ਤੇ ਆਖ ਦਿੱਤਾ ਹੈ। ਇਬਰਾਹਿਮ ਨੇ ਕਿਹਾ, ‘‘ਭਾਰਤੀ ਫੌਜ ਦਾ ਅਮਲਾ ਮਾਲਦੀਵਜ਼ ਵਿੱਚ ਨਹੀਂ ਰਹਿ ਸਕਦਾ। ਇਹ ਰਾਸ਼ਟਰਪਤੀ ਡਾ.ਮੁਹੰਮਦ ਮੁਇਜ਼ੂ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਾਲਿਸੀ ਹੈ।’’ ਮਾਲਦੀਵਜ਼ ਤੇ ਭਾਰਤ ਨੇ ਫੌਜਾਂ ਦੀ ਵਾਪਸੀ ਨੂੰ ਲੈ ਕੇ ਗੱਲਬਾਤ ਕਰਨ ਲਈ ਉੱਚ ਪੱਧਰੀ ਕੋਰ ਗਰੁੱਪ ਬਣਾਇਆ ਸੀ। ਇਸ ਗਰੁੱਪ ਦੀ ਪਹਿਲੀ ਬੈਠਕ ਅੱਜ ਸਵੇਰੇ ਮਾਲੇ ਵਿੱਚ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰਜ਼ ਵਿੱਚ ਹੋਈ। ਰਿਪੋਰਟ ਮੁਤਾਬਕ ਬੈਠਕ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮੁੰਨੂ ਮਹਾਵਰ ਵੀ ਸ਼ਾਮਲ ਹੋਏ। ਨਜ਼ੀਮ ਨੇ ਬੈਠਕ ਦੀ ਪੁਸ਼ਟੀ ਕਰਦਿਆਂ ਕਿਹਾ ਕਿ 15 ਮਾਰਚ ਤੱਕ ਫੌਜ ਦੀ ਵਾਪਸੀ ਬਾਰੇ ਅਪੀਲ ਇਸ (ਬੈਠਕ) ਦਾ ਏਜੰਡਾ ਸੀ। ਉੱਧਰ ਭਾਰਤ ਸਰਕਾਰ ਨੇ ਮੀਡੀਆ ਰਿਪੋਰਟ ਵਿੱਚ ਕੀਤੇ ਦਾਅਵਿਆਂ ਦੀ ਅਜੇ ਤੱਕ ਪੁਸ਼ਟੀ ਨਹੀਂਂ ਕੀਤੀ ਤੇ ਨਾ ਹੀ ਕੋਈ ਟਿੱਪਣੀ ਕੀਤੀ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ 17 ਨਵੰਬਰ ਨੂੰ ਮਾਲਦੀਵਜ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਮੁਇਜ਼ੂ, ਜਿਨ੍ਹਾਂ ਨੂੰ ਚੀਨ ਦੇ ਨੇੜੇ ਮੰਨਿਆ ਜਾਂਦਾ ਹੈ, ਨੇ ਭਾਰਤ ਨੂੰ ਆਪਣੀਆਂ ਫੌਜਾਂ ਮਾਲਦੀਵਜ਼ ਵਿਚੋਂ ਹਟਾਉਣ ਸਬੰਧੀ ਰਸਮੀ ਅਪੀਲ ਕੀਤੀ ਸੀ। ਮੁਇਜ਼ੂ ਨੇ ਕਿਹਾ ਸੀ ਕਿ ਮਾਲਦੀਵਜ਼ ਦੇ ਲੋਕਾਂ ਨੇ ਨਵੀਂ ਦਿੱਲੀ ਨੂੰ ਇਹ ਅਪੀਲ ਕਰਨ ਲਈ ਉਨ੍ਹਾਂ ਨੂੰ ‘ਵੱਡਾ ਫ਼ਤਵਾ’ ਦਿੱਤਾ ਹੈ। ਭਾਰਤੀ ਫੌਜ ਨੂੰ ਵਾਪਸ ਬੁਲਾਉਣ ਦੀ ਇਹ ਅਪੀਲ ਅਜਿਹੇ ਮੌਕੇ ਕੀਤੀ ਗਈ ਹੈ ਜਦੋਂ ਮੁਇਜ਼ੂ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਕਰਕੇ ਦੋਵਾਂ ਮੁਲਕਾਂ ਵਿੱਚ ਵਿਵਾਦ ਸਿਖਰ ’ਤੇ ਹੈ। -ਪੀਟੀਆਈ