ਜਲਵਾਯੂ ਚੁਣੌਤੀਆਂ ਦੇ ਹੱਲ ਵਿੱਚ ਯੋਗਦਾਨ ਪਾ ਸਕਦੇ ਨੇ ਭਾਰਤ-ਸਵੀਡਨ
ਨਵੀਂ ਦਿੱਲੀ, 22 ਦਸੰਬਰ
ਸਵੀਡਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਅਤੇ ਸਵੀਡਨ ਜਲਵਾਯੂ ਪੱਖੀ ਸਨਅਤੀ ਪ੍ਰਕਿਰਿਆਵਾਂ ਤੇ ਨਵੀਨੀਕਰਨ ਊਰਜਾ ਦੇ ਹੱਲ ਰਾਹੀਂ ਜਲਵਾਯੂ ਸਬੰਧੀ ਆਲਮੀ ਚੁਣੌਤੀਆਂ ਦਾ ਨਿਬੇੜਾ ਕਰਨ ’ਤੇ ਧਿਆਨ ਕੇਂਦਰਤ ਕਰਦਿਆਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ। ਸਵੀਡਨ ਸਫ਼ਾਰਤਖਾਨੇ ਅਤੇ ‘ਬਿਜ਼ਨਸ ਸਵੀਡਨ’ ਦੇ ਅਧਿਕਾਰੀਆਂ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਜਲਵਾਯੂ ਪੱਖੀ ਪ੍ਰਕਿਰਿਆਵਾਂ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਅਤੇ ਨਵੀਆਂ ਕਾਢਾਂ ਦੀ ਸਾਂਝੀ ਸਮਰੱਥਾ ’ਤੇ ਜ਼ੋਰ ਦਿੱਤਾ। ਸਵੀਡਨ ਦੇ ਸਫ਼ਾਰਤਖਾਨੇ ਦੇ ਮਿਸ਼ਨ ਉਪ ਮੁਖੀ ਕ੍ਰਿਸਟੀਅਨ ਕਾਮਿਲ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਹਰਿਤ ਤਕਨਾਲੋਜੀਆਂ ’ਚ ਮੋਹਰੀ ਹੈ ਜਦਕਿ ਭਾਰਤ ’ਚ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਰਲ ਕੇ ਹਰਿਤ ਹਾਈਡਰੋਜਨ, ਕਾਰਬਨ ਨਿਕਾਸੀ ਅਤੇ ਹੋਰ ਤਕਨਾਲੋਜੀਆਂ ’ਚ ਖੋਜ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਵਾ ਅਤੇ ਸੂਰਜੀ ਊਰਜਾ ’ਚ ਵੱਡੇ ਪੱਧਰ ’ਤੇ ਨਿਵੇਸ਼ ਨਾਲ ਇਸ ਹਿੱਸੇਦਾਰੀ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ