ਭਾਰਤ ਤੇ ਕੈਨੇਡਾ ਨੇ ਇਕ-ਦੂਜੇ ਦੇ ਛੇ-ਛੇ ਡਿਪਲੋਮੈਟ ਕੱਢੇ
ਨਵੀਂ ਦਿੱਲੀ/ਓਟਵਾ, 14 ਅਕਤੂਬਰ
ਕੈਨੇਡਾ ਵੱਲੋਂ ਨਿੱਝਰ ਹੱਤਿਆ ਮਾਮਲੇ ਵਿਚ ਭਾਰਤ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਇਸ ਦੌਰਾਨ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਇਹ ਕਾਰਵਾਈ ਪੁਲੀਸ ਵੱਲੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਭਾਰਤੀ ਡਿਪਲੋਮੈਟ ਭਾਰਤ ਸਰਕਾਰ ਦੀ ਉਨ੍ਹਾਂ ਦੇ ਦੇਸ਼ ਵਿਚ ਹਿੰਸਾ ਦੀ ਮੁਹਿੰਮ ਦਾ ਹਿੱਸਾ ਸਨ। ਇਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਕੈਨੇਡਾ ਦੇ ਭਾਰਤ ਵਿਚ ਤਾਇਨਾਤ ਛੇ ਡਿਪਲੋਮੈਟਾਂ ਨੂੰ 19 ਅਕਤੂਬਰ ਤਕ ਦੇਸ਼ ਛੱਡਣ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ ਸਿੱਖ ਆਗੂ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਵੱਲੋਂ ਭਾਰਤੀ ਸਫੀਰ ਤੋਂ ਪੁੱਛ ਪੜਤਾਲ ਬਾਰੇ ਆਖੇ ਜਾਣ ਤੋਂ ਬਾਅਦ ਭਾਰਤ ਨੇ ਅੱਜ ਕੈਨੇਡਾ ਦੇ ਦੇਸ਼ (ਭਾਰਤ) ਵਿਚ ਤਾਇਨਾਤ ਇੰਚਾਰਜ ਨੂੰ ਤਲਬ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਟਰੂਡੋ ਸਰਕਾਰ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ। ਇਸ ਤੋਂ ਇਲਾਵਾ ਭਾਰਤ ਨੇ ਕੈਨੇਡਾ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਦੇਸ਼ ਵਾਪਸ ਸੱਦ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੈਨੇਡਾ ਦੀ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀਂ ਹੈ।
ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਵਰਮਾ ਤੇ ਹੋਰ ਕੂਟਨੀਤਕਾਂ ਤੋਂ ਨਿੱਝਰ ਮਾਮਲੇ ਵਿਚ ਪੁੱਛ-ਪੜਤਾਲ ਕਰਨ ਬਾਰੇ ਟਰੂਡੋ ਸਰਕਾਰ ਦੀ ਬੇਨਤੀ ਖਾਰਜ ਕਰ ਦਿੱਤੀ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ਨਿਰਾਧਾਰ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਹ ਕਾਰਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੋਟ ਬੈਂਕ ਸਿਆਸਤ ਦਾ ਹਿੱਸਾ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਸਰਕਾਰ ਇਕ ਖਾਸ ਭਾਈਚਾਰੇ ਦੀ ਵੋਟ ਲੈਣ ਲਈ ਅਜਿਹਾ ਕਰ ਰਹੀ ਹੈ ਜਿਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨੇ ਇਸ ਸਬੰਧੀ ਕੋਈ ਸਬੂਤ ਵੀ ਸਾਂਝੇ ਨਹੀਂ ਕੀਤੇ।