ਭਾਰਤ-ਥਾਈਲੈਂਡ ਦੇ ਵਿਦੇਸ਼ ਮੰਤਰੀਆਂ ਵੱਲੋਂ ਬਹੁ-ਪੱਖੀ ਸਹਿਯੋਗ ਬਾਰੇ ਚਰਚਾ
ਨਵੀਂ ਦਿੱਲੀ, 2 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਥਾਈਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਮੈਰਿਸ ਸਾਂਗਿਆਮਪੋਂਗਸਾ ਨੇ ਅੱਜ ਦਿੱਲੀ ਵਿੱਚ ਮੀਟਿੰਗ ਦੌਰਾਨ ਦੁਵੱਲੇ ਸਬੰਧਾਂ, ਬਹੁਪੱਖੀ ਸਹਿਯੋਗ ਅਤੇ ਖੇਤਰੀ ਵਿਕਾਸ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ ਕਿ ‘ਰੌਇਲ ਕਥਿਨਾ’ ਸਮਾਰੋਹ ਲਈ ਸਾਂਗਿਆਮਪੋਂਗਸਾ ਦਾ ਦੌਰਾ ਦੋਵੇਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਇਤਿਹਾਸਕ ਅਤੇ ਸਭਿਆਚਾਰਕ ਸਬੰਧਾਂ ਦੀ ਉਦਹਾਰਨ ਹੈ।’’ ‘ਰੌਇਲ ਕਥਿਨਾ’ ਇਕ ਰਵਾਇਤੀ ਬੌਧਿਕ ਸਮਾਰੋਹ ਹੈ। ਥਾਈਲੈਂਡ ਦੇ ਵਿਦੇਸ਼ ਮੰਤਰੀ ਐਤਵਾਰ ਨੂੰ ਭਾਰਤ ਤੋਂ ਰਵਾਨਾ ਹੋਣਗੇ।
ਜੈਸ਼ੰਕਰ ਨੇ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ, ‘‘ਅੱਜ ਦਿੱਲੀ ਵਿੱਚ ਥਾਈਲੈਂਡ ਦੇ ਵਿਦੇਸ਼ ਮੰਤਰੀ ਨੂੰ ਮਿਲ ਕੇ ਖੁਸ਼ੀ ਹੋਈ।’’ ਸਾਂਗਿਆਮਪੋਂਗਸਾ ‘ਬਿਮਸਟੈੱਕ’ (ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਪਹਿਲ) ਵਿਦੇਸ਼ ਮੰਤਰੀਆਂ ਦੇ ਪ੍ਰੋਗਰਾਮ ਵਾਸਤੇ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ’ਤੇ 11 ਜੁਲਾਈ ਨੂੰ ਨਵੀਂ ਦਿੱਲੀ ਆਏ ਸਨ ਅਤੇ 13 ਜੁਲਾਈ ਤੱਕ ਇੱਥੇ ਰਹੇ ਸਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ। -ਪੀਟੀਆਈ
ਜੈਸ਼ੰਕਰ 3 ਤੋਂ 8 ਨਵੰਬਰ ਤੱਕ ਆਸਟਰੇਲੀਆ ਤੇ ਸਿੰਗਾਪੁਰ ਦੌਰੇ ’ਤੇ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 3 ਤੋਂ 8 ਨਵੰਬਰ ਤੱਕ ਆਸਟਰੇਲੀਆ ਅਤੇ ਸਿੰਗਾਪੁਰ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਦੋਵੇਂ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ ਤੇ ਆਸੀਆਨ ਦੇ ਅੱਠਵੇਂ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਨਗੇ। ਜੈਸ਼ੰਕਰ ਕੈਨਬਰਾ ਵਿੱਚ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਵਿਦੇਸ਼ ਮੰਤਰੀਆਂ ਦੇ 15ਵੇਂ ‘ਫਰੇਮਵਰਕ ਡਾਇਲਾਗ’ (ਐੱਫਐੱਮਐੱਫਡੀ) ਦੀ ਸਹਿ-ਪ੍ਰਧਾਨਗੀ ਕਰਨਗੇ। ਉਹ 8 ਨਵੰਬਰ ਨੂੰ ਸਿੰਗਾਪੁਰ ਜਾਣਗੇ।