ਭਾਰਤ ਸੰਤੁਲਤ ਰਿਸ਼ਤੇ ਬਣਾਉਣ ਦੀ ਥਾਂ ਯੂਕਰੇਨ ਨਾਲ ਖੜ੍ਹੇ: ਜ਼ੇਲੈਂਸਕੀ
ਅਜੈ ਬੈਨਰਜੀ
ਨਵੀਂ ਦਿੱਲੀ, 24 ਅਗਸਤ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਨੂੰ ਆਪਣੀ ਕੂਟਨੀਤੀ ਵਿਚ ਬਦਲਾਅ ਦਾ ਸੁਝਾਅ ਦਿੰਦਿਆਂ ਕਿਹਾ ਕਿ ਕੀਵ ਤੇ ਮਾਸਕੋ ਨਾਲ ਆਪਣੇ ਰਿਸ਼ਤਿਆਂ ਵਿਚ ‘ਤਵਾਜ਼ਨ’ ਬਿਠਾਉਣ ਦੀ ਥਾਂ ਨਵੀਂ ਦਿੱਲੀ ਹਕੀਕੀ ਰੂਪ ਵਿਚ ਯੂਕਰੇਨ ਨਾਲ ਖੜ੍ਹਾ ਨਜ਼ਰ ਆਏ। ਜ਼ੇਲੈਂਸਕੀ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੂਕਰੇਨੀ ਰਾਜਧਾਨੀ ਵਿਚ ਮੁਲਾਕਾਤ ਮਗਰੋਂ ਭਾਰਤੀ ਪੱਤਰਕਾਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਯੂਕਰੇਨੀ ਸਦਰ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਮੁਲਕ (ਭਾਰਤ) ਤਕੜਾ ਹੋ ਕੇ ਸਾਡੇ ਵਾਲੇ ਪਾਸੇ ਖੜ੍ਹੇ ਤੇ ਇਹ ਸਾਡੇ ਤੇ ਰੂਸ ਦਰਮਿਆਨ ਮਹਿਜ਼ ਤਵਾਜ਼ਨ ਬਣਾਉਣ ਤੱਕ ਸੀਮਤ ਨਾ ਹੋਵੇ। ਇਹ ਉਸ ‘ਇਤਿਹਾਸਕ ਚੋਣ’ ਬਾਰੇ ਨਹੀਂ ਹੈ, ਜੋ ਤੁਹਾਨੂੰ ਕਰਨੀ ਚਾਹੀਦੀ ਹੈ।’’ ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੰਘੇ ਦਿਨ ਕੀਵ ਵਿਚ ਕਿਹਾ ਸੀ ਕਿ ਯੂਕਰੇਨ-ਰੂਸ ਟਕਰਾਅ ਬਾਰੇ ਭਾਰਤ ‘ਨਿਊਟਰਲ’ ਨਹੀਂ ਹੈ ਤੇ ਨਾ ਹੀ ਇਸ ਮਸਲੇ ਨੂੰ ਮੂਕ ਦਰਸ਼ਕ ਵਜੋਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਹਮੇਸ਼ਾ ਅਮਨ ਵਾਲੇ ਪਾਸੇ ਰਿਹਾ ਹੈ।
ਜ਼ੇਲੈਂਸਕੀ ਨੇ ਮਾਸਕੋ ਵੱਲੋਂ ਬੱਚਿਆਂ ਦੇ ਹਸਪਤਾਲ ’ਤੇ ਕੀਤੇ ਮਿਜ਼ਾਈਲ ਹਮਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ ਮਹੀਨੇ ਰੂਸ ਗਏ ਸਨ ਤੇ ਹਸਪਤਾਲ ’ਤੇ ਹਮਲੇ ਦੀ ਘਟਨਾ ਸ੍ਰੀ ਮੋਦੀ ਦੀ ਤਜਵੀਜ਼ਤ ਫੇਰੀ ਤੋਂ ਇਕ ਦਿਨ ਪਹਿਲਾਂ ਦੀ ਹੈ। ਯੂਕਰੇਨੀ ਸਦਰ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ‘ਭਾਰਤ ਜਾਂ ਉਸ ਦੇ ਆਗੂ ਦਾ ਵੀ ਸਤਿਕਾਰ ਨਹੀਂ ਕੀਤਾ।’ ਜ਼ੇਲੈਂਸਕੀ ਨੇ ਕਿਹਾ, ‘‘ਜੇ ਤੁਸੀਂ ਪ੍ਰਧਾਨ ਮੰਤਰੀ ਦੀ ਸਰਕਾਰੀ ਫੇਰੀ ਦੌਰਾਨ ਹਸਪਤਾਲ ਵਿਚ ਬੱਚਿਆਂ ’ਤੇ ਹਮਲਾ ਕਰਦੇ ਹੋ... ਇਸ ਦਾ ਮਤਲਬ ਹੈ ਕਿ ਉਹ (ਪੂਤਿਨ) ਭਾਰਤੀ ਪ੍ਰਧਾਨ ਮੰਤਰੀ ਦਾ ਸਤਿਕਾਰ ਨਹੀਂ ਕਰਦਾ।’’ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵੱਲੋਂ ਖ਼ਰੀਦੇ ਜਾਂਦੇ ਕੱਚੇ ਤੇਲ ਦੇ ਸਿਰ ’ਤੇ ਮਾਸਕੋ ਦਾ ਅਰਥਚਾਰਾ ਚੱਲ ਰਿਹਾ ਹੈ। ਯੂਕਰੇਨ-ਰੂਸ ਜੰਗ ਰੋਕਣ ਲਈ ਭਾਰਤ ਵੱਲੋਂ ਆਪਣਾ ਅਸਰ ਰਸੂਖ਼ ਵਰਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿਚ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ ਦਾ ‘ਆਲਮੀ ਪੱਧਰ ’ਤੇ ਅਸਰ ਰਸੂਖ ਹੈ ਤੇ ਰੂਸੀ ਅਰਥਚਾਰੇ ’ਤੇ ਵੀ ਬਹੁਤ ਵੱਡਾ ਪ੍ਰਭਾਵ ਹੈ।’’ ਰਾਸ਼ਟਰਪਤੀ ਨੇ ਕਿਹਾ, ‘‘ਜੰਗ ਸ਼ੁਰੂ ਹੋਣ ਮਗਰੋਂ ਰੂਸ ਲਈ ਬਹੁਤ ਸਾਰੀਆਂ ਬਰਾਮਦੀ ਸੰਭਾਵਨਾਵਾਂ ਬੰਦ ਹੋ ਗਈਆਂ, ਪਰ ਭਾਰਤ (ਵਪਾਰ ਲਈ) ਖੁੱਲ੍ਹਾ ਹੈ। ਇਸ ਨਾਲ ਅਰਬਾਂ ਡਾਲਰ ਦੀ ਕਮਾਈ ਹੋ ਰਹੀ ਹੈ, ਤੇ ਇਹ ਫੰਡ ਅੱਗੇ ਰੂਸੀ ਫੌਜ ਦੀ ਮਦਦ ਲਈ ਕੰਮ ਆ ਰਹੇ ਹਨ... ਅਧਿਕਾਰਤ ਤੌਰ ’ਤੇ ਇਹ ਅਰਥਚਾਰੇ ਦੀ ਲੜਾਈ ਹੈ। ਪੂਤਿਨ ਕੋਲ ਵੇਚਣ ਲਈ ਤੇਲ ਤੋਂ ਛੁੱਟ ਹੋਰ ਕੁਝ ਨਹੀਂ ਹੈ।’’
ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਸ੍ਰੀ ਮੋਦੀ ਨਾਲ ਯੂਕਰੇਨ ਸ਼ਾਂਤੀ ਵਾਰਤਾ ਦੇ ਚੋਖਟੇ ਬਾਰੇ ਵੀ ਗੱਲਬਾਤ ਕੀਤੀ ਤੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦਾ ਮੁਲਕ ਆਪਣਾ ਇਕ-ਤਿਹਾਈ ਇਲਾਕਾ ਗੁਆਉਣ ਜਿਹਾ ਕੋਈ ਸਮਝੌਤਾ ਨਹੀਂ ਕਰੇਗਾ। ਫ਼ੌਜੀ ਸਾਜ਼ੋ-ਸਾਮਾਨ ਬਾਰੇ ਸ੍ਰੀ ਮੋਦੀ ਨਾਲ ਕੋਈ ਚਰਚਾ ਹੋਣ ਤੇ ਇਸ ਬਾਰੇ ਯੂਕਰੇਨ ਦੇ ਸਟੈਂਡ ਬਾਰੇ ਪੁੱਛਣ ’ਤੇ ਜ਼ੇਲੈਂਸਕੀ ਨੇ ਕਿਹਾ, ‘‘ਅਸੀਂ ਦੋਵਾਂ ਬਾਜ਼ਾਰਾਂ ਲਈ ਮਿਲ ਕੇ ਉਤਪਾਦਨ ਲਈ ਤਿਆਰ ਹਾਂ।
ਜੰਗ ਮਗਰੋਂ ਇਹ ਦਸ ਗੁਣਾ ਹੋ ਸਕਦਾ ਹੈ। ਅਸੀਂ ਭਾਰਤ ਆਉਣਾ ਚਾਹੁੰਦੇ ਹਾਂ। ਜੇ ਭਾਰਤ ਤਿਆਰ ਹੈ ਤਾਂ ਅਸੀਂ ਕਿਸੇ ਵੱਡੇ ਸੌਦੇ ਲਈ ਤਿਆਰ ਹਾਂ।’’ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਵਿਚ ਰੂਸ ਦੀ ਨਿਖੇਧੀ ਲਈ ਪੇਸ਼ ਮਤੇ ਉੱਤੇ ਭਾਰਤ ਦੀ ਹਮਾਇਤ ਨਾ ਮਿਲਣ ਤੋਂ ਨਾਖ਼ੁਸ਼ ਹਨ, ਪਰ ਉਨ੍ਹਾਂ ਨੂੰ ਨਵੀਂ ਦਿੱਲੀ ਨਾਲ ਮਜ਼ਬੂਤ ਰਿਸ਼ਤਿਆਂ ਦੀ ਆਸ ਹੈ।
ਮਾਸਕੋ ਅਤੇ ਕੀਵ ਨੇ ਇੱਕ-ਦੂਜੇ ਦੇ ਜੰਗੀ ਕੈਦੀ ਛੱਡੇ
ਕੀਵ: ਰੂਸੀ ਹਮਲੇ ਮਗਰੋਂ ਯੂਕਰੇਨ ਅੱਜ ਜਦੋਂ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਤਾਂ ਦੋਵੇਂ ਮੁਲਕਾਂ ਨੇ ਇਕ-ਦੂਜੇ ਦੇ 115-115 ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਯੂਕਰੇਨ ਨੇ ਕਿਹਾ ਕਿ ਜਿਹੜੇ ਕੈਦੀ ਛੱਡੇ ਗਏ ਹਨ, ਉਹ ਰੂਸ ਵੱਲੋਂ ਜੰਗ ਦੇ ਪਹਿਲੇ ਮਹੀਨੇ ’ਚ ਹੀ ਬੰਦੀ ਬਣਾ ਲਏ ਗਏ ਸਨ। ਇਨ੍ਹਾਂ ’ਚੋਂ ਕਰੀਬ 50 ਜਵਾਨ ਰੂਸੀ ਫੌਜ ਨੇ ਮਾਰੀਓਪੋਲ ਦੇ ਅਜ਼ੋਵਸਤਾਲ ਸਟੀਲਵਰਕਸ ਤੋਂ ਫੜੇ ਸਨ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਕੁਰਸਕ ਖ਼ਿੱਤੇ ’ਚ ਫੜੇ ਗਏ 115 ਰੂਸੀ ਜਵਾਨ ਇਸ ਸਮੇਂ ਬੇਲਾਰੂਸ ’ਚ ਹਨ ਪਰ ਉਨ੍ਹਾਂ ਨੂੰ ਇਲਾਜ ਅਤੇ ਮੁੜ ਵਸੇਬੇ ਲਈ ਛੇਤੀ ਰੂਸ ਲਿਆਂਦਾ ਜਾਵੇਗਾ। -ਵੇਰਵੇ ਸਫਾ 9 ’ਤੇ