ਭਾਰਤ ਪਾਕਿਸਤਾਨ ਰਿਸ਼ਤੇ ਅਤੇ ਘਰੋਗੀ ਹਾਲਾਤ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ 15-16 ਅਕਤੂਬਰ ਨੂੰ ਪਾਕਿਸਤਾਨ ਜਾ ਰਹੇ ਹਨ ਪਰ ਇਸ ਦੌਰਾਨ ਪਿਛਲੇ ਦਸ ਸਾਲਾਂ ਤੋਂ ਯਖ਼ ਹੋ ਚੁੱਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੋਈ ਗਰਮਾਹਟ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇੰਨੀ ਕੁ ਗੱਲ ਤਾਂ ਮੰਤਰੀ ਨੇ ਆਪ ਹੀ ਸਪੱਸ਼ਟ ਕਰ ਦਿੱਤੀ ਹੈ ਤੇ ਨਾਲ ਹੀ ਆਪਣੇ ਦੌਰੇ ਦਾ ਕੋਈ ਦੁਵੱਲਾ ਏਜੰਡਾ ਹੋਣ ਦੀ ਸੰਭਾਵਨਾ ਨੂੰ ਵੀ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਇਹ ਦੌਰਾ ਬਹੁਧਿਰੀ ਸਮਾਗਮ ਲਈ ਹੈ। ਮੈਂ ਉੱਥੇ ਭਾਰਤ-ਪਾਕਿ ਰਿਸ਼ਤਿਆਂ ਬਾਰੇ ਚਰਚਾ ਕਰਨ ਨਹੀਂ ਜਾ ਰਿਹਾ। ਐੱਸਸੀਓ ਦਾ ਚੰਗਾ ਮੈਂਬਰ ਹੋਣ ਦੇ ਨਾਤੇ ਮੈਂ ਉੱਥੇ ਮੌਜੂਦ ਰਹਾਂਗਾ।”
ਇਸੇ ਕਿਸਮ ਦਾ ਬਿਆਨ ਮਈ 2023 ਵਿੱਚ ਗੋਆ ਵਿੱਚ ਐੱਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਆਉਣ ਤੋਂ ਪਹਿਲਾਂ ਉਸ ਵੇਲੇ ਦੇ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵਲੋਂ ਦਿੱਤਾ ਗਿਆ ਸੀ: “ਮੀਟਿੰਗ ਵਿੱਚ ਹਾਜ਼ਰ ਹੋਣ ਦਾ ਮੇਰਾ ਫ਼ੈਸਲਾ ਐੱਸਸੀਓ ਦੇ ਚਾਰਟਰ ਪ੍ਰਤੀ ਪਾਕਿਸਤਾਨ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ... ਖ਼ਾਸ ਤੌਰ ’ਤੇ ਐੱਸਸੀਓ ਲਈ ਹੋਣ ਵਾਲੇ ਇਸ ਦੌਰੇ ਦੌਰਾਨ ਮੈਨੂੰ ਦੋਸਤਾਨਾ ਮੁਲਕਾਂ ਦੇ ਮੇਰੇ ਹਮਰੁਤਬਾਵਾਂ ਨਾਲ ਉਸਾਰੂ ਵਿਚਾਰ ਵਟਾਂਦਰਾ ਹੋਣ ਦੀ ਪੂਰੀ ਉਮੀਦ ਹੈ।”
ਕੁਝ ਵੀ ਹੋਵੇ, ਭਾਰਤ ਅਤੇ ਪਾਕਿਸਤਾਨ ਦੇ ਕਿਸੇ ਵੀ ਟਾਕਰੇ ਜਾਂ ਇੱਥੋਂ ਤੱਕ ਕਿ ਗ਼ੈਰ-ਟਾਕਰੇ ਵੇਲੇ ਦੀ ਤਹਿਰੀਰ ਵਿੱਚ ਹੀ ਦੁਵੱਲੇ ਰਿਸ਼ਤਿਆਂ ਦਾ ਡਰਾਮਾ ਲਿਖਿਆ ਜਾਂਦਾ ਹੈ। ਗੋਆ ਵਿੱਚ ਵੀ ਜ਼ਰਦਾਰੀ ਅਤੇ ਜੈਸ਼ੰਕਰ ਇੱਕ ਵੀ ਸ਼ਬਦ ਦੀ ਸਾਂਝ ਪਾਏ ਬਗ਼ੈਰ ਹੀ ਆਹਮੋ-ਸਾਹਮਣੇ ਆ ਗਏ ਸਨ। ਇਸਲਾਮਾਬਾਦ ਵਿੱਚ ਵੀ ਕੁਝ ਇਹੋ ਜਿਹਾ ਹੋਣ ਦੇ ਆਸਾਰ ਹਨ। ਜੈਸ਼ੰਕਰ ਨੇ ਇੱਕ ਦਿਨ ਦਾਅਵਾ ਕੀਤਾ ਸੀ ਕਿ “ਉਹ ਸੱਭਿਅਕ ਅਤੇ ਮਿਲਣਸਾਰ ਸ਼ਖ਼ਸ ਹਨ ਅਤੇ ਇੰਝ ਹੀ ਵਿਹਾਰ ਕਰਦੇ ਰਹਿਣਗੇ।”
ਇਹ ਗੱਲ ਤਾਂ ਮੰਨਣੀ ਪੈਣੀ ਹੈ ਕਿ ਉਹ ਦਿਲਜੀਤ ਦੁਸਾਂਝ ਨਹੀਂ ਬਣ ਸਕਦੇ ਜਿਸ ਨੇ ਆਪਣੇ ਯੂਰੋਪੀਅਨ ਦੌਰੇ ਮੌਕੇ ਪਾਕਿਸਤਾਨੀ ਗਾਇਕਾ ਹਾਨੀਆ ਆਮਿਰ ਨੂੰ ਸਟੇਜ ’ਤੇ ਸੱਦ ਕੇ ਪਾਕਿਸਤਾਨੀਆਂ ਦੇ ਦਿਲ ਜਿੱਤ ਲਏ ਸਨ। ਐਤਕੀਂ ਜੇ ਜੈਸ਼ੰਕਰ ਆਪਣੇ ਖ਼ਾਸ ਅੰਦਾਜ਼ ਵਿੱਚ ਪਾਕਿਸਤਾਨ ਨੂੰ ਰਗੜਾ ਲਾਏ ਬਗ਼ੈਰ ਹੀ ਪਰਤ ਆਉਂਦੇ ਹਨ ਤਾਂ ਦੇਸ਼ ਅੰਦਰ ਉਨ੍ਹਾਂ ਨੂੰ ਤੋਏ-ਤੋਏ ਕਰਾਉਣੀ ਪੈ ਜਾਵੇਗੀ। ਆਖਿ਼ਰਕਾਰ, ਨਾ ਕੇਵਲ ਹੁਣ ਸਗੋਂ ਪਿਛਲੇ ਕਈ ਸਾਲਾਂ ਤੋਂ ਭਾਰਤ-ਪਾਕਿਸਤਾਨ ਕੂਟਨੀਤੀ ਹੋਰ ਰਹਿ ਵੀ ਕੀ ਗਈ ਹੈ; ਭਾਵ, ਘਰੋਗੀ ਤਮਾਸ਼ਬੀਨਾਂ ਲਈ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਦੀ ਵਿਉਂਤੀ ਗਈ ਪੇਸ਼ਕਾਰੀ। ਇਸੇ ਲਈ ਪਿਛਲੇ ਸਾਲ ਗੋਆ ਵਿੱਚ ਜੈਸ਼ੰਕਰ ਵੱਲੋਂ ਪਾਕਿਸਤਾਨੀ ਮੰਤਰੀ ਨੂੰ ਬੁਲਾਈ ਗਈ ‘ਨਮਸਤੇ’ ਨੂੰ ਮੀਡੀਆ ਕਵਰੇਜ ਵਿੱਚ ਦਰਸਾਇਆ ਗਿਆ ਕਿ “ਜੈਸ਼ੰਕਰ ਨੇ ਜ਼ਰਦਾਰੀ ਨੂੰ ਉੱਕਾ ਤਵੱਜੋ ਨਹੀਂ ਦਿੱਤੀ।”
ਭਾਰਤ ਅਤੇ ਪਾਕਿਸਤਾਨ ਹੁਣ ਅਜਿਹੇ ਮੁਕਾਮ ’ਤੇ ਪਹੁੰਚ ਗਏ ਹਨ ਜਿੱਥੇ ਜੇ ਉਹ ਆਹਮੋ-ਸਾਹਮਣੇ ਬਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਰਨਾ ਵੀ ਚਾਹੁਣ ਤਾਂ ਉਹ ਆਪੋ-ਆਪਣੇ ਘਰੇਲੂ ਹਲਕਿਆਂ ਦੀ ਨਾਰਾਜ਼ਗੀ ਦੇ ਡਰੋਂ ਕੁਝ ਨਹੀਂ ਕਰ ਸਕਣਗੇ। ਇਹ ਇੱਕ ਤਰ੍ਹਾਂ ਦਾ ਜਮੂਦ ਹੈ ਜਿਸ ਨੂੰ ਦੂਰਅੰਦੇਸ਼ੀ ਅਤੇ ਸਿਆਸੀ ਇੱਛਾ ਨਾਲ ਹੀ ਤੋਡਿ਼ਆ ਜਾ ਸਕਦਾ ਹੈ। 2016-17 ਵਿੱਚ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਅੰਦਰਖਾਤੇ ਰਾਬਤੇ ਅਤੇ ਯੂਏਈ ਦੇ ਦਾਅਵੇ ਮੁਤਾਬਿਕ ਉਸ ਵੱਲੋਂ 2020-21 ਵਿੱਚ ਕੀਤੀ ਗਈ ਸਾਲਸੀ ਤੋਂ ਪਤਾ ਲੱਗਿਆ ਸੀ ਕਿ ਦੋਵੇਂ ਧਿਰਾਂ ਗੱਲਬਾਤ ਦੀਆਂ ਇੱਛੁਕ ਹਨ। ਜਿਵੇਂ ਫਰਵਰੀ 2021 ਵਿੱਚ ਇਸ ਪ੍ਰਕਿਰਿਆ ਵਿੱਚ ਪੇਸ਼ਕਦਮੀ ਹੋਈ ਜਦੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਅਸਲ ਕੰਟਰੋਲ ਰੇਖਾ ਉੱਪਰ ਦੋ ਦਹਾਕਿਆਂ ਤੋਂ ਚਲੀ ਆ ਰਹੀ ਗੋਲੀਬੰਦੀ ਲਈ ਵਚਨਬੱਧਤਾ ਦ੍ਰਿੜਾਈ ਸੀ ਤਾਂ ਹਾਲਾਤ ਇੱਕ ਵਾਰ ਫਿਰ ਅਟਕ ਗਏ ਕਿਉਂਕਿ ਇਸ ਪ੍ਰਕਿਰਿਆ ਨੂੰ ਜੱਗ-ਜ਼ਾਹਿਰ ਕਰਨ ਦੀ ਲੋੜ ਬਣ ਗਈ ਸੀ।
ਅਤੀਤ ਦੇ ਸਬਕ ਬਹੁਤੇ ਕਾਰਆਮਦ ਨਹੀਂ ਹੋ ਸਕੇ। ਕਈ ਸਾਲਾਂ ਤੱਕ ਚੱਲੇ ਅੰਦਰਖਾਤੇ ਰਾਬਤਿਆਂ ਅਤੇ 9/11 ਸਾਕੇ ਤੋਂ ਬਾਅਦ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਵੱਡੀ ਤਬਦੀਲੀ ਤੋਂ ਬਾਅਦ 2004 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੌਰਾ ਹੋਇਆ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਸ ਰਾਬਤੇ ਨੂੰ ਜਾਰੀ ਰੱਖਿਆ ਪਰ 2008 ਦੇ ਮੁੰਬਈ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਮੁੜ ਸੁਧਾਰ ਨਾ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਬਤਾ ਹਫ਼ਤਾ ਕੁ ਹੀ ਠਹਿਰ ਸਕਿਆ ਜਦੋਂ ਉਨ੍ਹਾਂ ਕ੍ਰਿਸਮਸ ਵਾਲੇ ਦਿਨ ਦਿੱਲੀ ਪਰਤਦਿਆਂ ਲਾਹੌਰ ਮੁਕਾਮ ਕੀਤਾ; ਫਿਰ ਜੈਸ਼-ਏ-ਮੁਹੰਮਦ ਵੱਲੋਂ ਪਠਾਨਕੋਟ ’ਚ ਹਮਲਾ ਕੀਤਾ ਗਿਆ ਸੀ।
ਦਸ ਸਾਲ ਪਹਿਲਾਂ ਜੋ ਗਤੀਮਾਨ ਸੀ, ਉਹ ਅੱਜ ਬਦਲ ਚੁੱਕੇ ਹਨ। ਜੈਸ਼ੰਕਰ 5 ਅਗਸਤ 2019 ਨੂੰ ਛਾਂਗੇ ਗਏ ਜੰਮੂ ਕਸ਼ਮੀਰ ਵਿੱਚ ਸਫਲਤਾਪੂਰਬਕ ਚੋਣਾਂ ਕਰਾਉਣ ਤੋਂ ਬਾਅਦ ਇਸਲਾਮਾਬਾਦ ਪਹੁੰਚਣਗੇ ਹਾਲਾਂਕਿ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਦੀ ਜਿੱਤ ਨੂੰ ਦਿੱਲੀ ਅਤੇ ਮੋਦੀ ਸਰਕਾਰ ਵੱਲੋਂ ਕੀਤੀ ਗਈ ਰੱਦੋਬਦਲ ਖਿ਼ਲਾਫ਼ ਫ਼ਤਵੇ ਵਜੋਂ ਦੇਖਿਆ ਜਾ ਰਿਹਾ ਹੈ। ਉਂਝ, ਨੈਸ਼ਨਲ ਕਾਨਫਰੰਸ ਜਾਣਦੀ ਹੈ ਤੇ ਇਹ ਆਖ ਵੀ ਚੁੱਕੀ ਹੈ ਕਿ ਸਰਕਾਰ ਚਲਾਉਂਦਿਆਂ ਉਹ ਕੇਂਦਰ ਨਾਲ ਕੋਈ ਟਕਰਾਅ ਦਾ ਰਾਹ ਅਖ਼ਤਿਆਰ ਨਹੀਂ ਕਰਨਾ ਚਾਹੇਗੀ।
ਦਿੱਲੀ ਦੇ ਨੁਕਤਾ-ਨਿਗਾਹ ਤੋਂ ਪਾਕਿਸਤਾਨ ਅੰਦਰ ਚੱਲ ਰਹੀ ਉਥਲ-ਪੁਥਲ ਤੋਂ ਆਪਸੀ ਰਾਬਤੇ ਨੂੰ ਹੁਲਾਰਾ ਨਹੀਂ ਮਿਲਦਾ। ਆਮ ਸਮਿਆਂ ਵਿੱਚ ਵੀ ਇਹ ਸੁਆਲ ਪੁੱਛਿਆ ਜਾਂਦਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰ ਜਾਂ ਫ਼ੌਜ ’ਚੋਂ ਕਿਸ ਨਾਲ ਗੱਲ ਕੀਤੀ ਜਾਵੇ ਪਰ ਇਸ ਸਮੇਂ ਫ਼ੌਜ ਮੁਖੀ ਆਸਿਮ ਮੁਨੀਰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਆਪ ਸਹੇੜੀ ‘ਕਰੋ ਜਾਂ ਮਰੋ’ ਦੀ ਲੜਾਈ ਵਿੱਚ ਉਲਝੇ ਹੋਏ ਹਨ ਜਿਸ ਦੀ ਹਰਮਨਪਿਆਰਤਾ ਨਾ ਕੇਵਲ ਜਨਤਕ ਸਫ਼ਾਂ ਸਗੋਂ ਫ਼ੌਜ ਵਿੱਚ ਵੀ ਵਧ ਰਹੀ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਜੋ ਕਿਸੇ ਸਮੇਂ ਭਾਰਤ ਨਾਲ ਰਿਸ਼ਤਿਆਂ ਵਿੱਚ ਬੁਨਿਆਦੀ ਤਬਦੀਲੀ ਲਿਆ ਸਕਣ ਵਾਲੀ ਸਿਆਸੀ ਜਮਾਤ ਦੇ ਲਖਾਇਕ ਸਮਝੇ ਜਾਂਦੇ ਸਨ, ਹੁਣ ਜਨਰਲ ਮੁਨੀਰ ਦੇ ਆਸਰੇ ਦਿਨ ਕਟੀ ਲਈ ਮਜਬੂਰ ਹਨ। ਪੇਈਚਿੰਗ-ਇਸਲਾਮਾਬਾਦ ਸਬੰਧ ਪਾਕਿਸਤਾਨ ਨਾਲ ਸਬੰਧਾਂ ’ਤੇ ਭਾਰਤ ਵਿੱਚ ਦਿਨੋ-ਦਿਨ ਗਹਿਰੇ ਹੋ ਰਹੇ ਫਿ਼ਰਕੂ ਜ਼ਾਵੀਏ ਤੇ ਨਾਲ ਹੀ ਸਿੰਧ ਜਲ ਸੰਧੀ ਦੀ ਸਮੀਖਿਆ ਦੀ ਦਿੱਲੀ ਦੀ ਮੰਗ ਨਾਲ ਦੁਵੱਲੇ ਰਿਸ਼ਤੇ ਹੋਰ ਜਿ਼ਆਦਾ ਪੇਚੀਦਾ ਹੋ ਗਏ ਹਨ।
ਜਿੱਥੋਂ ਤੱਕ ਜਨਰਲ ਮੁਨੀਰ ਦਾ ਸਵਾਲ ਹੈ ਤਾਂ ਉਨ੍ਹਾਂ ਹਾਲੇ ਤੱਕ ਭਾਰਤ ਬਾਰੇ ਆਪਣੇ ਦਿਲ ਦੀ ਗੱਲ ਬਿਆਨ ਨਹੀਂ ਕੀਤੀ। ਦਿੱਲੀ ਇਹ ਗੱਲ ਦੇਖ ਅਤੇ ਮਹਿਸੂਸ ਕਰ ਸਕਦੀ ਹੈ ਕਿ ਪਾਕਿਸਤਾਨੀ ਫ਼ੌਜ ਦੀਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਇਸ ਦੇ ਅਫ਼ਗਾਨ ਤਾਲਿਬਾਨ ਸਰਪ੍ਰਸਤਾਂ ਨਾਲ ਉਲਝਣਾਂ ਅਤੇ ਬਲੋਚ ਮਿਲੀਟੈਂਸੀ ਵਿੱਚ ਉਭਾਰ ਤੇ ਇਸ ਖਿੱਚੋਤਾਣ ਵਿੱਚ ਚੀਨੀ ਨਾਗਰਿਕਾਂ ਦੇ ਫਸ ਜਾਣ ਕਰ ਕੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਜਿਹੇ ਗਰੁੱਪਾਂ ਨੂੰ ਚੁੱਪ ਕਰਾਉਣਾ ਮੁਸ਼ਕਿਲ ਹੋ ਗਿਆ ਹੈ। ‘ਫਾਸ਼ੀਵਾਦ ਖਿ਼ਲਾਫ਼ ਲੋਕ ਸ਼ਕਤੀ’ (ਪੀਐੱਫਏਐੱਫ) ਜਿਹਾ ਗਰੁਪ 2021 ਤੋਂ ਜੰਮੂ ਵਿੱਚ ਹੋ ਰਹੇ ਹਮਲਿਆਂ ਦੀ ਜਿ਼ੰਮੇਵਾਰੀ ਲੈਂਦਾ ਰਿਹਾ ਹੈ ਪਰ ਭਾਰਤੀ ਸੁਰੱਖਿਆ ਏਜੰਸੀਆਂ ਇਨ੍ਹਾਂ ਦਾ ਸਬੰਧ ਲਸ਼ਕਰ ਅਤੇ ਜੈਸ਼ ਨਾਲ ਜੋੜਦੀਆਂ ਰਹੀਆਂ ਹਨ।
ਦਿੱਲੀ ਦਾ ਵਿਸ਼ਵਾਸ ਹੈ ਕਿ ਉਹ ਸਰਹੱਦ ਪਾਰਲੀ ਦਹਿਸ਼ਤਗਰਦੀ ਦਾ ਹਰਜਾ ਝੱਲ ਸਕਦੀ ਹੈ ਅਤੇ ਦੁਵੱਲੇ ਸਬੰਧਾਂ ਨੂੰ ਠੰਢੇ ਬਸਤੇ ਵਿੱਚ ਰੱਖ ਸਕਦੀ ਹੈ ਪਰ ਇਕ ਪਲ ਲਈ ਸਕ੍ਰਿਪਟ ਪਲਟ ਕੇ ਦੇਖੋ। ਸੋਚੋ ਕਿ ਜੈਸ਼ੰਕਰ 2004 ਦੇ ਵਾਜਪਾਈ ਜਿਹਾ ਕੋਈ ਸੰਦੇਸ਼ ਲੈ ਕੇ ਜਾਣ ਕਿ ਮੋਦੀ ਨੇ ਸਾਰਕ ਸਿਖ਼ਰ ਸੰਮੇਲਨ ਜਿਸ ਦੀ ਮੇਜ਼ਬਾਨੀ ਦੀ ਇਹ 2016 ਤੋਂ ਉਡੀਕ ਕਰ ਰਿਹਾ ਹੈ, ਵਿੱਚ ਸ਼ਾਮਿਲ ਹੋਣ ਦਾ ਸੱਦਾ ਪ੍ਰਵਾਨ ਕਰ ਲਿਆ ਹੈ।
ਭਾਰਤ ਨੂੰ ਆਪਣੇ ਆਂਢ-ਗੁਆਂਢ ਦੇ ਛੋਟੇ ਮੁਲਕਾਂ ਤੋਂ ਜਿਸ ਕਦਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦਾ ਇਕ ਕਾਰਨ ਇਸ ਵੱਲੋਂ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਤਣਾਅ ਕਰ ਕੇ ਸਾਰਕ ਤੋਂ ਕੀਤੀ ਚੁੱਪ-ਚਾਪ ਕਿਨਾਰਾਕਸ਼ੀ ਵਿੱਚ ਪਿਆ ਹੈ। ਭਾਰਤ ਜਦੋਂ ਇਸ ਖਿੱਤੇ ਵਿੱਚ ਚੀਨ ਦੇ ਵਧ ਰਹੇ ਪ੍ਰਭਾਵ ਦਾ ਰੋਣਾ ਰੋਂਦਾ ਹੈ ਤਾਂ ਇਸ ਨੂੰ ਖਿੱਤੇ ਅੰਦਰ ਆਪਣੀ ਭੂਮਿਕਾ ਵੱਲ ਵੀ ਨਜ਼ਰ ਮਾਰਨ ਦੀ ਲੋੜ ਹੈ। ਹੋ ਸਕਦਾ ਹੈ ਕਿ ਸਾਰਕ ਦੇ ਸੁਰਜੀਤ ਹੋਣ ਨਾਲ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਕੋਈ ਸੁਧਾਰ ਆਵੇ ਜਾਂ ਨਾ ਆਵੇ ਪਰ ਇਸ ਨਾਲ ਦੁਵੱਲੇ ਰਾਬਤੇ ਦੇ ਮੌਕੇ ਖੁੱਲ੍ਹ ਜਾਣਗੇ, ਬਹੁਧਿਰੀ ਮੰਚਾਂ ’ਤੇ ਗੱਲਬਾਤ ਆਮ ਹੋ ਜਾਵੇਗੀ ਅਤੇ ਇਨ੍ਹਾਂ ਰਾਬਤਿਆਂ ਨੂੰ ਲੈ ਕੇ ਮੌਜੂਦਾ ਸਮਿਆਂ ਵਿੱਚ ਜੋ ਸਰਕਸ ਚੱਲ ਰਹੀ ਹੈ, ਉਹ ਘਟ ਜਾਵੇਗੀ।
ਇਨ੍ਹਾਂ ਤੋਂ ਇਲਾਵਾ ਇੱਕ ਹੋਰ ਫ਼ਾਇਦਾ ਇਹ ਵੀ ਹੋਵੇਗਾ ਕਿ ਜੇ ਭਾਰਤ ਪਾਕਿਸਤਾਨ ਨਾਲ ਰਾਬਤਾ ਬਣਾ ਲੈਂਦਾ ਤਾਂ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਰੁਕਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਨੂੰ ਦੁਨੀਆ ਨੇ ਜਿ਼ਆਦਾ ਗੰਭੀਰਤਾ ਨਾਲ ਲੈਣਾ ਸੀ ਜਿਸ ਨਾਲ ਸ਼ਾਂਤੀ ਦੀ ਉਸ ਪਹਿਲ ਨੂੰ ਵਧੇਰੇ ਮਜ਼ਬੂਤੀ ਮਿਲਦੀ।