ਭਾਰਤ ਨੂੰ ਪਾਕਿ ਨਾਲ ਸੜਕੀ ਰਸਤੇ ਦੁਵੱਲਾ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ: ਸਿਮਰਨਜੀਤ ਸਿੰਘ ਮਾਨ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 1 ਅਪਰੈਲ
ਭਾਰਤ ਨੂੰ ਪਾਕਿਸਤਾਨ ਨਾਲ ਸੜਕੀ ਰਸਤੇ ਵਾਹਗਾ ਸਰਹੱਦ ਰਾਹੀਂ ਦੁਵੱਲਾ ਵਪਾਰ ਸ਼ੁਰੂ ਕਰਨਾ ਚਾਹੀਦਾ ਹੈ। ਅਜਿਹਾ ਹੋਣ ਨਾਲ ਦੋਵੇਂ ਦੇਸ਼ਾਂ ਦੇ ਲੋਕ ਖ਼ੁਸ਼ਹਾਲ ਹੋਣਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸਥਾਨਕ ਦਾਣਾ ਮੰਡੀ ’ਚ ਪਾਰਟੀ ਵੱਲੋਂ ਕਰਵਾਈ ਗਈ ਇਫ਼ਤਾਰ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਪੱਤਰਕਾਰ ਮਿਲਣੀ ਦੌਰਾਨ ਕਹੀ। ਸ੍ਰੀ ਮਾਨ ਨੇ ਕਿਹਾ ਕਿ ਦੇਸ਼ ਦੀ ਸੱਤਾ ਮੁੜ ਹਥਿਆਉਣ ਲਈ ਭਾਜਪਾ ਹਿੰਦੂਤਵ ਦੇ ਨਾਂ ’ਤੇ ਦੇਸ਼ ’ਚ ਵੋਟਾਂ ਦਾ ਧਰੁਵੀਕਰਨ ਕਰ ਰਹੀ ਹੈ ,ਜੋ ਦੇਸ਼ ਦੇ ਹਿੱਤ ’ਚ ਨਹੀਂ। ਭਾਜਪਾ ਨੂੰ ਦੇਸ਼ ’ਚ ਧਾਰਮਿਕ ਪਾੜਾ ਪਾ ਕੇ ਵੋਟਾਂ ਲੈਣ ਦੀ ਬਜਾਏ ਗੰਗਾ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਜਪਾ ਵਿਰੋਧੀ ਧਿਰਾਂ ਦੀ ਅਵਾਜ਼ ਦਬਾਉਣ ਲਈ ਈ.ਡੀ. ਅਤੇ ਹੋਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਫ਼ਤਿਹ) ਨਾਲ ਮੁੜ ਰਲੇਵੇਂ ਜਾਂ ਚੋਣ ਸਮਝੌਤੇ ਦੀ ਫ਼ਿਲਹਾਲ ਅਜੇ ਕੋਈ ਸੰਭਾਵਨਾ ਨਹੀਂ। ਇਸ ਮੌਕੇ ਗੋਬਿੰਦ ਸਿੰਘ ਸੰਧੂ, ਅਵਤਾਰ ਸਿੰਘ ਚੱਕ, ਬਲਜਿੰਦਰ ਸਿੰਘ ਲਸੋਈ, ਹਰਦੇਵ ਸਿੰਘ ਪੱਪੂ ਕਲਿਆਣ, ਕਮਲਜੀਤ ਸਿੰਘ, ਪਰਮਿੰਦਰ ਸਿੰਘ ਫੌਜੇਵਾਲ,ਬਿੱਟੂ ਚੌਹਾਨ, ਮੁਹੰਮਦ ਫਾਰੂਕ,ਅੰਜੁਮਨ ਆਫ਼ਤਾਬ, ਸਰਪੰਚ ਗੁਰਮੁਖ ਸਿੰਘ ਫਰਵਾਲੀ ਆਦਿ ਵੀ ਹਾਜ਼ਰ ਸਨ।