ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨੂੰ ਚਾਬਹਾਰ ਬੰਦਰਗਾਹ ਵਰਤਣ ਦੀ ਪੇਸ਼ਕਸ਼
ਨਵੀਂ ਦਿੱਲੀ, 7 ਨਵੰਬਰ
ਭਾਰਤੀ ਵਫ਼ਦ ਨੇ ਇਕ ਅਹਿਮ ਪੇਸ਼ਕਦਮੀ ਤਹਿਤ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਮੁੱਲ੍ਹਾ ਮੁਹੰਮਦ ਯਾਕੂਬ ਨਾਲ ਮੁਲਾਕਾਤ ਕਰਕੇ ਇਰਾਨ ਵਿਚਲੀ ਆਪਣੀ ਚਾਬਹਾਰ ਬੰਦਰਗਾਹ ਕਾਰੋਬਾਰੀ ਮੰਤਵਾਂ ਲਈ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਕਾਬੁਲ ਨੂੰ ਮਾਨਵੀ ਸਹਾਇਤਾ ਦੀ ਪੇਸ਼ਕਸ਼ ਉੱਤੇ ਵੀ ਚਰਚਾ ਹੋਈ। ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਵਿਚ ਪਾਕਿਸਤਾਨ-ਅਫ਼ਗ਼ਾਨਿਸਤਾਨ-ਇਰਾਨ ਡਿਵੀਜ਼ਨ ਦੇ ਸੰਯੁਕਤ ਸਕੱਤਰ ਜੇਪੀ ਸਿੰਘ ਨੇ ਕੀਤੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹਫ਼ਤਾਵਾਰੀ ਮੀਡੀਆ ਬ੍ਰੀ਼ਫਿੰਗ ਦੌਰਾਨ ਕਿਹਾ ਕਿ ਭਾਰਤੀ ਵਫ਼ਦ ਨੇ ਯਾਕੂੁਬ ਤੋਂ ਇਲਾਵਾ ਸਾਬਕਾ ਅਫ਼ਗ਼ਾਨ ਸਦਰ ਹਾਮਿਦ ਕਰਜ਼ਈ ਅਤੇ ਹੋਰਨਾਂ ਸੀਨੀਅਰ ਮੰਤਰੀਆਂ ਦੇ ਨਾਲ ਸੰਯੁਕਤ ਰਾਸ਼ਟਰ ਏਜੰਸੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ। ਚੇਤੇ ਰਹੇ ਕਿ ਭਾਰਤ ਨੇ ਅਜੇ ਤੱਕ ਅਫ਼ਗ਼ਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਇਸ ਦੌਰਾਨ ਜੈਸਵਾਲ ਨੇ ਬੰਗਲਾਦੇਸ਼ ਦੇ ਚਿਟਗਾਂਗ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ’ਤੇ ਕਥਿਤ ਹਮਲੇ ਦੀ ਨਿਖੇਧੀ ਕੀਤੀ ਹੈ। ਭੜਕਾਊ ਸੋਸ਼ਲ ਮੀਡੀਆ ਪੋਸਟਾਂ ਮਗਰੋਂ ਬੰਗਲਾਦੇਸ਼ ਦੇ ਚਿੱਟਗਾਂਗ ਵਿਚ ਤਣਾਅ ਦੀਆਂ ਰਿਪੋਰਟਾਂ ਦਰਮਿਆਨ ਭਾਰਤ ਨੇ ਅੱਜ ਢਾਕਾ ਨੂੰ ਅਪੀਲ ਕੀਤੀ ਕਿ ਉਹ ‘ਕੱਟੜਵਾਦੀ’ ਅਨਸਰਾਂ ਖਿਲਾਫ਼ ਕਾਰਵਾਈ ਕਰੇ ਅਤੇ ਦੇਸ਼ ਵਿਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਏ। ਜੈਸਵਾਲ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਅਮਰੀਕੀ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਜਸ਼ਨ ਮਨਾ ਰਿਹਾ ਹੈ। -ਪੀਟੀਆਈ